ਸਾਬਕਾ ਮੇਅਰ ਅਜੀਤਪਾਲ ਕੋਹਲੀ ਦੇ ਪੁੱਤਰਾਂ ਨੇ ਜਿੱਤੇ ਸਿਲਵਰ ਤੇ ਕਾਂਸੀ ਤਮਗੇ
Sunday, Jul 23, 2017 - 07:33 AM (IST)

ਪਟਿਆਲਾ (ਰਾਜੇਸ਼) - ਪਟਿਆਲਾ ਦੇ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਦੇ ਦੋਨੋਂ ਪੁੱਤਰਾਂ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਦੇ ਪੋਤਿਆਂ ਨੇ ਤਾਇਕਵਾਂਡੋ ਚੈਂਪੀਅਨਸ਼ਿਪ ਵਿਚ ਸਿਲਵਰ ਤੇ ਕਾਂਸੀ ਤਮਗੇ ਜਿੱਤ ਕੇ ਦੇਸ਼, ਪੰਜਾਬ ਤੇ ਪਟਿਆਲਾ ਦਾ ਨਾਂ ਚਮਕਾਇਆ ਹੈ। ਵਰਲਡ ਤਾਇਕਵਾਂਡੋ ਚੈਂਪੀਅਨਸ਼ਿਪ ਵੱਲੋਂ ਸਾਊੂਥ ਕੋਰੀਆ ਦੇ ਚੁਨਚਿਓਨ ਸ਼ਹਿਰ ਵਿਚ ਆਯੋਜਿਤ ਇੰਟਰਨੈਸ਼ਨਲ ਤਾਇਕਵਾਂਡੋ ਚੈਂਪੀਅਨਸ਼ਿਪ 2017 ਵਿਚ ਸੰਸਾਰ ਦੇ ਕੁਲ 30 ਦੇਸ਼ਾਂ ਦੇ ਖਿਡਾਰੀਆਂ ਨੇ ਸ਼ਿਰਕਤ ਕੀਤੀ। ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਦੇ ਵੱਡੇ ਪੁੱਤਰ ਤੇ ਲਾਰੈਂਸ ਸਕੂਲ ਸਨਾਵਰ ਦੇ ਵਿਦਿਆਰਥੀ ਆਰਿਆਮਾਨ ਸਿੰਘ ਨੇ ਅੰਡਰ-14 ਗਰੁੱਪ ਵਿਚ ਦੂਜਾ ਸਥਾਨ ਹਾਸਲ ਕਰ ਕੇ ਸਿਲਵਰ ਮੈਡਲ ਜਿੱਤਿਆ।
ਇਸੇ ਤਰ੍ਹਾਂ ਪਟਿਆਲਾ ਦੇ ਵਾਈ. ਪੀ. ਐੈੱਸ. ਸਕੂਲ ਵਿਚ ਪੜ੍ਹ ਰਹੇ ਅਮੇਰ ਸਿੰਘ ਨੇ ਅੰਡਰ 10 ਗਰੁੱਪ ਵਿਚ ਤੀਜਾ ਸਥਾਨ ਹਾਸਲ ਕਰ ਕੇ ਭਾਰਤ ਲਈ ਕਾਂਸੇ ਦਾ ਤਮਗਾ ਜਿੱਤਿਆ ਹੈ। ਉਹ ਚੌਥੀ ਕਲਾਸ ਦਾ ਵਿਦਿਆਰਥੀ ਹੈ। ਇਸ ਦੇ ਨਾਲ ਹੀ ਦੋਵੇਂ ਨੰਨ੍ਹੇ ਖਿਡਾਰੀਆਂ ਦਾ ਉਜ਼ਬੇਕਿਸਤਾਨ ਵਿਚ ਹੋਣ ਵਾਲੇ ਟੂਰਨਾਮੈਂਟ ਲਈ ਵੀ ਚੋਣ ਹੋ ਗਈ ਹੈ।