ਕੀ ਜਗਮੀਤ ਬਰਾੜ ਅਕਾਲੀ ਦਲ 'ਚ ਜਾਣ ਮਗਰੋਂ ਬਦਲਣਗੇ ਫਿਰੋਜ਼ਪੁਰ ਹਲਕੇ ਦੇ ਸਮੀਕਰਨ!

Thursday, Apr 18, 2019 - 11:10 AM (IST)

ਕੀ ਜਗਮੀਤ ਬਰਾੜ ਅਕਾਲੀ ਦਲ 'ਚ ਜਾਣ ਮਗਰੋਂ ਬਦਲਣਗੇ ਫਿਰੋਜ਼ਪੁਰ ਹਲਕੇ ਦੇ ਸਮੀਕਰਨ!

ਮਲੋਟ (ਜੁਨੇਜਾ) - ਪੰਜਾਬ 'ਚ ਕਾਂਗਰਸ ਪਾਰਟੀ ਤੋਂ 2 ਵਾਰ ਐੱਮ. ਪੀ. ਜਿੱਤੇ ਜਗਮੀਤ ਸਿੰਘ ਬਰਾੜ ਦੇ ਅਕਾਲੀ ਦਲ 'ਚ ਸ਼ਾਮਲ ਹੋਣ ਦੀਆਂ ਖਬਰਾਂ ਅਤੇ ਨਵੀਂ ਪਾਰਟੀ ਦੀ ਟਿਕਟ ਤੋਂ ਚੋਣ ਲੜਨ ਦੀਆਂ ਚਰਚਾਵਾਂ ਨੇ ਹਲਕੇ 'ਚ ਸਿਆਸੀ ਸਰਗਰਮੀਆਂ ਨੂੰ ਗਰਮਾ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਜਗਮੀਤ ਬਰਾੜ ਦੀਆਂ 19 ਅਪ੍ਰੈਲ ਨੂੰ ਸੁਖਬੀਰ ਬਾਦਲ ਦੀ ਹਾਜ਼ਰੀ 'ਚ ਸ੍ਰੀ ਮੁਕਤਸਰ ਸਾਹਿਬ ਵਿਖੇ ਅਕਾਲੀ ਦਲ 'ਚ ਸ਼ਾਮਲ ਹੋਣ ਦੀਆਂ ਖਬਰਾਂ ਦੇ ਬਾਵਜੂਦ ਉਨ੍ਹਾਂ ਵਲੋਂ ਕੋਈ ਪ੍ਰਕਿਰਿਆ ਨਾ ਦੇਣ ਕਰ ਕੇ ਇਸ ਖਬਰ ਦੀ ਅਸਿੱਧੇ ਤੌਰ 'ਤੇ ਪੁਸ਼ਟੀ ਕੀਤੀ ਗਈ ਹੈ। ਸਿਆਸੀ ਹਲਕਿਆਂ 'ਚ ਚਰਚਾ ਹੈ ਕਿ ਕਾਂਗਰਸ ਤੋਂ ਬਿਨਾਂ ਕਾਂਗਰਸ ਤਿਵਾੜੀ ਅਤੇ ਤ੍ਰਿਣਮੂਲ ਕਾਂਗਰਸ 'ਚ ਸ਼ਾਮਲ ਹੋ ਕੇ ਸਿਆਸੀ ਰਸਤਾ ਭਾਲ ਰਹੇ ਜਗਮੀਤ ਵਲੋਂ ਪਹਿਲਾਂ 'ਆਪ' ਹੁਣ ਕਾਂਗਰਸ ਜਾਂ ਭਾਜਪਾ 'ਚ ਸ਼ਾਮਲ ਹੋ ਕੇ ਕਿਸੇ ਹਲਕੇ ਤੋਂ ਪਾਰਲੀਮੈਂਟ ਚੋਣ ਲੜਨ ਲਈ ਦਾਅ-ਪੇਚ ਲਾਏ ਗਏ ਸਨ ਪਰ ਇਨ੍ਹਾਂ ਪਾਰਟੀਆਂ ਨੇ ਇਨ੍ਹਾਂ ਨੂੰ ਅਣਦੇਖਾ ਕਰ ਦਿੱਤਾ ਸੀ। ਉੱਧਰ, ਮੁਸ਼ਕਲ ਦੀ ਘੜੀ 'ਚ ਫਸੇ ਅਕਾਲੀ ਦਲ ਲਈ ਬਠਿੰਡਾ ਦੇ ਨਾਲ-ਨਾਲ ਫਿਰੋਜ਼ਪੁਰ ਤੋਂ ਚੋਣ ਲੜਨਾ ਔਖਾ ਪੈਂਡਾ ਸਾਬਤ ਹੋ ਰਿਹਾ ਸੀ। ਇਸ ਲਈ ਕਿਸੇ ਸਮੇਂ ਤੱਕ ਆਪਸ 'ਚ ਕੱਟੜ ਵਿਰੋਧੀ ਰਹੇ ਸੁਖਬੀਰ ਬਾਦਲ ਨੇ ਆਪਣਾ ਰਸਤਾ ਆਸਾਨ ਕਰਨ ਲਈ ਜਗਮੀਤ ਬਰਾੜ ਨਾਲ ਹੱਥ ਮਿਲਾ ਲਿਆ ਜਾਪਦਾ ਹੈ।

ਜਗਮੀਤ ਬਦਲਣਗੇ ਸਮੀਕਰਨ
ਇਸ ਗੱਲ ਸਬੰਧੀ ਇਲਾਕੇ 'ਚ ਚਰਚਾ ਹੈ ਕਿ ਕੀ ਪਹਿਲਾਂ 3 ਵਾਰ ਫਿਰੋਜ਼ਪੁਰ ਤੋਂ ਹਾਰ ਦਾ ਮੂੰਹ ਵੇਖਣ ਵਾਲੇ ਬਰਾੜ ਇਸ ਅਕਾਲੀ ਦਲ ਦੀ ਬੇੜੀ ਪਾਰ ਲਾਉਣ 'ਚ ਮਦਦਗਾਰ ਸਾਬਤ ਹੋਣਗੇ। ਸਮਝਿਆ ਜਾ ਰਿਹਾ ਹੈ ਕਿ ਇਸ ਹਲਕੇ 'ਚ ਅਕਾਲੀ ਦਲ ਦਾ ਵੋਟ ਬੈਂਕ ਹੈ, ਉੱਥੇ ਮਲੋਟ ਅਤੇ ਸ੍ਰੀ ਮੁਕਤਸਰ ਸਾਹਿਬ 'ਚ ਪਿਛਲੀਆਂ ਚੋਣਾਂ 'ਚ ਬਰਾੜ ਦਾ ਤਕੜਾ ਜਨ-ਆਧਾਰ ਰਿਹਾ ਹੈ ਪਰ 10 ਸਾਲ ਦੇ ਵਕਫੇ ਤੋਂ ਬਾਅਦ ਉਹ ਇਨ੍ਹਾਂ ਹਲਕਿਆਂ 'ਚ ਆਪਣਾ ਆਧਾਰ ਕਾਇਮ ਰੱਖੀ ਬੈਠੇ ਹਨ, ਇਹ ਵੇਖਣਾ ਬਾਕੀ ਹੈ।

ਪਹਿਲਾਂ 3 ਵਾਰ ਹਾਰ ਚੁੱਕੇ ਹਨ ਫਿਰੋਜ਼ਪੁਰ ਤੋਂ
ਜੇਕਰ ਜਗਮੀਤ ਬਰਾੜ ਅਕਾਲੀ ਦਲ 'ਚ ਸ਼ਾਮਲ ਹੋ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਬਣਦੇ ਹਨ ਤਾਂ ਇਹ ਉਨ੍ਹਾਂ ਦੀ ਇਸ ਹਲਕੇ ਤੋਂ ਚੌਥੀ ਚੋਣ ਹੋਵੇਗੀ। ਇਸ ਤੋਂ ਪਹਿਲਾਂ ਉਹ 1989 'ਚ ਮਾਨ ਦਲ ਦੇ ਸਮਰਥਨ ਨਾਲ ਆਜ਼ਾਦ ਖੜ੍ਹੇ ਧਿਆਨ ਸਿੰਘ ਮੰਡ, 2004 'ਚ ਅਕਾਲੀ ਦਲ ਦੇ ਜ਼ੋਰਾ ਸਿੰਘ ਮਾਨ ਅਤੇ 2009 ਤੋਂ ਫਿਰ ਅਕਾਲੀ ਦਲ ਦੇ ਸ਼ੇਰ ਸਿੰਘ ਘੁਬਾਇਆ ਤੋਂ ਚੋਣ ਹਾਰ ਚੁੱਕੇ ਹਨ।1991 'ਚ ਉਹ ਫਰੀਦਕੋਟ ਤੋਂ ਕਾਂਗਰਸ ਦੀ ਟਿਕਟ 'ਤੇ ਪਾਰਲੀਮੈਂਟ ਮੈਂਬਰ ਚੁਣੇ ਗਏ ਅਤੇ ਪਾਰਲੀਮੈਂਟ 'ਚ ਪੰਜਾਬ ਦੀਆਂ ਮੰਗਾਂ ਅਤੇ ਹੱਕਾਂ ਸਬੰਧੀ ਦਿੱਤੀ ਸ਼ਾਨਦਾਰ ਤਕਰੀਰ ਕਾਰਨ ਉਨ੍ਹਾਂ ਨੂੰ ਦੇਸ਼-ਵਿਦੇਸ਼ਾਂ ਵਿਚ ਪੰਜਾਬੀਆਂ ਨੇ ਆਵਾਜ਼-ਏ-ਪੰਜਾਬ ਦਾ ਖਿਤਾਬ ਦਿੱਤਾ ਸੀ। ਇਸ ਤੋਂ ਬਾਅਦ ਬਰਾੜ ਕਾਂਗਰਸ ਉਮੀਦਵਾਰ ਵਜੋਂ 1996 ਫਰੀਦਕੋਟ ਪਾਰਲੀਮੈਂਟ ਹਲਕੇ ਤੋਂ ਸੁਖਬੀਰ ਬਾਦਲ ਦੇ ਮੁਕਾਬਲੇ ਚੋਣ ਹਾਰ ਗਏ ਪਰ 1998 'ਚ ਕਾਂਗਰਸ ਵਲੋਂ ਇਸ ਹਲਕੇ ਤੋਂ ਟਿਕਟ ਉਸ ਵੇਲੇ ਦੇ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੀ ਧੀ ਕੰਵਲਜੀਤ ਕੌਰ ਬਬਲੀ ਬਰਾੜ ਨੂੰ ਦੇ ਦਿੱਤੀ ਗਈ ਸੀ ਅਤੇ ਜਗਮੀਤ ਬਰਾੜ ਕਾਂਗਰਸ ਤਿਵਾੜੀ ਦੀ ਟਿਕਟ 'ਤੇ ਚੋਣ ਲੜੀ ਪਰ ਹਾਰ ਗਏ। ਜਗਮੀਤ ਦੀ ਚੜ੍ਹਤ ਉਸ ਵੇਲੇ ਹੋਈ, ਜਦੋਂ ਉਨ੍ਹਾਂ 1999 'ਚ ਫਰੀਦਕੋਟ ਪਾਰਲੀਮੈਂਟ ਸੀਟ ਕਾਂਗਰਸ ਵਲੋਂ ਸੂਬੇ 'ਚ ਅਕਾਲੀ ਦਲ ਦੀ ਸਰਕਾਰ ਹੋਣ ਦੇ ਬਾਵਜੂਦ ਸੁਖਬੀਰ ਬਾਦਲ ਨੂੰ ਹਰਾ ਦਿੱਤਾ ਸੀ। ਇਸ ਉਪਰੰਤ ਅਗਲੀਆਂ ਦੋ ਚੋਣਾਂ 2004 ਅਤੇ 2009 'ਚ ਉਨ੍ਹਾਂ ਕਾਂਗਰਸ ਦੀ ਟਿਕਟ ਤੋਂ ਹਲਕਾ ਬਦਲ ਕੇ ਫਿਰੋਜ਼ਪੁਰ ਤੋਂ ਲੜੀਆਂ, ਜਿੱਥੋਂ ਉਹ ਹਾਰ ਗਏ ਅਤੇ ਫਿਰ ਉਨ੍ਹਾਂ ਦੀ ਸਿਆਸੀ ਕਰੀਅਰ ਧੁੰਦਲਾ ਹੋਣਾ ਸ਼ੁਰੂ ਹੋ ਗਿਆ।


author

rajwinder kaur

Content Editor

Related News