ਨੌਜਵਾਨ ਦੀ ਲਾਸ਼ ਖੁਰਦ-ਬੁਰਦ ਕਰਨ ਦੇ ਰੋਸ ''ਚ ਸਾੜੀ ਪੰਜਾਬ ਪੁਲਸ ਦੀ ਅਰਥੀ

Sunday, May 26, 2019 - 05:42 PM (IST)

ਨੌਜਵਾਨ ਦੀ ਲਾਸ਼ ਖੁਰਦ-ਬੁਰਦ ਕਰਨ ਦੇ ਰੋਸ ''ਚ ਸਾੜੀ ਪੰਜਾਬ ਪੁਲਸ ਦੀ ਅਰਥੀ

ਲੰਬੀ/ਮਲੋਟ (ਸ਼ਾਮ ਜੁਨੇਜਾ) - ਫਰੀਦਕੋਟ ਪੁਲਸ ਦੇ ਸੀ.ਆਈ.ਏ. ਸਟਾਫ ਵਲੋਂ ਪੁਲਸ ਹਿਰਾਸਤ 'ਚ ਮਾਰੇ ਗਏ ਜਸਪਾਲ ਸਿੰਘ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਮਾਮਲੇ ਦਾ ਰੋਸ ਫਰੀਦਕੋਟ ਤੋਂ ਲੰਬੀ ਪਹੁੰਚ ਚੁੱਕਾ ਹੈ। ਜਾਣਕਾਰੀ ਅਨੁਸਾਰ ਇਸ ਮਾਮਲੇ ਦੇ ਸਬੰਧ 'ਚ ਲੰਬੀ ਵਿਖੇ ਜਨਤਕ ਜੱਥੇਬੰਦੀਆਂ ਨੇ ਪ੍ਰਦਰਸ਼ਨਕਾਰੀਆਂ ਨਾਲ ਮਿਲ ਕੇ ਪੰਜਾਬ ਪੁਲਸ ਅਤੇ ਸਰਕਾਰ ਦੀ ਅਰਥੀ ਸਾੜਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਅਤੇ ਦਿੱਲੀ-ਫਾਜ਼ਿਲਕਾ ਕੌਮੀ ਮਾਰਗ ਦੀ ਆਵਾਜਾਈ ਠੱਪ ਕਰ ਦਿੱਤੀ। ਇਸ ਪ੍ਰਦਰਸ਼ਨ ਦੀ ਅਗਵਾਈ ਟੈਕਨੀਕਲ ਸਰਵਿਸਜ਼ ਯੂਨੀਅਨ, ਪੰਜਾਬ ਖੇਤ ਮਜ਼ਦੂਰ ਸਭਾ, ਭਾਰਤੀ ਕਿਸਾਨ ਯੂਨੀਅਨ ਏਕਤਾ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ ਕੀਤੀ ਗਈ।

ਇਸ ਮੌਕੇ ਜਥੇਬੰਦੀਆਂ, ਪਰਿਵਾਰਕ ਮੈਂਬਰਾਂ ਤੋਂ ਇਲਾਵਾ ਆਮ ਲੋਕ ਸ਼ਾਮਲ ਸਨ। ਇਸ ਦੌਰਾਨ ਗੁਰਪਾਸ਼ ਸਿੰਘ ਸਿੰਘੇਵਾਲਾ, ਨੌਜਵਾਨ ਭਾਰਤ ਸਭਾ ਦੇ ਕੁਲਦੀ ਸ਼ਰਮਾ ਖੁੱਡੀਆ, ਡਾ. ਮਨਜਿੰਦਰ ਸਿੰਘ ਸਰਾਂ ਆਦਿ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਪੁਲਸ ਦੇ ਇਸ ਅੱਤਿਆਚਾਰ ਤੋਂ ਬਾਅਦ ਚੁੱਪ ਵੱਟੀ ਬੈਠੀ ਹੈ। ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਪਰਿਵਾਰ ਨੂੰ ਇਨਸਾਫ ਨਾ ਦਿੱਤਾ ਗਿਆ ਤਾਂ ਪੰਜਾਬ ਭਰ 'ਚ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਉਧਰ ਨੌਜਵਾਨ ਭਾਰਤ ਸਭਾ ਦੇ ਆਗੂ ਕੁਲਦੀਪ ਸ਼ਰਮਾ ਖੁੱਡੀਆਂ ਸਮੇਤ ਆਗੂਆਂ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ 29 ਮਈ ਨੂੰ ਕੀਤੇ ਜਾ ਰਹੇ ਧਰਨੇ 'ਚ ਪੁੱਜ ਕੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ।


author

rajwinder kaur

Content Editor

Related News