ਕਾਂਗਰਸੀ ਵਰਕਰ ਪ੍ਰਵੀਨ ਜੈਨ ਨੇ ਕਿਹਾ ਕੌਂਸਲਰ ਮੇਜਰ ਸਿੰਘ ਤੋਂ ਜਾਨ ਦਾ ਖਤਰਾ, ਪੁਲਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ
Thursday, Aug 24, 2017 - 06:54 AM (IST)
ਜਲੰਧਰ(ਰਾਜੇਸ਼)—ਮਾਡਲ ਹਾਊਸ ਵਾਰਡ ਨੰਬਰ 48 ਵਿਚ ਕਾਂਗਰਸੀ ਕੌਂਸਲਰ ਪਤੀ ਮੇਜਰ ਸਿੰਘ 'ਤੇ ਪਕਸ਼ੀ ਵਿਹਾਰ ਸੰਸਥਾ ਚਲਾਉਣ ਵਾਲੇ ਪ੍ਰਵੀਨ ਜੈਨ ਨੇ ਗਾਲੀ-ਗਲੋਚ ਕਰਨ ਤੇ ਧਮਕੀਆਂ ਦੇਣ ਦਾ ਦੋਸ਼ ਲਾਇਆ ਹੈ। ਪ੍ਰਵੀਨ ਜੈਨ ਖੁਦ ਵੀ ਇਲਾਕੇ ਵਿਚ ਕਾਂਗਰਸ ਦੇ ਵਰਕਰ ਹਨ। ਮੇਜਰ ਸਿੰਘ ਦੇ ਗਾਲੀ ਗਲੋਚ ਕਰਨ ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਵਿਚ ਪ੍ਰਵੀਨ ਜੈਨ ਨੇ ਪੁਲਸ ਕਮਿਸ਼ਨਰ ਪੀ. ਕੇ. ਸਿਨਹਾ ਨੂੰ ਵੀ ਮੇਜਰ ਸਿੰਘ ਖਿਲਾਫ ਲਿਖਤੀ ਸ਼ਿਕਾਇਤ ਦੇ ਕੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮੇਜਰ ਕੋਲੋਂ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨ ਦਾ ਖਤਰਾ ਹੈ। ਮਾਡਲ ਹਾਊਸ ਦੇ ਰਹਿਣ ਵਾਲੇ ਪ੍ਰਵੀਨ ਜੈਨ ਨੇ ਪੁਲਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਉਹ ਮਾਡਲ ਹਾਊਸ ਵਿਚ ਹਰ ਸਾਲ ਵਾਂਗ ਇਸ ਵਾਰ ਵੀ ਦੁਸਹਿਰੇ ਤੋਂ ਪਹਿਲਾਂ ਰਾਮਲੀਲਾ ਕਰਨਾ ਚਾਹੁੰਦੇ ਹਨ ਪਰ ਕੌਂਸਲਰਪਤੀ ਉਸ ਪਾਰਕ ਵਿਚ ਉਨ੍ਹਾਂ ਨੂੰ ਰਾਮਲੀਲਾ ਕਰਨ ਤੋਂ ਮਨ੍ਹਾ ਕਰ ਰਿਹਾ ਸੀ, ਜਿਸ ਗੱਲ ਦਾ ਜਦੋਂ ਉਨ੍ਹਾਂ ਵਿਰੋਧ ਕੀਤਾ ਤਾਂ ਮੇਜਰ ਸਿੰਘ ਨੇ ਉਨ੍ਹਾਂ ਨੂੰ ਫੋਨ ਕਰ ਕੇ ਗਾਲਾਂ ਕੱਢੀਆਂ ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਵੀ ਹਿੰਦੂ ਧਰਮ ਦਾ ਕੋਈ ਵੀ ਪ੍ਰੋਗਰਾਮ ਮਾਡਲ ਹਾਊਸ ਪਾਰਕ ਵਿਚ ਕੀਤਾ ਜਾਂਦਾ ਹੈ ਤਾਂ ਕੌਂਸਲਰਪਤੀ ਮੇਜਰ ਸਿੰਘ ਹਰ ਵਾਰ ਵਿਵਾਦ ਕਰਦੇ ਹਨ। ਪ੍ਰਵੀਨ ਜੈਨ ਨੇ ਪੁਲਸ ਕਮਿਸ਼ਨਰ ਕੋਲੋਂ ਮੰਗ ਕੀਤੀ ਕਿ ਮੇਜਰ ਸਿੰਘ ਕੋਲੋਂ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨ ਦਾ ਖਤਰਾ ਹੈ। ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਦੇ ਜ਼ਿੰਮੇਵਾਰ ਮੇਜਰ ਸਿੰਘ ਹੋਣਗੇ। ਸ਼ਿਕਾਇਤ ਸੁਣਨ ਤੋਂ ਬਾਅਦ ਕਮਿਸ਼ਨਰ ਨੇ ਮਾਮਲੇ ਦੀ ਜਾਂਚ ਡੀ. ਸੀ. ਪੀ. ਰਾਜਿੰਦਰ ਸਿੰਘ ਨੂੰ ਸੌਂਪੀ ਹੈ ਤੇ ਮਾਮਲੇ ਵਿਚ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਦੂਜੇ ਪਾਸੇ ਮੇਜਰ ਸਿੰਘ ਕੋਲੋਂ ਉਨ੍ਹਾਂ ਦਾ ਪੱਖ ਜਾਣਨਾ ਚਾਹਿਆ ਪਰ ਉਨ੍ਹਾਂ ਦਾ ਫੋਨ ਬੰਦ ਸੀ।
