ਚੋਣਾਂ ਦੌਰਾਨ ਇਕ ਵਾਰ ਫਿਰ ਆਮੋ-ਸਾਹਮਣੇ ਹੋਣਗੇ ਪਾਸ਼ ਤੇ ਦਾਸ ਭਰਾ
Wednesday, Apr 24, 2019 - 12:20 PM (IST)
ਲੰਬੀ/ਮਲੋਟ (ਜੁਨੇਜਾ) - ਸਿਆਸਤ ਦੇ ਇਤਿਹਾਸ 'ਚ ਰਾਮ ਲਕਸ਼ਮਣ ਦੀ ਜੋੜੀ ਸਮਝੇ ਜਾਂਦੇ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦਾ ਭਰਾ ਗੁਰਦਾਸ ਸਿੰਘ ਬਾਦਲ 'ਚ ਇੰਨਾ ਸਿਆਸੀ ਵਖਰੇਵਾਂ ਪੈ ਸਕਦਾ ਹੈ, ਜੋ ਕਿਸੇ ਨੇ ਸੋਚਿਆ ਨਹੀਂ ਸੀ। ਲੰਬੀ ਹਲਕੇ 'ਚ ਪਾਸ਼ ਜੀ ਅਤੇ ਦਾਸ ਜੀ ਕਰਕੇ ਜਾਣੇ ਜਾਂਦੇ ਦੋਵਾਂ ਭਰਾਵਾਂ ਦੇ ਰਿਸ਼ਤੇ 'ਚ ਇੰਨੀ ਗੂੜ੍ਹਤਾ ਸੀ ਕਿ ਦੋਵੇਂ ਇਕ-ਦੂਜੇ ਦਾ ਵਸਾਹ ਵੀ ਨਹੀਂ ਖਾਂਦੇ ਸਨ ਪਰ ਪਿਛਲੇ 9 ਸਾਲਾਂ 'ਚ ਪੰਜਾਬ 'ਚ ਬਣੇ ਨਵੇਂ ਸਮੀਕਰਨਾਂ ਨੇ ਦੋਵਾਂ ਭਰਾਵਾਂ ਨੂੰ ਇਕ-ਦੂਜੇ ਸਾਹਮਣੇ ਲਿਆ ਕੇ ਖੜ੍ਹਾ ਕਰ ਦਿੱਤਾ। ਸਮੇਂ ਦੇ ਚੱਕਰ ਨੇ ਅਜਿਹਾ ਗੇੜਾ ਖਾਧਾ ਕਿ ਸਾਰੀ ਉਮਰ ਪ੍ਰਕਾਸ਼ ਸਿੰਘ ਬਾਦਲ ਦੀਆਂ ਚੋਣਾਂ ਦੇ ਕਰਤਾ-ਧਰਤਾ ਰਹੇ ਗੁਰਦਾਸ ਸਿੰਘ ਬਾਦਲ ਨੂੰ ਹੁਣ ਨਾ ਸਿਰਫ ਉਨ੍ਹਾਂ ਵਿਰੁੱਧ ਪ੍ਰਚਾਰ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ, ਬਲਕਿ 2012 ਦੀਆਂ ਚੋਣਾਂ 'ਚ ਗੁਰਦਾਸ ਬਾਦਲ ਨੂੰ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਚੋਣ ਲੜਨੀ ਪਈ ਸੀ।
ਇਸ ਤੋਂ ਬਾਅਦ 2014 'ਚ ਜਦੋਂ ਉਨ੍ਹਾਂ ਦੇ ਆਪਣੇ ਪੁੱਤਰ ਮਨਪ੍ਰੀਤ ਬਾਦਲ ਨੇ ਪਾਰਲੀਮੈਂਟ ਚੋਣ ਲੜੀ ਸੀ ਤਾਂ ਉਨ੍ਹਾਂ ਨੂੰ ਪ੍ਰਚਾਰ ਲਈ ਵੱਡੇ ਬਾਦਲ ਦਾ ਸਾਹਮਣਾ ਕਰਨਾ ਪਿਆ, ਜਿੱਥੇ ਉਹ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਦੇ ਹੱਕ 'ਚ ਪ੍ਰਚਾਰ ਕਰ ਰਹੇ ਸਨ। ਇਸ ਵਾਰ ਫਿਰ ਬਠਿੰਡਾ ਚੋਣ ਤੋਂ ਭਾਵੇਂ ਅਕਾਲੀ ਦਲ ਦਾ ਉਮੀਦਵਾਰ ਸਾਹਮਣੇ ਨਹੀਂ ਆਇਆ ਪਰ ਜਿੱਥੇ ਪ੍ਰਕਾਸ਼ ਸਿੰਘ ਮਹੀਨਿਆਂ ਤੋਂ ਆਪਣੀ ਪਾਰਟੀ ਅਤੇ ਅਣ-ਐਲਾਨੇ ਉਮੀਦਵਾਰ ਦੇ ਹੱਕ 'ਚ ਡਟੇ ਹੋਏ ਹਨ, ਉੱਥੇ ਗੁਰਦਾਸ ਬਾਦਲ ਉਨ੍ਹਾਂ ਮੁਕਾਬਲੇ ਕਾਂਗਰਸ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ 'ਚ ਡਟੇਗਾ। ਇਸ ਦੀ ਪੁਸ਼ਟੀ ਬੀਤੇ ਦਿਨ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਪਾਰਟੀ ਲਈ ਵਚਨਬੱਧ ਹੈ ਅਤੇ ਉਨ੍ਹਾਂ ਦੇ ਪਿਤਾ ਗੁਰਦਾਸ ਸਿੰਘ ਬਾਦਲ ਸਮੇਤ ਸਮੁੱਚਾ ਪਰਿਵਾਰ ਉਨ੍ਹਾਂ ਲਈ ਵੋਟਾਂ ਮੰਗੇਗਾ। ਇਸ ਤੋਂ ਸਾਫ ਹੈ ਕਿ ਦੋਵੇਂ ਵੱਡੇ ਬਾਦਲ ਭਾਵ ਪਾਸ਼ ਜੀ ਅਤੇ ਦਾਸ ਜੀ ਇਕ ਵਾਰ ਆਹਮਣੇ-ਸਾਹਮਣੇ ਨਿੱਤਰ ਰਹੇ ਹਨ।