DIWALI ਮੌਕੇ ਲੁਧਿਆਣਾ ਵਾਸੀਆਂ ਨੂੰ ਮਿਲਿਆ ''ਖ਼ਾਸ ਤੋਹਫ਼ਾ''! ਵਾਪਸ ਮਿਲੇ 1,25,00,000 ਰੁਪਏ ਦੇ ਗੁਆਚੇ ਹੋਏ ਫ਼ੋਨ
Saturday, Nov 07, 2026 - 04:53 PM (IST)
ਲੁਧਿਆਣਾ (ਰਾਜ): ਦੀਵਾਲੀ ਮੌਕੇ ਕਮਿਸ਼ਨਰੇਟ ਪੁਲਸ ਲੁਧਿਆਣਾ ਨੇ ਸ਼ਹਿਰਵਾਸੀਆਂ ਨੂੰ ਇਕ ਖ਼ਾਸ ਤੋਹਫ਼ਾ ਦਿੱਤਾ ਹੈ। ਪੁਲਸ ਦੀ ਆਧੁਨਿਕ ਡਿਜੀਟਲ ਟ੍ਰੈਕਿੰਗ ਤੇ ਕੇਂਦਰ ਸਰਕਾਰ ਦੀ ਵਿਸ਼ੇਸ਼ ਸੀ. ਈ. ਆਈ. ਆਰ. ਪੋਰਟਲ ਦੀ ਮਦਦ ਨਾਲ ਵੱਖ-ਵੱਖ ਥਾਵਾਂ ਤੋਂ ਗੁੰਮ ਹੋਏ ਤਕਰੀਬਨ 1.25 ਕਰੋੜ ਰੁਪਏ ਕੀਮਤ ਦੇ 700 ਤੋਂ ਵੱਧ ਮੋਬਾਈਲ ਫ਼ੋਨ ਟ੍ਰੇਸ ਕਰ ਕੇ ਬਰਾਮਦ ਕਰ ਲਏ ਗਏ ਹਨ। ਪੁਲਸ ਵੱਲੋਂ ਆਯੋਜਿਤ ਵਿਸ਼ੇਸ਼ ਪ੍ਰੋਗਰਾਮ ਦੌਰਾਨ ਇਹ ਸਾਰੇ ਬਰਾਮਦ ਮੋਬਾਈਲ ਫ਼ੋਨ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਸੌਂਪੇ ਗਏ, ਜਿਸ ਨਾਲ ਲੋਕਾਂ ਦੇ ਚੇਹਰਿਆਂ 'ਤੇ ਖੁਸ਼ੀਆਂ ਪਰਤ ਆਈਆਂ।
ਪੁਲਸ ਕਮਿਸ਼ਨਰੇਟ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ, ਸੜਕਾਂ, ਪਾਰਕਾਂ ਤੇ ਹੋਰ ਥਾਵਾਂ ਤੋਂ ਆਮ ਨਾਗਰਿਕਾਂ ਦੇ ਕੀਮਤੀ ਮੋਬਾਈਲ ਫ਼ੋਨ ਡਿੱਗਣ ਜਾਂ ਗੁੰਮ ਹੋਣ ਦੀਆਂ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਸਨ। ਕਮਿਸ਼ਨਰੇਟ ਪੁਲਸ ਦੀ ਸਾਈਬਰ ਤੇ ਟੈਕਨਿਕਲ ਸੈੱਲ ਨੇ ਇਨ੍ਹਾਂ ਸ਼ਿਕਾਇਤਾਂ 'ਤੇ ਤੁਰੰਤ ਐਕਸ਼ਨ ਲੈਂਦਿਆਂ ਸੀ. ਈ. ਆਈ. ਆਰ. ਪੋਰਟਲ ਰਾਹੀਂ ਡਿਜੀਟਲ ਟ੍ਰੈਕਿੰਗ ਸ਼ੁਰੂ ਕੀਤੀ। ਤਕਨੀਕੀ ਟੀਮਾਂ ਦੀ ਸਖ਼ਤ ਮਿਹਨਤ ਦੇ ਦਮ 'ਤੇ ਪੁਲਸ ਨੇ ਕੁੱਲ 700 ਤੋਂ ਵੱਧ ਮੋਬਾਈਲ ਫ਼ੋਨ, ਜਿਨ੍ਹਾਂ ਦੀ ਕੁੱਲ ਬਾਜ਼ਾਰੀ ਕੀਮਤ 1.25 ਕਰੋੜ ਰੁਪਏ ਦੱਸੀ ਜਾ ਰਹੀ ਹੈ, ਸਫ਼ਲਤਾਪੂਰਵਕ ਟ੍ਰੇਸ ਕਰ ਕੇ ਬਰਾਮਦ ਕੀਤੇ। ਦੀਵਾਲੀ ਮੌਕੇ ਜਦੋਂ ਲੋਕਾਂ ਨੂੰ ਆਪਣੇ ਗੁਆਚੇ ਫ਼ੋਨ ਵਾਪਸ ਮਿਲੇ ਤਾਂ ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ।
