ਮਾਲੇਰਕੋਟਲਾ ''ਚ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਲੱਗਾ ਜ਼ਬਰਦਸਤ ਝਟਕਾ

02/12/2020 8:29:48 PM

ਮਾਲੇਰਕੋਟਲਾ,(ਜ਼ਹੂਰ/ਸ਼ਹਾਬੂਦੀਨ) : ਮੋਦੀ ਸਰਕਾਰ ਵੱਲੋਂ ਪਾਸ ਕੀਤੇ ਨਾਗਰਿਕਤਾ ਸੋਧ ਬਿਲ (ਕਾਲੇ ਕਾਨੂੰਨ) ਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਮਾਇਤ ਕੀਤੇ ਜਾਣ ਤੋਂ ਖਫਾ ਚੱਲ ਰਹੇ ਪਾਰਟੀ ਦੇ ਮੁਸਲਿਮ ਕੇਡਰ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਜਿਲ੍ਹਾ ਸੰਗਰੂਰ ਅੰਦਰ ਪਹਿਲਾ ਹੀ ਢੀਂਡਸਾ ਪਰਿਵਾਰ ਦੀ ਬਗਾਵਤ ਕਾਰਨ ਮਾੜੇ ਦੌਰ 'ਚੋਂ ਦੀ ਲੰਘ ਰਹੇ ਅਕਾਲੀ ਦਲ ਨੂੰ ਅੱਜ ਸੰਗਰੂਰ ਜ਼ਿਲ੍ਹੇ 'ਚ ਉਸ ਸਮੇਂ ਇੱਕ ਹੋਰ ਝਟਕਾ ਲੱਗਾ ਜਦੋਂ ਪੰਜਾਬ ਸੂਬੇ ਦੇ ਇੱਕੋ-ਇੱਕ ਮੁਸਲਿਮ ਬਹੁਲਤਾ ਵਾਲੇ ਹਲਕਾ ਮਾਲੇਰਕੋਟਲਾ ਅੰਦਰ ਸ਼੍ਰੋਮਣੀ ਅਕਾਲੀ ਦਲ ਨਾਲ ਲੰਬੇਂ ਸਮੇਂ ਤੋਂ ਜੁੜੇ ਚੱਲੇ ਆ ਰਹੇ ਅਕਾਲੀ ਆਗੂਆਂ ਨਗਰ ਕੌਂਸਲ ਮਾਲੇਰਕੋਟਲਾ ਦੇ ਸਾਬਕਾ ਪ੍ਰਧਾਨ ਕਾਮਰੇਡ ਮੁਹੰਮਦ ਇਸਮਾਇਲ, ਲਿਆਕਤ ਅਲੀ ਜਮਾਲਪੁਰਾ ਤੇ ਉਨ੍ਹਾਂ ਦੀ ਕੌਂਸਲਰ ਪਤਨੀ ਬੀਬੀ ਫਰੀਦਾ ਲਿਆਕਤ ਸਮੇਤ ਟਕਸਾਲੀ ਅਕਾਲੀ ਆਗੂ ਪ੍ਰਾਪਟੀ ਐਡਵਾਇਜ਼ਰ ਗੁਲਜ਼ਾਰ ਖਾਂ ਨੇ ਸੀ. ਏ. ਏ. ਦੇ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਣ ਦਾ ਐਲਾਨ ਕਰ ਦਿੱਤਾ।

ਸਥਾਨਕ ਬੱਸ ਸਟੈਂਡ ਰੋਡ 'ਤੇ ਇੱਕ ਕੈਫੇ 'ਚ ਬਾਅਦ ਦੁਪਹਿਰ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਪਾਰਟੀ ਛੱਡਣ ਦਾ ਐਲਾਨ ਕਰਦਿਆਂ ਕਾਮਰੇਡ ਇਸਮਾਇਲ ਨੇ ਕਿਹਾ ਕਿ ਗਰੀਬਾਂ, ਮਜ਼ਲੂਮਾਂ ਤੇ ਘੱਟ ਗਿਣਤੀਆਂ ਦੀ ਹਿਤੈਸ਼ੀ ਸਿਧਾਂਤਕ ਪਾਰਟੀ ਕਹਾਉਣ ਵਾਲੇ ਅਕਾਲੀ ਦਲ ਨੇ ਕੇਂਦਰ 'ਚ ਆਪਣੀ ਇੱਕ ਬਜ਼ੀਰੀ ਦੀ ਖਾਤਰ ਸੀ. ਏ. ਏ. ਦੇ ਮੁੱਦੇ 'ਤੇ ਘੱਟ ਗਿਣਤੀ ਮੁਸਲਿਮ ਭਾਈਚਾਰੇ ਦੇ ਨਾਲ ਖੜਣ ਦੀ ਬਜਾਏ ਨਾਗਰਿਕਤਾ ਸੋਧ ਬਿਲ ਦੀ ਹਮਾਇਤ ਕਰਕੇ ਪਾਰਟੀ ਸਿਧਾਂਤਾ ਦੀ ਬਲੀ ਦੇ ਦਿੱਤੀ ਹੈ। ਪਾਰਟੀ ਦੇ ਇਸ ਫੈਸਲੇ ਨਾਲ ਸਾਡੇ ਮਨਾਂ ਨੂੰ ਗਹਿਰੀ ਸੱਟ ਬੱਜੀ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਪਾਰਟੀ ਨੇ ਮੁਸਲਮਾਨਾਂ ਦੇ ਹਿੱਤਾਂ ਦੀ ਕੋਈ ਪਰਵਾਹ ਨਹੀਂ ਕੀਤੀ। ਜਿਸ ਕਾਰਨ ਮਜ਼ਬੂਰ ਹੋ ਕੇ ਅਸੀਂ ਅੱਜ ਪਾਰਟੀ ਨੂੰ ਛੱਡਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਲਦੀ ਹੀ ਪਾਰਟੀ ਦੇ ਕਈ ਹੋਰ ਆਗੂ ਵੀ ਅਕਾਲੀ ਦਲ ਨੂੰ ਛੱਡ ਕੇ ਸਾਡੇ ਨਾਲ ਆਉਣਗੇ। ਆਪਣੇ ਅਗਲੇ ਪ੍ਰੋਗਰਾਮ ਸਬੰਧੀ ਹਾਲੇ ਪੱਤੇ ਨਾ ਖੋਲ੍ਹਣ ਦਾ ਐਲਾਨ ਕਰਦਿਆਂ ਕਾਮਰੇਡ ਇਸਮਾਇਲ ਨੇ ਕਿਹਾ ਕਿ ਇਸ ਸਬੰਧੀ ਹਾਲੇ ਕੋਈ ਫੈਸਲਾ ਨਹੀਂ ਕੀਤਾ, ਪਰੰਤੂ ਜਲਦੀ ਹੀ ਉਹ ਤੇ ਉਸ ਦੇ ਸਾਥੀ ਆਪਣੇ ਵਰਕਰਾਂ ਨਾਲ ਸਲਾਹ ਮਸ਼ਵਰਾ ਕਰਕੇ ਭਵਿੱਖ ਦੀ ਰਣਨੀਤੀ ਉਲੀਕਣਗੇ। ਕਿਸੇ ਹੋਰ ਸਿਆਸੀ ਪਾਰਟੀ 'ਚ ਜਾਣ ਸਬੰਧੀ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਜਿਥੇ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਮਿਲੇਗਾ ਉਹ ਤੇ ਉਸਦੇ ਸਾਥੀ ਉਥੇ ਜਾਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੋਚ ਹਮੇਸ਼ਾ ਸੈਕੂਲਰ ਰਹੀ ਹੈ ਤੇ ਹੁਣ ਵੀ ਉਹ ਸੈਕੂਲਰ ਸੋਚ ਰੱਖਣ ਵਾਲੀ ਪਾਰਟੀ 'ਚ ਹੀ ਜਾਣਗੇ। ਕਾਮਰੇਡ ਇਸਮਾਇਲ ਦੇ ਨਾਲ ਇਸ ਮੌਕੇ ਪਾਰਟੀ ਛੱਡਣ ਵਾਲਿਆਂ 'ਚ ਮੁੱਖ ਤੌਰ 'ਤੇ  ਲਿਆਕਤ ਅਲੀ ਜਮਾਲਪੁਰਾ ਤੇ ਉਨ੍ਹਾਂ ਦੀ ਕੌਂਸਲਰ ਪਤਨੀ ਬੀਬੀ ਫਰੀਦਾ ਲਿਆਕਤ, ਟਕਸਾਲੀ ਅਕਾਲੀ ਆਗੂ ਗੁਲਜ਼ਾਰ ਖਾਂ, ਮੋਲਵੀ ਕਾਸਿਮ, ਹਾਜੀ ਮੁਹੰਮਦ ਅਖੱਤਰ, ਬਾਬੂ ਆੜਤੀਆ, ਮੁਹੰਮਦ ਅਨਵਰ ਸਮੇਤ ਕਈ ਹੋਰ ਸਥਾਨਕ ਅਕਾਲੀ ਆਗੂ ਤੇ ਸੈਂਕੜੇ ਵਰਕਰ ਸ਼ਾਮਲ ਸਨ।
 


Related News