ਪੰਜਾਬ ਖ਼ਿਲਾਫ਼ ਵੱਡੀ ਅੱਤਵਾਦੀ ਸਾਜ਼ਿਸ਼! ਮਲੇਸ਼ੀਆ ਤੋਂ DEPORT ਹੋਏ ਮੁਲਜ਼ਮਾਂ ਦੇ ਵੱਡੇ ਖ਼ੁਲਾਸੇ
Thursday, Aug 27, 2026 - 02:03 PM (IST)
ਲੁਧਿਆਣਾ (ਰਾਜ): ਮਲੇਸ਼ੀਆ ਤੋਂ ਹਾਲ ਹੀ ਵਿਚ ਡਿਪੋਰਟ ਕਰਕੇ ਭਾਰਤ ਲਿਆਂਦੇ ਗਏ ਤਿੰਨ ਸ਼ੱਕੀ ਵਿਅਕਤੀਆਂ ਤੋਂ ਪੁਲਸ ਅਤੇ ਖੁਫੀਆ ਏਜੰਸੀਆਂ ਦੀ ਪੁੱਛਗਿੱਛ ਦੌਰਾਨ ਸਰਹੱਦ ਪਾਰ ਤੋਂ ਚਲਾਏ ਜਾ ਰਹੇ ਨਾਰਕੋ-ਟੈਰਰ ਨੈੱਟਵਰਕ ਨੂੰ ਲੈ ਕੇ ਬੇਹੱਦ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. (ISI) ਪੰਜਾਬ ਵਿਚ ਅੱਤਵਾਦੀ ਵਾਰਦਾਤਾਂ ਅਤੇ ਧਮਾਕਿਆਂ ਨੂੰ ਅੰਜਾਮ ਦੇਣ ਲਈ ਸਥਾਨਕ ਗੈਂਗਸਟਰਾਂ ਅਤੇ ਜੇਲ੍ਹਾਂ ਵਿਚ ਬੰਦ ਸ਼ਾਤਰ ਕੈਦੀਆਂ ਦੀ ਵਰਤੋਂ ਕਰ ਰਹੀ ਹੈ। ਫੜੇ ਗਏ ਸ਼ੱਕੀ ਲੁਧਿਆਣਾ ਦੀ ਸਬਜ਼ੀ ਮੰਡੀ ਨੇੜੇ ਚੀਨ ਦੇ ਬਣੇ ਹੋਏ ਗ੍ਰਨੇਡ ਨਾਲ ਕੀਤੇ ਜਾਣ ਵਾਲੇ ਅਸਫ਼ਲ ਹਮਲੇ ਦੇ ਮੁੱਖ ਸਾਜ਼ਿਸ਼ਘੜਿਆਂ ਵਿਚ ਸ਼ਾਮਲ ਸਨ।
ਮਲੇਸ਼ੀਆ ਵਿਚ ਬੈਠੇ 'ਅਲੀ' ਰਾਹੀਂ ISI ਦਾ ਖੇਡ
ਪੁਲਸ ਅਧਿਕਾਰੀਆਂ ਅਨੁਸਾਰ, ਡਿਪੋਰਟ ਕੀਤੇ ਗਏ ਮੁਲਜ਼ਮਾਂ—ਅਜੇ ਮਲੇਸ਼ੀਆ, ਜਸਪ੍ਰੀਤ ਸਿੰਘ ਉਰਫ਼ ਜੱਸ ਬਹਿਬਲ ਅਤੇ ਪਵਨਦੀਪ ਸਿੰਘ ਤੋਂ ਹੋਈ ਬਾਰੀਕੀ ਨਾਲ ਪੁੱਛਗਿੱਛ ਵਿਚ ਅੰਤਰਰਾਸ਼ਟਰੀ ਨੈੱਟਵਰਕ ਦੀਆਂ ਪਰਤਾਂ ਖੁੱਲ੍ਹੀਆਂ ਹਨ। ਪਾਕਿਸਤਾਨ ਵਿਚ ਬੈਠਾ ਇਕ ਅੱਤਵਾਦੀ ਆਪਰੇਟਰ ਇਸ ਪੂਰੇ ਨੈੱਟਵਰਕ ਨੂੰ ਚਲਾ ਰਿਹਾ ਸੀ। ਉਹ ਮਲੇਸ਼ੀਆ ਵਿਚ ਰਹਿ ਰਹੇ 'ਅਲੀ' ਨਾਮ ਦੇ ਵਿਅਕਤੀ ਰਾਹੀਂ ਦਿਸ਼ਾ-ਨਿਰਦੇਸ਼ ਦੇ ਰਿਹਾ ਸੀ। ਮਲੇਸ਼ੀਆ ਵਿਚ ਰਹਿਣ ਦੌਰਾਨ ਜੱਸ ਬਹਿਬਲ ਦੀ ਮੁਲਾਕਾਤ ਅਲੀ ਨਾਲ ਹੋਈ, ਜੋ ਸਿੱਧੇ ਤੌਰ 'ਤੇ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਦੇ ਸੰਪਰਕ ਵਿਚ ਸੀ। ਅਲੀ ਰਾਹੀਂ ਹੀ ਜੱਸ ਅਤੇ ਉਸ ਦੇ ਸਾਥੀ ਆਈ.ਐੱਸ.ਆਈ. ਹੈਂਡਲਰਾਂ ਨਾਲ ਜੁੜੇ। ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਅਜੇ ਮਲੇਸ਼ੀਆ ਪਹਿਲਾਂ ਤੋਂ ਹੀ ਖ਼ਾਲਿਸਤਾਨੀ ਕੱਟੜਪੰਥੀਆਂ ਅਤੇ ਵਿਦੇਸ਼ੀ ਹੈਂਡਲਰਾਂ ਦੇ ਸੰਪਰਕ ਵਿਚ ਸੀ।
ਜੇਲ੍ਹਾਂ ਵਿਚੋਂ ਚੱਲ ਰਿਹਾ ਸੀ ਨੈੱਟਵਰਕ, 6 ਕੈਦੀਆਂ ਸਮੇਤ 10 ਪਹਿਲਾਂ ਹੀ ਗ੍ਰਿਫ਼ਤਾਰ
ਪੁਲਸ ਮੁਤਾਬਕ, ਇਸ ਪੂਰੀ ਅੱਤਵਾਦੀ ਸਾਜ਼ਿਸ਼ ਦੀਆਂ ਤਾਰਾਂ ਪੰਜਾਬ ਅਤੇ ਰਾਜਸਥਾਨ ਦੀਆਂ ਜੇਲ੍ਹਾਂ ਨਾਲ ਜੁੜੀਆਂ ਹੋਈਆਂ ਸਨ। ਇਸ ਮਾਮਲੇ ਵਿਚ ਪੁਲਸ 10 ਹੋਰ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ, ਜਿਨ੍ਹਾਂ ਵਿਚ ਸ੍ਰੀ ਮੁਕਤਸਰ ਸਾਹਿਬ, ਸ੍ਰੀ ਗੰਗਾਨਗਰ ਅਤੇ ਫ਼ਰੀਦਕੋਟ ਦੀਆਂ ਜੇਲ੍ਹਾਂ ਵਿਚ ਬੰਦ 6 ਕੈਦੀ ਸ਼ਾਮਲ ਹਨ। ਰਾਜਸਥਾਨ ਦੇ ਗੰਗਾਨਗਰ ਦੇ ਰਹਿਣ ਵਾਲੇ ਅਜੇ ਅਤੇ ਫ਼ਰੀਦਕੋਟ ਦੇ ਰਹਿਣ ਵਾਲੇ ਜੱਸ ਬਹਿਬਲ ਨੇ ਜੇਲ੍ਹ ਵਿੱਚ ਬੰਦ ਆਪਣੇ ਸੰਪਰਕਾਂ ਰਾਹੀਂ ਜ਼ਮੀਨੀ ਪੱਧਰ 'ਤੇ ਨਵੇਂ ਨੌਜਵਾਨਾਂ ਨੂੰ ਸਾਜ਼ਿਸ਼ ਵਿਚ ਸ਼ਾਮਲ ਕੀਤਾ।
ਅੰਮ੍ਰਿਤਸਰ ਤੋਂ ਲੁਧਿਆਣਾ ਪਹੁੰਚੇ ਸਨ ਗ੍ਰਨੇਡ
ਇਸ ਤੋਂ ਪਹਿਲਾਂ ਲੁਧਿਆਣਾ ਦੇ ਸ਼ਿਵਪੁਰੀ ਚੌਕ ਨੇੜੇ ਗਸ਼ਤ ਦੌਰਾਨ ਪੁਲਸ ਨੇ ਕੁਲਦੀਪ ਨਾਮਕ ਨੌਜਵਾਨ ਨੂੰ ਗ੍ਰਨੇਡਾਂ ਨਾਲ ਭਰੇ ਬੈਗ ਸਮੇਤ ਦਬੋਚਿਆ ਸੀ, ਜਦੋਂ ਕਿ ਉਸ ਦਾ ਸਾਥੀ ਸ਼ੇਖਰ ਫ਼ਰਾਰ ਹੋ ਗਿਆ ਸੀ। ਪੁੱਛਗਿੱਛ ਵਿਚ ਖ਼ੁਲਾਸਾ ਹੋਇਆ ਸੀ ਕਿ ਮੁਕਤਸਰ ਜੇਲ੍ਹ ਵਿਚ ਬੰਦ ਕੈਦੀਆਂ ਦੇ ਨਿਰਦੇਸ਼ਾਂ 'ਤੇ ਹੀ ਉਹ ਅੰਮ੍ਰਿਤਸਰ ਤੋਂ ਇਹ ਵਿਸਫੋਟਕ ਲਿਆ ਕੇ ਲੁਧਿਆਣਾ ਵਿਚ ਧਮਾਕਾ ਕਰਨ ਪਹੁੰਚੇ ਸਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪ੍ਰਸਤਾਵਿਤ ਗ੍ਰਨੇਡ ਹਮਲਾ ਸਰਹੱਦ ਪਾਰ ਬੈਠੇ ਹੈਂਡਲਰਾਂ ਨਾਲ ਤੈਅ ਹੋਏ ਸੌਦੇ ਤਹਿਤ ਕੀਤਾ ਜਾਣਾ ਸੀ। ਅਜੇ ਮਲੇਸ਼ੀਆ ਪਹਿਲਾਂ ਹੀ ਪਾਕਿਸਤਾਨੀ ਹੈਂਡਲਰਾਂ ਲਈ ਨਸ਼ੀਲੇ ਪਦਾਰਥਾਂ (ਡਰੱਗਜ਼) ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦਾ ਸਮਾਨ ਰਿਸੀਵ ਕਰ ਰਿਹਾ ਸੀ। ਇਸ ਦੇ ਬਦਲੇ ਪਾਕਿਸਤਾਨੀ ਆਕਾਵਾਂ ਨੇ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਤਸਕਰੀ ਦੇ ਸੁਰੱਖਿਅਤ ਰੂਟ ਅਤੇ ਵਿੱਤੀ ਮਦਦ ਦੇਣ ਦਾ ਵਾਅਦਾ ਕੀਤਾ ਸੀ, ਜਿਸ ਦੇ ਬਦਲੇ ਉਨ੍ਹਾਂ ਨੇ ਲੁਧਿਆਣਾ ਵਿਚ ਗ੍ਰਨੇਡ ਧਮਾਕਾ ਕਰਕੇ ਦਹਿਸ਼ਤ ਫੈਲਾਉਣੀ ਸੀ।
ਸੁਰੱਖਿਆ ਏਜੰਸੀਆਂ ਚੌਕਸ
ਸੁਰੱਖਿਆ ਏਜੰਸੀਆਂ ਅਨੁਸਾਰ, ਪਾਕਿਸਤਾਨ ਦੀ ਆਈ.ਐੱਸ.ਆਈ. ਪੰਜਾਬ ਵਿਚ ਸ਼ਾਂਤੀ ਭੰਗ ਕਰਨ ਲਈ 'ਨਾਰਕੋ-ਟੈਰਰ' ਮਾਡਲ ਤਹਿਤ ਡਰੱਗ ਸਿੰਡੀਕੇਟ ਅਤੇ ਸੰਗਠਿਤ ਗੈਂਗਸਟਰ ਨੈੱਟਵਰਕ ਦਾ ਗੱਠਜੋੜ ਬਣਾ ਰਹੀ ਹੈ। ਸਰਹੱਦ ਪਾਰ ਤੋਂ ਡਰੋਨਾਂ ਰਾਹੀਂ ਹਥਿਆਰ ਅਤੇ ਵਿਸਫੋਟਕ ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਸੁੱਟੇ ਜਾਂਦੇ ਹਨ ਅਤੇ ਫਿਰ ਜੇਲ੍ਹਾਂ ਵਿਚ ਬੈਠੇ ਗੈਂਗਸਟਰ ਆਪਣੇ ਗੁਰਗਿਆਂ ਰਾਹੀਂ ਇਨ੍ਹਾਂ ਨੂੰ ਵੱਖ-ਵੱਖ ਸ਼ਹਿਰਾਂ ਵਿਚ ਪਹੁੰਚਾਉਂਦੇ ਹਨ। ਪੁਲਸ ਹੁਣ ਇਸ ਪੂਰੇ ਨੈੱਟਵਰਕ ਨਾਲ ਜੁੜੇ ਹੋਰ ਸਲੀਪਰ ਸੈੱਲਾਂ ਅਤੇ ਮਦਦਗਾਰਾਂ ਦੀ ਭਾਲ ਵਿਚ ਜੁਟੀ ਹੋਈ ਹੈ।
