ਇਨਸਾਨੀਅਤ ਸ਼ਰਮਸਾਰ : ਮੱਛੀ ਪਲਾਂਟ ''ਚੋਂ ਮਿਲਿਆ ਭਰੂਣ

Wednesday, Nov 13, 2019 - 05:41 PM (IST)

ਇਨਸਾਨੀਅਤ ਸ਼ਰਮਸਾਰ : ਮੱਛੀ ਪਲਾਂਟ ''ਚੋਂ ਮਿਲਿਆ ਭਰੂਣ

ਮਲੋਟ (ਜੁਨੇਜਾ) - ਥਾਣਾ ਸਦਰ ਮਲੋਟ ਦੀ ਪੁਲਸ ਨੇ ਇਕ ਅਣਪਛਾਤੇ ਮਰਦ ਜਾਂ ਔਰਤ ਵਿਰੁੱਧ ਇਨਸਾਨੀ ਭਰੂਣ ਨੂੰ ਸੁੱਟਣ ਦਾ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸਾਬਕਾ ਮੈਂਬਰ ਪੰਚਾਇਤ ਗੁਰਮੁੱਖ ਸਿੰਘ ਪੁੱਤਰ ਤੇਗਾ ਸਿੰਘ ਢਾਣੀ ਗੁਰੂ ਕੀ ਆਸਲ ਪਿੰਡ ਈਨਾਖੇੜਾ ਆਪਣੇ ਸਾਥੀ ਦਵਿੰਦਰ ਸਿੰਘ ਪੁੱਤਰ ਸੁਖਵੰਤ ਸਿੰਘ ਨਾਲ ਆਪਣੇ ਮੱਛੀ ਪਲਾਂਟ 'ਤੇ ਗੇੜਾ ਮਾਰਨ ਗਿਆ ਹੋਇਆ ਸੀ। ਜਿਸ ਦੌਰਾਨ ਉਸ ਨੇ ਪਲਾਂਟ 'ਚ 1 ਇਨਸਾਨੀ ਭਰੂਣ ਪਿਆ ਹੋਇਆ ਦੇਖਿਆ, ਜਿਸ ਨੂੰ ਕਿਸੇ ਅਣਪਛਾਤੇ ਮਰਦ ਜਾਂ ਔਰਤ ਨੇ ਪਲਾਸਟਿਕ ਦੇ ਲਿਫਾਫੇ 'ਚ ਪਾ ਕੇ ਸੁੱਟਿਆ ਹੋਇਆ ਸੀ, ਜੋ ਪਾਣੀ 'ਚ ਤੈਰ ਰਿਹਾ ਸੀ।

ਗੁਰਮੁੱਖ ਸਿੰਘ ਨੇ ਇਸ ਨੂੰ ਬਾਹਰ ਕੱਢ ਕੇ ਇਸ ਦੀ ਸੂਚਨਾ ਸਦਰ ਮਲੋਟ ਦੀ ਪੁਲਸ ਨੂੰ ਦਿੱਤੀ। ਐੱਸ. ਐੱਚ. ਓ. ਮਲਕੀਤ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਮੌਕੇ ਪੁੱਜ ਕੇ ਜਾਂਚ ਕੀਤੀ ਅਤੇ ਗੁਰਮੁੱਖ ਸਿੰਘ ਦੇ ਬਿਆਨਾਂ 'ਤੇ ਸਦਰ ਮਲੋਟ ਵਿਖੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ। ਐੱਸ. ਐੱਚ. ਓ. ਮਲਕੀਤ ਸਿੰਘ ਨੇ ਦੱਸਿਆ ਕਿ ਇਹ ਭਰੂਣ ਨਰ ਹੈ ਜਾਂ ਮਾਦਾ, ਇਸ ਦੀ ਪੁਸ਼ਟੀ ਨਹੀਂ ਹੋਈ, ਜਿਸ ਕਾਰਨ ਉਸ ਨੂੰ ਮਲੋਟ ਦੇ ਸਿਵਲ ਹਸਪਤਾਲ ਭੇਜ ਦਿੱਤਾ।


author

rajwinder kaur

Content Editor

Related News