ਵਿਜੀਲੈਂਸ ਨੇ 8 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਦਬੋਚਿਆ

03/14/2018 7:07:23 AM

ਮੋਹਾਲੀ (ਰਾਣਾ) - ਵਿਜੀਲੈਂਸ ਬਿਓਰੋ ਫਤਿਹਗੜ੍ਹ ਸਾਹਿਬ ਦੀ ਟੀਮ ਨੇ ਪਟਵਾਰ ਹਲਕਾ ਧੀਰਪੁਰ ਦੇ ਪਟਵਾਰੀ ਨੂੰ 8 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ । ਮੁਲਜ਼ਮ ਦੀ ਪਛਾਣ ਰਮੇਸ਼ ਕੁਮਾਰ ਦੇ ਰੂਪ ਵਿਚ ਹੋਈ ਹੈ । ਵਿਜੀਲੈਂਸ ਰੇਂਜ ਮੋਹਾਲੀ ਦੇ ਐੱਸ. ਐੱਸ. ਪੀ. ਪਰਮਜੀਤ ਸਿੰਘ ਵਿਰਕ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦੀ ਪੁਸ਼ਟੀ ਕੀਤੀ ਹੈ ।ਐੱਸ. ਐੱਸ. ਪੀ. ਨੇ ਦੱਸਿਆ ਕਿ ਵਿਜੀਲੈਂਸ ਬਿਓਰੋ ਫਤਿਹਗੜ੍ਹ ਸਾਹਿਬ ਦੇ ਇੰਸਪੈਕਟਰ ਪਰਮਿੰਦਰ ਸਿੰਘ ਦੀ ਅਗਵਾਈ ਵਿਚ ਵਿਜੀਲੈਂਸ ਦੀ ਟੀਮ ਨੇ ਮੁਲਜ਼ਮ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਰਬਜੀਤ ਸਿੰਘ ਨਿਵਾਸੀ ਮਾਨਗੜ੍ਹ ਤਹਿਸੀਲ ਅਮਲੋਹ ਨੇ ਵਿਜੀਲੈਂਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਸੀ ।ਉਸ ਨੇ ਦੱਸਿਆ ਸੀ ਕਿ ਉਸ ਦੀ ਪਿੰਡ ਧੀਰਪੁਰ ਤਹਿਸੀਲ ਤੇ ਜ਼ਿਲਾ ਫਤਿਹਗੜ੍ਹ ਸਾਹਿਬ 'ਚ ਸਥਿਤ ਜ਼ਮੀਨ ਦਾ ਇੰਤਕਾਲ ਦਰਜ ਕਰਵਾਉਣ ਤੋਂ ਬਾਅਦ ਰਾਕੇਸ਼ ਕੁਮਾਰ ਨੇ ਉਸ ਤੋਂ ਪੈਸੇ ਮੰਗੇ ਸਨ । ਉਸ ਦੀ ਸ਼ਿਕਾਇਤ 'ਤੇ ਵਿਜੀਲੈਂਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕੀਤਾ ਸੀ ।ਇਸ ਤੋਂ ਬਾਅਦ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਮੁਲਜ਼ਮ ਨੂੰ ਪੈਸੇ ਲੈਂਦੇ ਹੋਏ ਪਟਵਾਰਖਾਨਾ ਅੱਤੇਵਾਲੀ ਦੇ ਬਾਹਰੋਂ ਰੰਗੇ ਹੱਥੀਂ ਕਾਬੂ ਕੀਤਾ ।


Related News