ਮਲੇਰਕੋਟਲਾ ਸ਼ਹਿਰ ਦੇ 90 ਫ਼ੀਸਦੀ ਘਰਾਂ ਦਾ ਸਰਵੇ ਮੁਕੰਮਲ : ਡਿਪਟੀ ਕਮਿਸ਼ਨਰ ਸੰਗਰੂਰ

Wednesday, Apr 22, 2020 - 11:29 PM (IST)

ਮਲੇਰਕੋਟਲਾ ਸ਼ਹਿਰ ਦੇ 90 ਫ਼ੀਸਦੀ ਘਰਾਂ ਦਾ ਸਰਵੇ ਮੁਕੰਮਲ : ਡਿਪਟੀ ਕਮਿਸ਼ਨਰ ਸੰਗਰੂਰ

ਸੰਗਰੂਰ,(ਸਿੰਗਲਾ)-ਮਲੇਰਕੋਟਲਾ ਵਿਖੇ ਕੋਵਿਡ-19 ਦਾ ਪਾਜ਼ਿਟਿਵ ਕੇਸ ਆਉਣ ਉਪਰੰਤ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਸਰਵੇ ਕੀਤਾ ਜਾ ਰਿਹਾ ਹੈ, ਜਿਸ 'ਚ ਮੰਗਲਵਾਰ ਤੱਕ 23,698 ਘਰਾਂ ਦਾ ਸਰਵੇ ਮੁਕੰਮਲ ਹੋ ਚੁੱਕਾ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ 51 ਟੀਮਾਂ ਵੱਲੋਂ ਸ਼ਹਿਰ ਦੇ 90 ਫ਼ੀਸਦੀ ਇਲਾਕੇ ਨੂੰ ਕਵਰ ਕਰ ਲਿਆ ਗਿਆ ਹੈ ਅਤੇ ਬਾਕੀ ਰਹਿੰਦੇ ਇਲਾਕੇ ਦਾ ਸਰਵੇ ਜਲਦ ਹੀ ਮੁਕੰਮਲ ਕਰ ਲਿਆ ਜਾਵੇਗਾ। ਥੋਰੀ ਨੇ ਦੱਸਿਆ ਕਿ ਇਹ ਸਰਵੇ ਮਿਤੀ 15 ਅਪ੍ਰੈਲ ਨੂੰ ਸ਼ੁਰੂ ਹੋਇਆ ਸੀ ਅਤੇ ਪਹਿਲੇ ਦਿਨ 400 ਘਰਾਂ ਦਾ ਸਰਵੇ ਕੀਤਾ ਗਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਦੂਸਰੇ ਦਿਨ 1467 ਅਤੇ 17 ਅਪ੍ਰੈਲ ਨੂੰ 2951 ਘਰਾਂ ਦਾ ਸਰਵੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਿਤੀ 18 ਅਪ੍ਰੈਲ ਨੂੰ 6128, ਮਿਤੀ 20 ਅਪ੍ਰੈਲ ਨੂੰ 6783 ਅਤੇ 21 ਅਪ੍ਰੈਲ ਨੂੰ 6238 ਘਰਾਂ ਦਾ ਸਰਵੇ ਕੀਤਾ ਗਿਆ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਨ੍ਹਾਂ ਟੀਮਾਂ ਦੀ ਅਗਵਾਈ ਕਰਦੇ ਹੋਏ ਸ਼ਹਿਰ 'ਚ ਜ਼ੁਕਾਮ, ਖਾਂਸੀ ਅਤੇ ਬੁਖਾਰ ਦੇ ਲੱਛਣਾਂ ਵਾਲੇ ਵਿਅਕਤੀਆਂ ਦੀ ਭਾਲ ਕਰਨ ਦੌਰਾਨ 92 ਅਜਿਹੇ ਵਿਅਕਤੀ ਮਿਲੇ ਜਿੰਨਾ 'ਚ ਹਲਕੀ ਖਾਂਸੀ ਪਾਈ ਗਈ।

ਥੋਰੀ ਨੇ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕਰਦੇ ਹੋਏ ਆਪਣੇ ਪਰਿਵਾਰ ਤੋਂ ਵੱਖ ਰਹਿਣ ਦੀ ਹਦਾਇਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮਲੇਰਕੋਟਲਾ ਸਬ ਡਿਵੀਜਨ 'ਚ ਹੁਣ ਤੱਕ 90 ਰੈਪਿਡ ਟੈਸਟ ਅਤੇ 180 ਕੰਨਫਰਮੇਟਰੀ ਟੈਸਟ ਹੋ ਚੁੱਕੇ ਹਨ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਜਿਲਾ ਐਪੀਡਿਮਾਲੋਜਿਸਟ ਡਾ ਉਪਾਸਨਾ ਬਿੰਦਰਾ ਨੇ ਕਿਹਾ ਕਿ ਸਰਵੇ ਦੌਰਾਨ ਲੋਕਾਂ ਨੂੰ ਕੋਵਿਡ-19 ਦੇ ਲੱਛਣਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਇਸ ਤੋਂ ਬਚਾਓ ਦੇ ਤਰੀਕਿਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ 'ਚ ਫ਼ਲੂ ਦੇ ਲੱਛਣ ਸਾਹਮਣੇ ਆਉਣ ਅਤੇ ਉਹ ਠੀਕ ਮਹਿਸੂਸ ਨਾ ਕਰਦਾ ਹੋਵੇ ਤਾਂ ਤੁਰੰਤ ਸਿਹਤ ਵਿਭਾਗ ਦੀ ਟੀਮ ਨਾਲ ਤਾਲਮੇਲ ਕੀਤਾ ਜਾਵੇ। ਟੀਮ ਮੈਂਬਰਾਂ ਨੇ ਲੋਕਾਂ ਨੂੰ ਇਸ ਬੀਮਾਰੀ ਤੋਂ ਬਚਣ ਲਈ ਆਪਣੇ ਘਰਾਂ 'ਚ ਹੀ ਰਹਿਣ ਦੀ ਸਲਾਹ ਦਿੱਤੀ। ਸੀਨੀਅਰ ਮੈਡੀਕਲ ਅਫ਼ਸਰ ਮਲੇਰਕੋਟਲਾ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਜਿਹੜੇ 92 ਸ਼ੱਕੀ ਕੇਸਾਂ ਦੀ ਟੀਮਾਂ ਵੱਲੋਂ ਪਛਾਣ ਕੀਤੀ ਗਈ ਹੈ, ਉਨ੍ਹਾਂ ਨੂੰ ਲਗਾਤਾਰ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ ਅਤੇ ਕਿਸੇ ਵੀ ਮੈਡੀਕਲ ਐਮਰਜੈਂਸੀ 'ਚ ਉਨ੍ਹਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
 


author

Deepak Kumar

Content Editor

Related News