ਸਿੱਧੂ ਧੜੇ ਦੇ ਆਗੂਆਂ ਖ਼ਿਲਾਫ਼ ਕਾਰਵਾਈ ਮਗਰੋਂ ਮਾਲਵਿਕਾ ਸੂਦ ਦਾ ਬਿਆਨ, ਕਿਹਾ- "ਬਾਕੀਆਂ ਨੂੰ ਵੀ ਮਿਲੇਗਾ ਸਬਕ"

Sunday, Jan 28, 2024 - 05:34 AM (IST)

ਸਿੱਧੂ ਧੜੇ ਦੇ ਆਗੂਆਂ ਖ਼ਿਲਾਫ਼ ਕਾਰਵਾਈ ਮਗਰੋਂ ਮਾਲਵਿਕਾ ਸੂਦ ਦਾ ਬਿਆਨ, ਕਿਹਾ- "ਬਾਕੀਆਂ ਨੂੰ ਵੀ ਮਿਲੇਗਾ ਸਬਕ"

ਮੋਗਾ: ਕਾਂਗਰਸ ਪਾਰਟੀ ਵੱਲੋਂ ਮੋਗਾ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਸਾਬਕਾ ਵਿਧਾਇਕ ਮਹੇਸ਼ ਇੰਦਰ ਸਿੰਘ ਮੇਸ਼ੀ ਅਤੇ ਉਨ੍ਹਾਂ ਦੇ ਪੁੱਤਰ ਧਰਮਪਾਲ ਸਿੰਘ ਡੀਪੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿਰਦੇਸ਼ਾਂ 'ਤੇ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਮਹੇਸ਼ ਇੰਦਰ ਸਿੰਘ ਅਤੇ ਧਰਮਪਾਲ ਸਿੰਘ ਨੂੰ ਕਾਂਗਰਸ ਪਾਰਟੀ 'ਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਮੋਗਾ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਦੀ ਸ਼ਿਕਾਇਤ ਦੇ ਅਧਾਰ 'ਤੇ ਕੀਤੀ ਗਈ ਹੈ। ਇਸ ਕਾਰਵਾਈ ਮਗਰੋਂ ਹੁਣ ਮਾਲਵਿਕਾ ਸੂਦ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। 

ਇਹ ਖ਼ਬਰ ਵੀ ਪੜ੍ਹੋ - ਭਾਨਾ ਸਿੱਧੂ 'ਤੇ ਹੋਇਆ ਇਕ ਹੋਰ ਪਰਚਾ, ਅਬੋਹਰ ਥਾਣੇ 'ਚ ਦਰਜ ਹੋਈ FIR (ਵੀਡੀਓ)

'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਮਾਲਵਿਕਾ ਸੂਦ ਨੇ ਇਸ ਕਾਰਵਾਈ 'ਤੇ ਤਸੱਲੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਨਾਲ ਬਾਕੀ ਸਾਰਿਆਂ ਨੂੰ ਵੀ ਸਬਕ ਮਿਲੇਗਾ ਕਿ ਜੇ ਅਸੀਂ ਪਾਰਟੀ ਦੇ ਖ਼ਿਲਾਫ਼ ਚੱਲਾਂਗੇ ਤਾਂ ਸਾਡੇ ਖ਼ਿਲਾਫ਼ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਦੋਹਾਂ ਖ਼ਿਲਾਫ਼ ਪਹਿਲਾਂ ਵੀ ਬਹੁਤ ਵਾਰ ਸ਼ਿਕਾਇਤ ਦਿੱਤੀ ਸੀ। ਇਹ ਦੋਵੇਂ ਸ਼ੁਰੂ ਤੋਂ ਹੀ ਪਾਰਟੀ ਦੇ ਖ਼ਿਲਾਫ਼ ਕੰਮ ਕਰਦੇ ਰਹੇ ਹਨ। ਚੋਣਾਂ ਦੌਰਾਨ ਵੀ ਇਨ੍ਹਾਂ ਨੇ ਮੇਰੇ ਖ਼ਿਲਾਫ਼ ਕੰਮ ਕੀਤਾ ਤੇ ਪਾਰਟੀ ਦੇ ਖ਼ਿਲਾਫ਼ ਕੰਮ ਕਰਦਿਆਂ ਦੂਜੀ ਪਾਰਟੀ ਨੂੰ ਵੋਟਾਂ ਪਵਾਈਆਂ। ਉਨ੍ਹਾਂ ਨੇ ਇਸ ਗੱਲ ਦੇ ਸਬੂਤ ਵੀ ਹਾਈਕਮਾਨ ਨੂੰ ਸੌਂਪੇ ਸਨ। 

ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਹੋਏ ਗੈਂਗਰੇਪ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਬਾਰੀ 'ਚੋਂ ਲੁਕ ਕੇ ਬਣਾਈ ਗਈ ਸੀ ਵੀਡੀਓ

ਨਵਜੋਤ ਸਿੰਘ ਸਿੱਧੂ ਬਾਰੇ ਪੁੱਛੇ ਜਾਣ 'ਤੇ ਮਾਲਵਿਕਾ ਸੂਦ ਨੇ ਕਿਹਾ ਕਿ ਨਵਜੋਤ ਸਿੰਘ ਬਹੁਤ ਸੀਨੀਅਰ ਆਗੂ ਹਨ, ਇਸ ਲਈ ਮੈਂ ਉਨ੍ਹਾਂ ਖ਼ਿਲਾਫ਼ ਕੁਝ ਨਹੀਂ ਕਹਿ ਸਕਦੀ। ਮੋਗਾ ਵਿਚ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀ ਗਈ ਰੈਲੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਸ ਲਈ ਮੈਨੂੰ ਜਾਂ ਕਿਸੇ ਵੀ ਪੁਰਾਣੇ ਕਾਂਗਰਸੀ ਆਗੂ ਜਾਂ ਸਪਰਪੰਚ ਨੂੰ ਸੱਦਾ ਨਹੀਂ ਦਿੱਤਾ ਗਿਆ। ਇਹ ਰੈਲੀ ਮਹੇਸ਼ ਇੰਦਰ ਸਿੰਘ ਮੇਸ਼ੀ ਅਤੇ ਧਰਮਪਾਲ ਸਿੰਘ ਡੀਪੀ ਵੱਲੋਂ ਆਪਣੇ ਪੈਰ ਜਮਾਉਣ ਲਈ ਕੀਤੀ ਗਈ ਸੀ। ਜੇਕਰ ਇਹ ਕਾਂਗਰਸ ਦੀ ਰੈਲੀ ਸੀ ਤਾਂ ਇਸ ਵਿਚ ਕਾਂਗਰਸੀਆਂ ਨੂੰ ਬੁਲਾਉਣਾ ਚਾਹੀਦਾ ਸੀ। ਅਸੀਂ ਸਾਰੇ ਮਿੱਲ ਕੇ ਇਸ ਲਈ ਕੰਮ ਕਰਦੇ। 

ਇਹ ਖ਼ਬਰ ਵੀ ਪੜ੍ਹੋ - 'ਆਪ' ਨੇ ਖਿੱਚੀ ਲੋਕਸਭਾ ਚੋਣਾਂ ਦੀ ਤਿਆਰੀ, ਪੰਜਾਬ 'ਚ ਵੱਡੇ ਪੱਧਰ 'ਤੇ ਕੀਤੀ ਅਹੁਦੇਦਾਰਾਂ ਦੀ ਨਿਯੁਕਤੀ, ਪੜ੍ਹੋ List

ਕਾਂਗਰਸ ਪਾਰਟੀ ਅੰਦਰਲੇ ਕਾਟੋ-ਕਲੇਸ਼ ਬਾਰੇ ਪੁੱਛੇ ਜਾਣ 'ਤੇ ਮਾਲਵਿਕਾ ਸੂਦ ਨੇ ਕਿਹਾ ਕਿ ਪਾਰਟੀ ਅੰਦਰ ਅਨੁਸ਼ਾਸਨ ਜ਼ਰੂਰੀ ਹੈ। ਸੀਨੀਅਰ ਆਗੂਆਂ ਦੀ ਆਪਸੀ ਲੜਾਈ ਦਾ ਚੋਣਾਂ ਵਿਚ ਨੁਕਸਾਨ ਹੁੰਦਾ ਹੈ। ਪਿਛਲੀਆਂ ਚੋਣਾਂ ਵਿਚ ਵੀ ਜਦੋਂ ਅਸੀਂ ਪ੍ਰਚਾਰ ਕਰਨ ਲਈ ਲੋਕਾਂ ਵਿਚ ਜਾਂਦੇ ਸੀ ਤਾਂ ਲੋਕ ਸੀਨੀਅਰ ਲੀਡਰਾਂ ਵੱਲੋਂ ਦਿੱਤੇ ਬਿਆਨਾਂ ਬਾਰੇ ਪੁਛਦੇ ਸਨ। ਉਨ੍ਹਾਂ ਹਾਈਕਮਾਨ ਨੂੰ ਅਪੀਲ ਕੀਤੀ ਕਿ ਇਨ੍ਹਾਂ ਮਸਲਿਆਂ ਨੂੰ ਸੁਲਝਾਇਆ ਜਾਵੇ ਤਾਂ ਜੋ ਹੋਰ ਕੋਈ ਇਸ ਆਪਸੀ ਲੜਾਈ ਦਾ ਫ਼ਾਇਦਾ ਨਾ ਲੈ ਸਕੇ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News