ਕੋਰੋਨਾ ਨਾਲ ਜੰਗ ''ਚ ਸਹਿਯੋਗ ਦੇ ਰਹੀ 88 ਸਾਲਾ ਔਰਤ, ਘਰ ਬੈਠੇ ਰੋਜ਼ਾਨਾ ਬਣਾ ਰਹੀ 150 ਮਾਸਕ

04/28/2020 8:50:58 PM

ਜ਼ੀਕਰਪੁਰ/ਮੋਹਾਲੀ (ਗੁਰਪ੍ਰੀਤ) : ਕੋਰੋਨਾ ਵਰਗੀ ਘਾਤਕ ਬਿਮਾਰੀ 'ਚ ਜਿੱਥੇ ਸਮਾਜਿਕ ਸੰਸਥਾਵਾਂ ਲੋਕਾਂ ਦੀ ਮਦਦ ਕਰਨ 'ਚ ਲੱਗੀਆਂ ਹੋਈਆਂ ਹਨ, ਉਥੇ ਹੀ ਲੋਕ ਵੀ ਆਪਣੇ ਪੱਧਰ 'ਤੇ ਇਸ ਸੰਕਟ ਦੀ ਘੜੀ 'ਚ ਪੂਰਾ ਸਹਿਯੋਗ ਦੇਣ ਲਈ ਕੰਮ ਕਰ ਰਹੇ ਹਨ। ਇੰਝ ਹੀ ਮੋਹਾਲੀ ਦੀ ਇਕ 88 ਸਾਲ ਦੀ ਬਜ਼ੁਰਗ ਔਰਤ ਕੋਰੋਨਾ ਨੂੰ ਮਾਤ ਦੇਣ ਲਈ ਇਕ ਯੋਧੇ ਦੀ ਤਰ੍ਹਾਂ ਦਿਨ ਰਾਤ ਕੰਮ ਕਰ ਰਹੀ ਹੈ। ਬਜ਼ੁਰਗ ਔਰਤ ਵਲੋਂ ਰੋਜ਼ਾਨਾ 150 ਮਾਸਕ ਬਣਾਏ ਜਾ ਰਹੇ ਹਨ ਤਾਂ ਕਿ ਸੰਕਟ ਦੀ ਇਸ ਘੜੀ 'ਚ ਲੋਕਾਂ ਨੂੰ ਇਸ ਬੀਮਾਰੀ ਤੋਂ ਬਚਾਇਆ ਜਾ ਸਕੇ। ਭਾਰਤੀ ਫੌਜ ਦੇ ਜਵਾਨ ਦੀ ਪਤਨੀ ਫੇਜ਼-1 ਨਿਵਾਸੀ 88 ਸਾਲ ਦੀ ਬਜ਼ੁਰਗ ਭੁਪਿੰਦਰ ਕੌਰ ਬੇਦੀ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਉਨ੍ਹਾਂ ਨੂੰ ਇਹ ਜਾਣ ਕੇ ਕਾਫ਼ੀ ਚਿੰਤਾ ਹੋਈ ਕਿ ਡਾਕਟਰ ਅਤੇ ਹੈਲਥਕੇਅਰ ਵਰਕਰਾਂ ਨੂੰ ਵੀ ਮਾਸਕ ਦੀ ਕਮੀ ਆ ਰਹੀ ਹੈ। ਉਨ੍ਹਾਂ ਨੂੰ ਖੁਦ ਮਾਸਕ ਖਰੀਦਣੇ ਪੈ ਰਹੇ ਹਨ।

PunjabKesari

ਸੈਂਪਲ ਦੇਖ ਕੇ ਮਾਸਕ ਬਣਾਉਣੇ ਕੀਤੇ ਸ਼ੁਰੂ
ਇਸ ਤੋਂ ਬਾਅਦ ਉਨ੍ਹਾਂ ਨੇ ਮਾਸਕ ਦਾ ਇਕ ਸੈਂਪਲ ਦੇਖਿਆ, ਉਨ੍ਹਾਂ ਨੂੰ ਲੱਗਿਆ ਕਿ ਮਾਸਕ ਬਣਾਉਣ ਦਾ ਕੰਮ ਤਾਂ ਬਹੁਤ ਹੀ ਆਸਾਨ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਮਾਸਕ ਬਣਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਦੱਸਿਆ ਕਿ ਲਾਕਡਾਊਨ ਦੇ ਚਲਦੇ ਦੁਕਾਨਾਂ ਬੰਦ ਹਨ, ਜਿਸ ਕਾਰਨ ਉਨ੍ਹਾਂ ਨੂੰ ਮਾਸਕ ਬਣਾਉਣ ਲਈ ਨਵਾਂ ਕੱਪੜਾ ਨਹੀਂ ਮਿਲ ਸਕਿਆ ਪਰ ਫਿਰ ਵੀ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਕੁੱਝ ਪੁਰਾਣੇ ਕੱਪੜਿਆਂ ਦੇ ਟੁਕੜੇ ਅਤੇ ਆਪਣੇ ਬੱਚਿਆਂ ਲਈ ਰੱਖੇ ਕੁੱਝ ਨਵੇਂ ਸੂਤੀ ਕੱਪੜੇ ਵੀ ਇਸਤੇਮਾਲ ਕਰਕੇ ਮਾਸਕ ਤਿਆਰ ਕਰ ਰਹੀ ਹੈ।

ਭੁਪਿੰਦਰ ਕੌਰ ਬੇਦੀ ਨੇ ਦੱਸਿਆ ਕਿ ਜਿਸ ਮਸ਼ੀਨ ਨਾਲ ਉਹ ਰੋਜ਼ਾਨਾ ਮਾਸਕ ਤਿਆਰ ਕਰ ਰਹੀ ਹੈ, ਮਸ਼ੀਨ ਉਨ੍ਹਾਂ ਨੂੰ ਵਿਆਹ 'ਚ ਮਿਲੀ ਸੀ। ਉਨ੍ਹਾਂ ਦੱਸਿਆ ਕਿ ਸਵੇਰੇ ਉਹ ਆਪਣੀ ਨੂੰਹ ਸੀਨੀਅਰ ਬਾਲ ਰੋਗ ਮਾਹਰ ਨਾਲ ਮਿਲ ਕੇ ਮਾਸਕ ਬਣਾਉਂਦੀ ਹੈ। ਬਜ਼ੁਰਗ ਔਰਤ ਨੇ ਦੱਸਿਆ ਕਿ ਸ਼ੁਰੂ 'ਚ ਉਨ੍ਹਾਂ ਨੇ ਆਪਣੇ ਡਾਕਟਰ ਬੇਟੇ ਐੱਚ.ਐੱਸ. ਬੇਦੀ ਨੂੰ ਮਾਸਕ ਵੰਡਣ ਨੂੰ ਦਿੱਤੇ। ਉਨ੍ਹਾਂ ਦਾ ਪੁੱਤਰ ਇਕ ਨਾਮੀ ਪ੍ਰਾਈਵੇਟ ਹਸਪਤਾਲ 'ਚ ਦਿਲ ਦੇ ਰੋਗ ਦਾ ਸੀਨਅਰ ਮਾਹਰ ਹੈ। ਬਾਅਦ 'ਚ ਉਨ੍ਹਾਂ ਨੇ ਗਰੀਬ ਲੋਕਾਂ ਨੂੰ ਮਾਸਕ ਦੇਣੇ ਸ਼ੁਰੂ ਕੀਤੇ। ਭੁਪਿਦੰਰ ਕੌਰ ਬੇਦੀ ਨੇ ਦੱਸਿਆ ਕਿ ਉਹ ਭਾਰਤੀ ਫੌਜ ਦੇ ਜਵਾਨ ਦੀ ਪਤਨੀ ਹੈ। ਉਥੇ ਹੀ, ਤਿੰਨ ਡਾਕਟਰ ਬੇਟਿਆਂ ਦੀ ਮਾਂ ਵੀ ਹੈ। ਉਨ੍ਹਾਂ ਦੀਆਂ ਤਿੰਨ ਨੂੰਹਾਂ ਅਤੇ ਇਕ ਪੋਤਾ ਵੀ ਡਾਕਟਰ ਹੈ।

ਇਹ ਵੀ ਪੜ੍ਹੋ ► ਤਰਨਤਾਰਨ 'ਚ ਕੋਰੋਨਾ ਦੀ ਦਸਤਕ, ਨਾਂਦੇੜ ਸਾਹਿਬ ਤੋਂ ਪਰਤੇ ਜੱਥੇ 'ਚੋਂ 6 ਸ਼ਰਧਾਲੂ ਮਿਲੇ 'ਕੋਰੋਨਾ' ਪਾਜ਼ੇਟਿਵ   ► 

 


Anuradha

Content Editor

Related News