ਮਲੂਕਾ ਨੇ ਦੇਸ਼ ਦੀ ਖੇਡ ਨੀਤੀ ’ਤੇ ਚੁੱਕੇ ਸਵਾਲ, ਕਿਹਾ-ਕ੍ਰਿਕਟ ਦੇ ਨਾਲ ਦੂਜੀਆਂ ਖੇਡਾਂ ਨੂੰ ਵੀ ਉਤਸ਼ਾਹਿਤ ਕਰੇ ਸਰਕਾਰ
Tuesday, Nov 02, 2021 - 05:30 PM (IST)
ਭਗਤਾ ਭਾਈ (ਢਿੱਲੋਂ)-ਦੇਸ਼ ਦੇ ਖੇਡ ਨੀਤੀਘਾੜਿਆਂ ਨੂੰ ਸਿਰ ਜੋੜ ਬੈਠਣ ਦੀ ਜ਼ਰੂਰਤ ਹੈ ਤੇ ਕ੍ਰਿਕਟ ਦੇ ਨਾਲ-ਨਾਲ ਦੂਜੀਆਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਹਨ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਪੰਚਾਇਤ ਮੰਤਰੀ ਅਤੇ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਦੁਬਈ ਵਿਖੇ ਚੱਲ ਰਹੇ ਕ੍ਰਿਕਟ ਦੇ ਟੀ-20 ਵਿਸ਼ਵ ਕੱਪ ’ਚ ਭਾਰਤੀ ਟੀਮ ਦੀ ਪਾਕਿਸਤਾਨ ਅਤੇ ਨਿਊਜ਼ੀਲੈਂਡ ਹੱਥੋਂ ਹੋਈ ਸ਼ਰਮਨਾਕ ਹਾਰ ’ਤੇ ਗੱਲਬਾਤ ਕਰਦਿਆਂ ਕੀਤਾ। ਮਲੂਕਾ ਨੇ ਕਿਹਾ ਕਿ ਕਿਸੇ ਵੀ ਖੇਡ ਨੂੰ ਹਮੇਸ਼ਾ ਖੇਡ ਭਾਵਨਾ ਨਾਲ ਤੇ ਦੇਸ਼ ਪ੍ਰਤੀ ਜਜ਼ਬੇ ਨਾਲ ਖੇਡਣਾ ਚਾਹੀਦਾ ਹੈ। ਜਿੱਤ-ਹਾਰ ਹਰ ਖੇਡ ਦਾ ਹਿੱਸਾ ਹੁੰਦੀ ਹੈ ਤੇ ਜਿੱਤ-ਹਾਰ ਨੂੰ ਹਮੇਸ਼ਾ ਖਿੜੇ ਮੱਥੇ ਸਵੀਕਾਰ ਕਰਨਾ ਚਾਹੀਦਾ ਹੈ। ਮਲੂਕਾ ਨੇ ਕਿਹਾ ਕਿ ਪਾਕਿਸਤਾਨ ਤੇ ਨਿਊਜ਼ੀਲੈਂਡ ਨਾਲ ਹੋਏ ਮੈਚਾਂ ’ਚ ਭਾਰਤੀ ਟੀਮ ਦੇ ਖਿਡਾਰੀਆਂ ’ਚ ਜਜ਼ਬੇ ਅਤੇ ਜੋਸ਼ ਦੀ ਕਮੀ ਸਾਫ਼ ਨਜ਼ਰ ਆ ਰਹੀ ਸੀ। ਦੋਵਾਂ ਮੁਕਾਬਲਿਆਂ ’ਚ ਇਕਤਰਫ਼ਾ ਸ਼ਰਮਨਾਕ ਹਾਰ ਨੂੰ ਹਜ਼ਮ ਕਰਨਾ ਔਖਾ ਹੈ। ਵੱਡੀਆਂ ਹਾਰਾਂ ’ਤੇ ਪੜਚੋਲ ਕਰਨ ਦੀ ਲੋੜ ਹੁੰਦੀ ਹੈ। ਮਲੂਕਾ ਨੇ ਕਿਹਾ ਕਿ ਅਸਲ ’ਚ ਆਈ.ਪੀ.ਐੱਲ. ਨੇ ਕ੍ਰਿਕਟ ਦੀ ਖੇਡ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਖੇਡ ਦੇ ਵਪਾਰੀਕਰਨ ਹੋਣ ਨਾਲ ਖੇਡ ਭਾਵਨਾ ਤੇ ਜਜ਼ਬੇ ਨੂੰ ਢਾਅ ਲੱਗੀ ਹੈ । ਵੱਡੇ-ਵੱਡੇ ਘਰਾਣਿਆਂ ਦੇ ਕ੍ਰਿਕਟ ਨਾਲ ਜੁੜਨ ਨਾਲ ਖਿਡਾਰੀ ਅਰਬਪਤੀ ਹੋ ਗਏ ਹਨ ਤੇ ਖਿਡਾਰੀਆਂ ’ਚ ਦੇਸ਼ ਦੀ ਟੀਮ ਵਿਚ ਜਗ੍ਹਾ ਬਣਾਉਣ ਅਤੇ ਦੇਸ਼ ਲਈ ਖੇਡਣ ਦੀ ਭਾਵਨਾ ਖ਼ਤਮ ਹੁੰਦੀ ਜਾ ਰਹੀ ਹੈ।
ਇਹ ਵੀ ਪੜ੍ਹੋ : ਇਟਲੀ ਤੋਂ ਆਈ ਦੁੱਖਦਾਈ ਖ਼ਬਰ : ਨਵਜੰਮੇ ਪੁੱਤ ਦੀ ਪਾਰਟੀ ਮਨਾ ਰਹੇ ਪੰਜਾਬੀ ਨੌਜਵਾਨ ਦੀ ਲੜਾਈ ਦੌਰਾਨ ਮੌਤ
ਇਸ ਤੋਂ ਇਲਾਵਾ ਵੱਡੇ ਘਰਾਂ ਵੱਲੋਂ ਖੇਡ ਤੋਂ ਪਹਿਲਾਂ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਲਏ ਜਾਣ ਵਾਲੇ ਕਈ ਫ਼ੈਸਲਿਆਂ ਨਾਲ ਖੇਡ ਭਾਵਨਾ ਪ੍ਰਭਾਵਿਤ ਹੁੰਦੀ ਹੈ। ਮਲੂਕਾ ਨੇ ਕਿਹਾ ਕਿ ਦੇਸ਼ ਦੇ ਖੇਡ ਨੀਤੀਘਾੜਿਆਂ ਨੂੰ ਚਾਹੀਦਾ ਹੈ ਕਿ ਕ੍ਰਿਕਟ ਦੇ ਨਾਲ-ਨਾਲ ਦੂਜੀਆਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੀ ਯੋਜਨਾਵਾਂ ਉਲੀਕੀਆਂ ਜਾਣ। ਇਕ ਪਾਸੇ ਕ੍ਰਿਕਟ ਦੇ ਖਿਡਾਰੀ ਦਿਨੋ-ਦਿਨ ਅਮੀਰ ਹੁੰਦੇ ਜਾ ਰਹੇ ਹਨ, ਦੂਜੇ ਪਾਸੇ ਫੁੱਟਬਾਲ, ਹਾਕੀ, ਕਬੱਡੀ ਤੇ ਹੋਰ ਖੇਡਾਂ ਨਾਲ ਜੁੜੇ ਹੋਏ ਖਿਡਾਰੀ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਹਨ। ਦੇਸ਼ ਦੇ ਇਲੈਕਟ੍ਰੋਨਿਕ ਮੀਡੀਆ ਨੂੰ ਵੀ ਕ੍ਰਿਕਟ ਦੇ ਨਾਲ-ਨਾਲ ਦੂਜੀਆਂ ਖੇਡਾਂ ਨੂੰ ਉਤਸ਼ਾਹਿਤ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਇਲੈਕਟ੍ਰੋਨਿਕ ਮੀਡੀਆ ਆਪਣੇ ਆਰਥਿਕ ਹਿੱਤ ਪੂਰਨ ਲਈ ਸਿਰਫ਼ ਅਤੇ ਸਿਰਫ਼ ਕ੍ਰਿਕਟ ਦਾ ਪ੍ਰਚਾਰ ਕਰਦਾ ਹੈ। ਬੇਸ਼ੱਕ ਦੇਸ਼ ਦੀ ਕ੍ਰਿਕਟ ਦੀ ਟੀਮ ਨੇ ਕਈ ਵੱਡੀਆਂ ਜਿੱਤਾਂ ਦਰਜ ਕਰ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ ਪਰ ਦੂਜੀਆਂ ਖੇਡਾਂ ਦੇ ਪਤਨ ਦੀ ਕੀਮਤ ’ਤੇ ਸਾਨੂੰ ਕ੍ਰਿਕਟ ਮਨਜ਼ੂਰ ਨਹੀਂ । ਕ੍ਰਿਕਟ ਦੇ ਮੈਚ ਤੋਂ ਪਹਿਲਾਂ ਮੀਡੀਆ ਵੱਲੋਂ ਵੱਡੇ ਪੱਧਰ ’ਤੇ ਪ੍ਰਚਾਰ ਅਤੇ ਜਿੱਤ ਦੇ ਦਾਅਵੇ ਕਰ ਦਿੱਤੇ ਜਾਂਦੇ ਹਨ। ਅਜਿਹੇ ਪ੍ਰਚਾਰ ਨਾਲ ਖਿਡਾਰੀਆਂ ’ਤੇ ਮਾਨਸਿਕ ਦਬਾਅ ਵਧਣ ਦੇ ਨਾਲ-ਨਾਲ ਖੇਡ ਵੀ ਪ੍ਰਭਾਵਿਤ ਹੁੰਦੀ ਹੈ। ਸਰਕਾਰ ਅਤੇ ਮੀਡੀਆ ਨੂੰ ਦੂਜੀਆਂ ਖੇਡਾਂ ਪ੍ਰਤੀ ਮਤਰੇਆ ਸਲੂਕ ਛੱਡ ਕੇ ਸਾਰੀਆਂ ਖੇਡਾਂ ਅਤੇ ਖਿਡਾਰੀਆਂ ਨੂੰ ਇਕ ਨਜ਼ਰ ਨਾਲ ਵੇਖਣ ਦੀ ਲੋੜ ਹੈ। ਮਲੂਕਾ ਨੇ ਕਿਹਾ ਕਿ ਸਾਡੇ ਦੇਸ਼ ’ਚ ਖੇਡ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ। ਜੇਕਰ ਕ੍ਰਿਕਟ ਦੇ ਨਾਲ-ਨਾਲ ਫੁੱਟਬਾਲ, ਹਾਕੀ, ਕਬੱਡੀ ਅਤੇ ਐਥਲੀਟਾਂ ਨੂੰ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣ ਤਾਂ ਉਹ ਖਿਡਾਰੀ ਵੀ ਦੇਸ਼ ਦੀ ਝੋਲੀ ਕਈ ਮੈਡਲ ਅਤੇ ਜਿੱਤਾਂ ਪਾ ਸਕਦੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਚੇਅਰਮੈਨ ਗਗਨਦੀਪ ਸਿੰਘ ਗਰੇਵਾਲ, ਰਾਕੇਸ਼ ਗੋਇਲ ਜਗਮੋਹਣ ਭਗਤਾ ਆਦਿ ਹਾਜ਼ਰ ਸਨ।