ਮਲੋਟ ’ਚ ਰਿਸ਼ਤਿਆਂ ਦਾ ਘਾਣ, 2 ਪੁੱਤਰਾਂ ਨੇ ਬਜ਼ੁਰਗ ਪਿਓ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ
Thursday, Sep 02, 2021 - 06:19 PM (IST)
ਮਲੋਟ (ਜੁਨੇਜਾ): ਸਰਕਾਰ ਵੱਲੋਂ ਬਜ਼ੁਰਗ ਮਾਪਿਆਂ ਦੀ ਦੇਖਭਾਲ ਲਈ ਸਖ਼ਤ ਕਾਨੂੰਨ ਵੀ ਬਣਾਏ ਗਏ ਹਨ ਪਰ ਇਸ ਦੇ ਬਾਵਜੂਦ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ, ਜਿਹੜੇ ਰਿਸ਼ਤਿਆਂ ਨੂੰ ਸ਼ਰਮਸ਼ਾਰ ਕਰ ਦਿੰਦੇ ਹਨ। ਤਾਜ਼ਾ ਮਾਮਲਾ ਮਲੋਟ ਵਿਖੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਕ ਵੀਡੀਓ ਦਾ ਹੈ, ਜਿਸ ਵਿਚ ਦੋ ਜਵਾਨ ਪੁੱਤਰ ਗਲੀ ਵਿਚ ਆਪਣੇ ਬਜ਼ੁਰਗ ਪਿਓ ਦੀ ਕੁੱਟਮਾਰ ਕਰ ਰਹੇ ਹਨ। ਇਸ ਸਬੰਧੀ ਬਜ਼ੁਰਗ ਦੀ ਧੀ ਨੇ ਪੁਲਸ ਦੀ ਮਦਦ ਨਾਲ ਆਪਣੇ ਪਿਤਾ ਨੂੰ ਉਨ੍ਹਾਂ ਦੇ ਘਰੋਂ ਲਿਆ ਕੇ ਮਲੋਟ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ। ਇਸ ਸਬੰਧੀ ਹਸਪਤਾਲ ਵਿਚ ਦਾਖਲ ਬਜ਼ੁਰਗ ਤੇ ਉਸਦੀ ਧੀ ਨੇ ਦੋਸ਼ ਲਾਏ ਕਿ ਰਾਮ ਸ਼ਰਨ ਨੂੰ ਉਸਦੇ ਮੁੰਡਿਆਂ ਨੇ ਗਲੀ ਵਿਚ ਕੁੱਟਿਆ ਅਤੇ ਘਰ ਲਿਆ ਕੇ ਬੰਨ੍ਹ ਦਿੱਤਾ, ਜਿਥੋਂ ਬਾਅਦ ’ਚ ਪੁਲਸ ਉਸ ਨੂੰ ਰਿਹਾਅ ਕਰਵਾ ਕੇ ਲਿਆਈ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਧਮਕੀਆਂ ਮਿਲਣ ਤੋਂ ਬਾਅਦ ਰੁਲਦੂ ਸਿੰਘ ਮਾਨਸਾ ਨੂੰ ਮਿਲੀ ਸੁਰੱਖਿਆ
ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਮੁੱਖ ਅਫ਼ਸਰ ਥਾਣਾ ਸਿਟੀ ਮਲੋਟ ਅੰਗਰੇਜ਼ ਸਿੰਘ ਨੇ ਦੱਸਿਆ ਕਿ ਪੁਲਸ ਬਜ਼ੁਰਗ ਤੇ ਉਸਦੀ ਧੀ ਦੇ ਬਿਆਨਾਂ ਉਪਰੰਤ ਕਾਰਵਾਈ ਕਰ ਰਹੀ ਹੈ। ਪੁਲਸ ਵੱਲੋਂ ਕਾਰਵਾਈ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਬਜ਼ੁਰਗ ਰਾਮ ਸ਼ਰਨ ਦੀ ਧੀ ਲਛਮੀ ਦਾ ਕਹਿਣਾ ਹੈ ਕਿ ਪੁਲਸ ਬਣਦੀ ਕਾਰਵਾਈ ਕਰਨ ਦੀ ਬਜਾਏ ਦੋਸ਼ੀ ਧਿਰ ਦੇ ਪ੍ਰਭਾਵ ਥੱਲੇ ਕੰਮ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿਚ ਉਸਦੇ ਪਿਤਾ ਦੀ ਕੁੱਟਮਾਰ ਕਰਨ ਤੇ ਉਸ ਨੂੰ ਬੰਨ੍ਹ ਕੇ ਰੱਖਣ ਸਮੇਤ ਜੋ ਕਾਰਵਾਈ ਬਣਦੀ ਹੈ, ਕੀਤੀ ਜਾਵੇ। ਉਧਰ ਮਲੋਟ ਸਿਟੀ ਵਿਚ ਬਜ਼ੁਰਗ ਦੇ ਇਕ ਤੀਸਰੇ ਮੁੰਡੇ ਨੇ ਦੱਸਿਆ ਕਿ ਉਸਦਾ ਭਰਾ ਲਛਮਣ ਸਹੁਰੇ ਪਰਿਵਾਰ ’ਚ ਘਰ ਜਵਾਈ ਹੈ ਅਤੇ ਕਨ੍ਹੱਈਆ ਵੀ ਆਪਣੇ ਬੱਚਿਆਂ ਨਾਲ ਰਹਿੰਦਾ ਹੈ, ਜਿੱਥੇ ਅਕਸਰ ਇਹ ਤਿੰਨੇ ਪਿਓ-ਪੁੱਤਰ ਲੜਦੇ ਰਹਿੰਦੇ ਹਨ। ਇਸ ਬਜ਼ੁਰਗ ਦੀ ਨੂੰਹ ਊਸ਼ਾ ਰਾਣੀ ਦਾ ਕਹਿਣਾ ਹੈ ਕਿ ਉਹ ਆਪਣੀ ਬਜ਼ੁਰਗ ਮਾਂ ਕੋਲ ਰਹਿ ਰਹੇ ਹਨ ਅਤੇ ਉਸਦੇ ਸਹੁਰੇ ਨੇ ਉਸਦੀ ਬੀਮਾਰ ਪਈ ਮਾਂ ਨਾਲ ਅਸ਼ਲੀਲ ਹਰਕਤ ਕੀਤੀ, ਜਿਸ ਕਰਕੇ ਇਹ ਲੜਾਈ ਦੀ ਘਟਨਾ ਵਾਪਰੀ।
ਇਹ ਵੀ ਪੜ੍ਹੋ : ਪੰਜ ਪਿਆਰਿਆਂ ਵਾਲੇ ਬਿਆਨ ’ਤੇ ਵਿਵਾਦ ਭਖਣ ਮਗਰੋਂ ਹਰੀਸ਼ ਰਾਵਤ ਨੇ ਮੰਗੀ ਮੁਆਫ਼ੀ