ਬਲਕਾਰ ਸਿੰਘ ਸੰਧੂ ਦੇ ਸਿਰ ਸਜ ਸਕਦੈ ਮੇਅਰ ਦੇ ਅਹੁਦੇ ਦਾ ਤਾਜ!
Monday, Mar 26, 2018 - 07:35 AM (IST)
ਲੁਧਿਆਣਾ, (ਹਿਤੇਸ਼)- ਨਗਰ ਨਿਗਮ ਦੇ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਜਿੱਤਣ ਦੇ ਇਕ ਮਹੀਨੇ ਬਾਅਦ ਅੱਜ ਸਹੁੰ ਚੁਕਾਈ ਜਾਵੇਗੀ, ਉਸ ਦੇ ਨਾਲ ਹੀ ਮੇਅਰ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਵੀ ਕੀਤੀ ਜਾਵੇਗੀ। ਇਸ ਬਾਰੇ ਡਵੀਜ਼ਨਲ ਕਮਿਸ਼ਨਰ ਦੁਆਰਾ ਕੌਂਸਲਰਾਂ ਅਤੇ ਵਿਧਾਇਕਾਂ ਨੂੰ ਸੱਦਾ ਦਿੱਤਾ ਜਾ ਚੁੱਕਾ ਹੈ, ਜਦੋਂ ਕਿ ਜ਼ੋਨ ਏ ਆਫਿਸ ਮਾਤਾ ਰਾਣੀ ਚੌਕ ਵਿਚ ਹੋਣ ਵਾਲੇ ਸਮਾਰੋਹ ਨੂੰ ਸਫਲ ਬਣਾਉਣ ਲਈ ਕਮਿਸ਼ਨਰ ਵੱਲੋਂ ਸਬੰਧਤ ਅਧਿਕਾਰੀਆਂ ਦੀ ਡਿਊਟੀ ਲਾ ਦਿੱਤੀ ਹੈ, ਜਿੱਥੇ ਸਿਰਫ ਕੌਂਸਲਰਾਂ ਨੂੰ ਹੀ ਐਂਟਰੀ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਮੇਅਰ ਦੀ ਚੋਣ ਹੋਣ ਤੱਕ ਬਾਹਰ ਜਾਂ ਫਸਟ ਫਲੋਰ 'ਤੇ ਇੰਤਜ਼ਾਰ ਕਰਨਾ ਪਵੇਗਾ।
ਮੇਅਰ ਬਣਾਉਣ ਲਈ ਨਾਵਾਂ ਦਾ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ 'ਚ ਫੈਸਲਾ ਕਰ ਕੇ ਲਿਫਾਫੇ ਵਿਚ ਬੰਦ ਕਰ ਦਿੱਤਾ ਗਿਆ ਹੈ। ਉਸ ਨੂੰ ਜਨਰਲ ਹਾਊਸ ਵਿਚ ਹੀ ਖੋਲ੍ਹਿਆ ਜਾਵੇਗਾ ਪਰ ਸਿਆਸੀ ਗਲਿਆਰਿਆਂ ਵਿਚ ਜੋ ਚਰਚਾ ਸੁਣਨ ਨੂੰ ਮਿਲ ਰਹੀ ਹੈ, ਉਸ ਦੇ ਮੁਤਾਬਕ ਬਲਕਾਰ ਸੰਧੂ ਦੇ ਸਿਰ ਮੇਅਰ ਦਾ ਤਾਜ ਸਜ ਸਕਦਾ ਹੈ, ਜਦੋਂ ਕਿ ਸੀਨੀਅਰ ਡਿਪਟੀ ਮੇਅਰ ਲਈ ਸ਼ਾਮ ਸੁੰਦਰ ਮਲਹੋਤਰਾ ਦਾ ਨਾਂ ਤੈਅ ਹੋਣ ਦੀ ਚਰਚਾ ਹੈ। ਇਸ ਤੋਂ ਇਲਾਵਾ ਡਿਪਟੀ ਮੇਅਰ ਲਈ ਸਰਬਜੀਤ ਕੌਰ ਸ਼ਿਮਲਾਪੁਰੀ ਦਾ ਨਾਂ ਫਾਈਨਲ ਹੋਣ ਦੀ ਖ਼ਬਰ ਹੈ।
ਹੁਣ ਸ਼ੁਰੂ ਹੋਵੇਗੀ ਐੱਫ. ਐਂਡ ਸੀ. ਸੀ. ਮੈਂਬਰ ਬਣਨ ਦੀ ਲੜਾਈ
ਮੇਅਰ ਬਣਨ ਦੇ ਬਾਅਦ ਹੁਣ ਐੱਫ. ਐਂਡ ਸੀ. ਸੀ. ਮੈਂਬਰ ਬਣਨ ਲਈ ਲੜਾਈ ਸ਼ੁਰੂ ਹੋ ਜਾਵੇਗੀ ਕਿਉਂਕਿ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਤੋਂ ਬਾਅਦ ਨਗਰ ਨਿਗਮ ਵਿਚ ਐੱਫ. ਐਂਡ ਸੀ. ਸੀ. ਦੇ ਦੋ ਮੈਂਬਰਾਂ ਨੂੰ ਹੀ ਸਭ ਤੋਂ ਅਹਿਮ ਅਹੁਦਾ ਮੰਨਿਆ ਜਾਂਦਾ ਹੈ। ਹੁਣ ਜਿਨ੍ਹਾਂ ਕੌਂਸਲਰਾਂ ਨੂੰ ਪਹਿਲਾਂ ਤਿੰਨ ਅਹੁਦਿਆਂ 'ਚੋਂ ਕੋਈ ਕੁਰਸੀ ਨਹੀਂ ਮਿਲੀ, ਉਹ ਹੁਣ ਐੱਫ. ਐਂਡ ਸੀ. ਸੀ. ਮੈਂਬਰ ਬਣਨ ਲਈ ਜ਼ੋਰ ਅਜ਼ਮਾਇਸ਼ ਕਰਨ ਵਿਚ ਲੱਗ ਗਏ ਹਨ।
ਦਾਅਵੇਦਾਰਾਂ ਨੂੰ ਮਿਲਿਆ ਕਿਸੇ ਹੋਰ ਅਹੁਦੇ 'ਤੇ ਅਡਜਸਟ ਕਰਨ ਦਾ ਵਿਸ਼ਵਾਸ
ਮੇਅਰ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਬਣਨ ਲਈ ਚਾਰ ਤੋਂ ਪੰਜ ਵਾਰ ਜਿੱਤੇ ਕੌਂਸਲਰਾਂ ਵੱਲੋਂ ਦਾਅਵੇਦਾਰੀ ਪੇਸ਼ ਕੀਤੀ ਗਈ ਸੀ, ਜਿਨ੍ਹਾਂ 'ਚ ਜ਼ਿਲਾ ਕਾਂਗਰਸ ਪ੍ਰਧਾਨ ਗੁਰਪ੍ਰੀਤ ਗੋਗੀ, ਪਾਲ ਸਿੰਘ ਗਰੇਵਾਲ, ਰਾਕੇਸ਼ ਪ੍ਰਾਸ਼ਰ, ਜੈ ਪ੍ਰਕਾਸ਼, ਗੁਰਦੀਪ ਨੀਟੂ ਦੇ ਨਾਂ ਪ੍ਰਮੁੱਖ ਰੂਪ 'ਚ ਸ਼ਾਮਲ ਹਨ ਜਿਨ੍ਹਾਂ ਨੂੰ ਮੇਅਰ ਦੇ ਤਿੰਨਾਂ ਅਹੁਦਿਆਂ 'ਤੇ ਮੌਕਾ ਨਾ ਮਿਲਣ ਦੀ ਸੂਰਤ ਵਿਚ ਕੋਈ ਹੋਰ ਅਹੁਦਾ ਦੇਣ ਦਾ ਵਿਸ਼ਵਾਸ ਦਿਵਾਇਆ ਗਿਆ ਹੈ।
ਸਾਰੇ ਹਲਕਿਆਂ ਦੀ ਹੋਵੇਗੀ ਅਡਜਸਟਮੈਂਟ
ਮੇਅਰ ਬਣਾਉਣ ਲਈ ਨਾਵਾਂ ਦਾ ਫੈਸਲਾ ਲੈਂਦੇ ਸਮੇਂ ਜਾਤੀ ਸਮੀਕਰਨ ਦਾ ਤਾਂ ਧਿਆਨ ਰੱਖਿਆ ਹੀ ਗਿਆ ਹੈ। ਸਾਰੇ ਹਲਕਿਆਂ ਦੀ ਅਡਜਸਟਮੈਂਟ ਦਾ ਪਹਿਲੂ ਵੀ ਸ਼ਾਮਲ ਕੀਤਾ ਗਿਆ ਹੈ। ਜੇਕਰ ਮੌਜੂਦਾ ਚਰਚੇ ਮੁਤਾਬਕ ਹੀ ਮੇਅਰ ਬਣ ਗਏ ਤਾਂ ਹਲਕਾ ਵੈਸਟ, ਸੈਂਟਰਲ ਅਤੇ ਸਾਊਥ ਨੂੰ ਜਗ੍ਹਾ ਮਿਲ ਜਾਵੇਗੀ। ਉਸ ਦੇ ਬਾਅਦ ਬਾਕੀ ਬਚੇ ਐੱਫ ਐਂਡ ਸੀ. ਸੀ. ਮੈਂਬਰ ਦੀਆਂ ਦੋ ਪੋਸਟਾਂ 'ਤੇ ਹਲਕਾ ਉੱਤਰੀ ਅਤੇ ਆਤਮ ਨਗਰ ਦੇ ਕੌਂਸਲਰਾਂ ਨੂੰ ਜਗ੍ਹਾ ਮਿਲਣ ਦੀ ਉਮੀਦ ਹੈ।
ਕੌਂਸਲਰਾਂ ਨੂੰ ਇਕ ਘੰਟਾ ਪਹਿਲਾਂ ਪਤਾ ਚੱਲਣਗੇ ਨਾਂ
ਨਗਰ ਨਿਗਮ ਦੇ ਨਵੇਂ ਬਣਨ ਵਾਲੇ ਮੇਅਰਾਂ ਦੇ ਨਾਂ ਭਲੇ ਹੀ ਕਾਫ਼ੀ ਹੱਦ ਤੱਕ ਸਾਫ਼ ਹੋ ਚੁੱਕੇ ਹਨ ਪਰ ਹੁਣ ਕੋਈ ਵੀ ਕਲੀਅਰ ਨਹੀਂ ਹੈ। ਇਥੇ ਤੱਕ ਕਿ ਕੌਂਸਲਰਾਂ ਨੂੰ ਇਕ ਘੰਟਾ ਪਹਿਲਾਂ ਹੀ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੁਆਰਾ ਇਸ ਦੀ ਰਸਮੀ ਤੌਰ ਤੌਰ 'ਤੇ ਜਾਣਕਾਰੀ ਦਿੱਤੀ ਜਾਵੇਗੀ।
