ਜਾਗੋ ''ਚ ਚੱਲੀਆਂ ਗੋਲ਼ੀਆਂ ਦੌਰਾਨ ਹੋਈ ਪਿਓ ਦੀ ਮੌਤ ਦਾ ਪੁੱਤ ਨੇ ਅੱਖੀਂ ਵੇਖਿਆ ਖ਼ੌਫ਼ਨਾਕ ਮੰਜ਼ਰ, ਸਕੂਲ ਪਹੁੰਚ ਬੋਲਿਆ...
Sunday, Feb 23, 2025 - 01:00 PM (IST)

ਫਿਲੌਰ (ਭਾਖੜੀ)-ਫਿਲੌਰ ਦੇ ਇਕ ਨੇੜਲੇ ਪਿੰਡ ਦੇ ਅਮੀਰ ਘਰਾਣੇ ਦੇ ਘਰ ਚੱਲ ਰਹੇ ਵਿਆਹ ਸਮਾਗਮ ’ਚ ਭੰਗੜਾ ਪਾਉਂਦੇ ਹੋਏ ਗੋਲ਼ੀ ਚੱਲਣ ਮਗਰੋਂ ਮਹਿਲਾ ਸਰਪੰਚ ਦੇ ਪਤੀ ਦੀ ਹੋਈ ਮੌਤ ਦੇ ਮਾਮਲੇ 'ਚ ਵੱਡਾ ਖ਼ੁਲਾਸਾ ਹੋਇਆ ਹੈ। ਗੋਲ਼ੀ ਲੱਗਣ ਮਗਰੋਂ ਹੋਈ ਸਰਪੰਚ ਦੇ ਪਤੀ ਦੀ ਮੌਤ ਨੂੰ ਹਾਰਟ ਅਟੈਕ ਦਾ ਨਾਂ ਦੇ ਕੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਵੀਡੀਓ ਵਾਇਰਲ ਹੋਣ ਤੋਂ 5 ਦਿਨ ਬਾਅਦ ਘਟਨਾ ਤੋਂ ਪਰਦਾ ਉੱਠਿਆ। ਵਿਆਹ ਸਮਾਗਮ ’ਚ ਖ਼ੁਸ਼ੀ ’ਚ ਰਿਵਾਲਵਰ ’ਚੋਂ ਨਿਕਲੀ ਇਕ ਗੋਲ਼ੀ ਨਾਲ ਵਿਅਕਤੀ ਦੀ ਮੌਤ ਹੋ ਗਈ।
ਮ੍ਰਿਤਕ ਦਾ 11 ਸਾਲ ਦਾ ਬੇਟਾ, ਜੋ ਪੂਰੀ ਘਟਨਾ ਦਾ ਚਸ਼ਮਦੀਦ ਗਵਾਹ ਹੈ, ਨੇ ਸਕੂਲ ’ਚ ਦੱਸਿਆ ਕਿ ਉਸ ਦੇ ਪਿਤਾ ਦੀ ਗੋਲ਼ੀ ਲੱਗਣ ਕਾਰਨ ਮੌਤ ਹੋਈ ਹੈ। ਇੰਨਾ ਵੱਡਾ ਹਾਦਸਾ ਵਾਪਰ ਜਾਣ ’ਤੇ ਪੂਰੀ ਘਟਨਾ ਤੋਂ ਪਰਦਾ ਕਿਵੇਂ ਪਾ ਦਿੱਤਾ ਗਿਆ। ਇਸ ਸਬੰਧੀ ਜਲੰਧਰ ਦਿਹਾਤੀ ਦੀ ਪੁਲਸ ’ਤੇ ਵੀ ਸਵਾਲ ਉੱਠਣ ਲੱਗੇ ਹਨ। ਪਿੰਡ ਵਾਸੀਆਂ ਨੇ ਮ੍ਰਿਤਕ ਨੂੰ ਇਨਸਾਫ਼ ਦਿਵਾਉਣ ਲਈ ਦੇਰ ਸ਼ਾਮ ਕੈਂਡਲ ਮਾਰਚ ਕੱਢਿਆ ਅਤੇ ਪੁਲਸ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੇ 65 ਪ੍ਰਧਾਨਾਂ 'ਤੇ ਡਿੱਗੀ ਗਾਜ, ਨੋਟਿਸ ਹੋਏ ਜਾਰੀ
ਵਿਆਹ ਸਮਾਗਮ ’ਚ ਸ਼ਰੇਆਮ ਚਲਾਈਆਂ ਜਾ ਰਹੀਆਂ ਸਨ ਗੋਲ਼ੀਆਂ
ਸੂਚਨਾ ਮੁਤਾਬਕ ਨੇੜਲੇ ਪਿੰਡ ਚੱਕ ਦੇਸ ਰਾਜ ਦੇ ਰਹਿਣ ਵਾਲੇ ਇਕ ਅਮੀਰ ਘਰਾਣੇ ’ਚ ਵਿਆਹ ਸਮਾਗਮ ਚੱਲ ਰਿਹਾ ਸੀ। 5 ਦਿਨ ਪਹਿਲਾਂ 17 ਫਰਵਰੀ ਦੀ ਸ਼ਾਮ ਨੂੰ ਉਨ੍ਹਾਂ ਨੇ ਜਾਗੋ ਦਾ ਪ੍ਰੋਗਰਾਮ ਰੱਖਿਆ ਸੀ, ਜਿਸ ਵਿਚ ਰਿਸ਼ਤੇਦਾਰਾਂ ਤੋਂ ਇਲਾਵਾ ਪਿੰਡ ਦੀ ਮਹਿਲਾ ਸਰਪੰਚ ਦਾ ਪਤੀ ਪਰਮਜੀਤ ਪੰਮਾ ਆਪਣੇ ਪੂਰੇ ਪਰਿਵਾਰ ਨਾਲ ਮੌਜੂਦ ਹੋ ਕੇ ਖ਼ੁਸ਼ੀ ’ਚ ਭੰਗੜਾ ਪਾ ਰਿਹਾ ਸੀ।
ਇਕ ਨੌਜਵਾਨ ਚਲਾ ਰਿਹਾ ਸੀ ਹਵਾ ’ਚ ਗੋਲ਼ੀਆਂ, ਜਿਸ ’ਚੋਂ 1 ਗੋਲ਼ੀ ਮ੍ਰਿਤਕ ਪਰਮਜੀਤ ਨੂੰ ਲੱਗੀ
ਜਾਗੋ ਦੇ ਪ੍ਰੋਗਰਾਮ ’ਚ ਜਿੱਥੇ ਖ਼ੁਸ਼ੀ ਵਿਚ ਸਾਰੇ ਨੱਚ-ਗਾ ਰਹੇ ਸਨ, ਉਸੇ ਪ੍ਰੋਗਰਾਮ ’ਚ ਹਿੱਸਾ ਲੈਣ ਆਇਆ ਨੇੜਲੇ ਬੜਾ ਪਿੰਡ ਦਾ ਇਕ ਨੌਜਵਾਨ ਜੋ ਰਿਟਾਇਰਡ ਸਰਕਾਰੀ ਅਧਿਕਾਰੀ ਦਾ ਬੇਟਾ ਦੱਸਿਆ ਜਾ ਰਿਹਾ ਹੈ, ਹਵਾ ’ਚ ਗੋਲ਼ੀਆਂ ਚਲਾ ਰਿਹਾ ਸੀ। ਇਹ ਵੀ ਪਤਾ ਲੱਗਾ ਹੈ ਕਿ ਉਹ ਵਿਦੇਸ਼ ਤੋਂ ਵਿਆਹ ਵਿਚ ਹਿੱਸਾ ਲੈਣ ਲਈ ਆਇਆ ਸੀ। ਉਕਤ ਨੌਜਵਾਨ ਦੀ ਗੋਲ਼ੀ ਚਲਾਉਣ ਦੀ ਹਰ ਕੋਈ ਕੈਮਰਾਮੈਨ ਤੋਂ ਇਲਾਵਾ ਦੂਜੇ ਲੋਕ ਵੀ ਮੋਬਾਇਲ ਫੋਨ ’ਤੇ ਵੀਡੀਓ ਬਣਾ ਰਹੇ ਸਨ। ਵੀਡੀਓ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਜਿਉਂ ਹੀ ਗੋਲ਼ੀ ਚਲਾਉਣ ਵਾਲੇ ਨੌਜਵਾਨ ਨੇ ਆਪਣਾ ਹੱਥ ਥੱਲੇ ਕੀਤਾ ਤਾਂ ਉਸ ਦੇ ਹੱਥੋਂ ਇਕ ਗੋਲ਼ੀ ਚਲਦੀ ਹੈ, ਜੋ ਸਿੱਧੀ ਉਸ ਦੇ ਸਾਹਮਣੇ ਭੰਗੜਾ ਪਾ ਰਹੇ ਪਰਮਜੀਤ ਪੰਮਾ ਦੇ ਦਿਲ ’ਚ ਲਗਦੀ ਹੈ। ਜਿਉਂ ਹੀ ਉਹ ਜ਼ਮੀਨ ’ਤੇ ਡਿੱਗਦਾ ਹੈ ਤਾਂ ਉਸ ਦੇ ਨਾਲ ਭੰਗੜਾ ਪਾ ਰਹੇ ਲੋਕ ਉਸ ਨੂੰ ਸੰਭਾਲਣ ਦਾ ਯਤਨ ਕਰਦੇ ਹਨ ਤਾਂ ਪਰਮਜੀਤ ਮਰਨ ਤੋਂ ਪਹਿਲਾਂ ਸਾਰਿਆਂ ਨੂੰ ਇਸ਼ਾਰਾ ਕਰ ਰਿਹਾ ਹੈ ਕਿ ਇਸ ਕਾਤਲ ਨੇ ਉਸ ਨੂੰ ਗੋਲ਼ੀ ਮਾਰੀ ਹੈ, ਜਿਸ ਦੇ ਹੱਥ ’ਚ ਰਿਵਾਲਵਰ ਫੜੀ ਹੋਈ ਵਿਖਾਈ ਦੇ ਰਹੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਪੰਜਾਬ ਪੁਲਸ ਤੋਂ ਬਾਅਦ ਹੁਣ ਪ੍ਰਸ਼ਾਸਨਿਕ ਪ੍ਰਣਾਲੀ ’ਚ ਫੇਰ-ਬਦਲ ਦੀਆਂ ਤਿਆਰੀਆਂ
ਮੌਤ ਤੋਂ ਇਕ ਘੰਟੇ ਬਾਅਦ ਹੀ ਪਰਮਜੀਤ ਦੇ ਕਤਲ ਦਾ ਪੂਰਾ ਸੀਨ ਹਾਰਟ ਅਟੈਕ ’ਚ ਕਰ ਦਿੱਤਾ ਤਬਦੀਲ
ਗੋਲ਼ੀ ਲੱਗਣ ਤੋਂ ਬਾਅਦ ਘਟਨਾ ਸਥਾਨ ’ਤੇ ਹੀ ਪਰਮਜੀਤ ਦੀ ਮੌਤ ਹੋ ਗਈ। ਪਰਮਜੀਤ ਦੀ ਮੌਤ ਤੋਂ ਤੁਰੰਤ ਬਾਅਦ ਕਾਤਲ ਨੂੰ ਬਚਾਉਣ ਦਾ ਪ੍ਰੋਗਰਾਮ ਸ਼ੁਰੂ ਹੋ ਗਿਆ। ਕਾਤਲ ਲੜਕਾ ਜੋ ਵਿਦੇਸ਼ ਤੋਂ ਆਇਆ ਦੱਸਿਆ ਜਾ ਰਿਹਾ ਹੈ, ਜੋ ਇਕ ਸਰਕਾਰੀ ਅਧਿਕਾਰੀ ਦਾ ਬੇਟਾ ਹੈ। ਸੂਤਰਾਂ ਮੁਤਾਬਕ ਘਟਨਾ ਤੋਂ ਬਾਅਦ ਮ੍ਰਿਤਕ ਦੀ ਪਤਨੀ ਜੋ ਮੌਜੂਦ ਪਿੰਡ ਦੀ ਮਹਿਲਾ ਸਰਪੰਚ ਹੈ, ਉਸ ਨੂੰ ਅਤੇ ਉਸ ਦੇ ਬੱਚਿਆਂ ਨੂੰ ਘਰ ਦੇ ਅੰਦਰ ਲੈ ਗਏ। ਬੈਂਡ ਵਾਜੇ ਅਤੇ ਡੀ. ਜੇ. ਸਾਰੇ ਬੰਦ ਹੋ ਗਏ ਅਤੇ ਇਹ ਅਫ਼ਵਾਹ ਫੈਲਾ ਦਿੱਤੀ ਗਈ ਕਿ ਪਰਮਜੀਤ ਦੀ ਭੰਗੜਾ ਪਾਉਂਦੇ ਦੀ ਹਾਰਟ ਅਟੈਕ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਭੰਗੜਾ ਪਾਉਂਦੇ ਸਮੇਂ ਸਰੀਰ ’ਤੇ ਪਹਿਨੀ ਸਫੈਦ ਰੰਗ ਦੀ ਸ਼ਰਟ ਜੋ ਖ਼ੂਨ ਨਾਲ ਲਿੱਬੜ ਗਈ ਸੀ, ਉਸ ਨੂੰ ਉਸੇ ਸਮੇਂ ਉਤਾਰ ਦਿੱਤਾ ਗਿਆ ਅਤੇ ਉਸ ਨੂੰ ਕਾਲੇ ਰੰਗ ਦੀ ਟੀ-ਸ਼ਰਟ ਪਾ ਦਿੱਤੀ ਗਈ। ਸੂਤਰਾਂ ਮੁਤਾਬਕ ਸਮਾਗਮ ਪਿੰਡ ਦੇ ਸਭ ਤੋਂ ਅਮੀਰ ਘਰਾਣੇ ’ਚ ਸੀ ਤਾਂ ਮੋਟਾ ਲੈਣ-ਦੇਣ ਕਰਕੇ ਸਵੇਰੇ ਕਤਲ ਨੂੰ ਹਾਰਟ ਅਟੈਕ ’ਚ ਬਦਲ ਕੇ ਉਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ। ਸਭ ਤੋਂ ਹੈਰਾਨੀ ਦੀ ਗੱਲ ਹੈ ਕਿ ਪੂਰੇ ਘਟਨਾਚੱਕਰ ’ਚ ਪੁਲਸ ਵੀ ਮੂਕ ਦਰਸ਼ਕ ਬਣੀ ਰਹੀ।
ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਲਈ ਖ਼ਤਰੇ ਦੀ ਘੰਟੀ, ਖੜ੍ਹੀ ਹੋਈ ਵੱਡੀ ਮੁਸੀਬਤ
ਮ੍ਰਿਤਕ ਦਾ 11 ਸਾਲ ਦਾ ਬੇਟਾ ਸਕੂਲ ਜਾ ਕੇ ਹਰ ਕਿਸੇ ਨੂੰ ਕਹਿੰਦਾ ਰਿਹਾ ਉਸ ਦੇ ਪਿਤਾ ਨੂੰ ਗੋਲ਼ੀ ਮਾਰ ਕੇ ਮਾਰ ਦਿੱਤਾ
ਘਟਨਾ ਤੋਂ 3 ਦਿਨ ਬਾਅਦ ਮ੍ਰਿਤਕ ਦਾ 11 ਸਾਲ ਦਾ ਮਾਸੂਮ ਬੇਟਾ ਜੋ ਸਮਾਗਮ ਵਿਚ ਮੌਜੂਦ ਸੀ ਅਤੇ ਚਸ਼ਮਦੀਦ ਸੀ, ਜਦੋਂ ਉਹ ਸਕੂਲ ਗਿਆ ਤਾਂ ਉਥੇ ਪੁੱਛਣ ’ਤੇ ਆਪਣੇ ਸਾਥੀ ਬੱਚਿਆਂ ਨੂੰ ਬੋਲਦਾ ਰਿਹਾ ਕਿ ਉਹ ਇਕ ਵਿਆਹ ’ਚ ਗਏ ਸਨ, ਉਥੇ ਉਸ ਦੇ ਪਿਤਾ ਨੂੰ ਕਿਸੇ ਨੇ ਗੋਲ਼ੀ ਮਾਰ ਦਿੱਤੀ। ਬੱਚੇ ਵੱਲੋਂ ਦਿੱਤੀ ਜਾਣਕਾਰੀ ’ਤੇ ਕੋਈ ਵੀ ਯਕੀਨ ਕਰਨ ਲਈ ਤਿਆਰ ਨਹੀਂ ਸੀ। ਬੀਤੇ ਦਿਨੀਂ ਜਿਉਂ ਹੀ ਘਟਨਾ ਦੀ ਪੂਰੀ ਵੀਡੀਓ ਕਿਸੇ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਤਾਂ ਪਰਮਜੀਤ ਦੇ ਮਾਸੂਮ ਬੱਚੇ ਦੀ ਕਹੀ ਗਈ ਗੱਲ ’ਤੇ ਹਰ ਕਿਸੇ ਪਿੰਡ ਵਾਸੀ ਨੂੰ ਯਕੀਨ ਹੋ ਗਿਆ। ਮ੍ਰਿਤਕ ਪਿੰਡ ’ਚ ਇਕ ਚੰਗਾ ਸਮਾਜਸੇਵੀ ਸੀ, ਜਿਸ ਦੀ ਮੌਤ ਦਾ ਹਰ ਕਿਸੇ ਪਿੰਡ ਵਾਸੀ ਨੂੰ ਦੁੱਖ ਸੀ। ਵੀਡੀਓ ਵੇਖਣ ਤੋਂ ਬਾਅਦ ਸਾਰੇ ਪਿੰਡ ਵਾਸੀ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਪੂਰਾ ਦਿਨ ਉਨ੍ਹਾਂ ਨੇ ਜਲੰਧਰ ਦਿਹਾਤੀ ਪੁਲਸ ਖ਼ਿਲਾਫ਼ ਮ੍ਰਿਤਕ ਨੂੰ ਇਨਸਾਫ਼ ਦਿਵਾਉਣ ਲਈ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਰਾਤ 8 ਵਜੇ ਉਨ੍ਹਾਂ ਨੇ ਪਿੰਡ ਵਿਚ ਇਕ ਕੈਂਡਲ ਮਾਰਚ ਵੀ ਕੱਢਿਆ। ਹੈਰਾਨੀ ਦੀ ਗੱਲ ਹੈ ਕਿ ਮ੍ਰਿਤਕ ਦੀ ਪਤਨੀ ਜੋ ਪਹਿਲਾਂ ਆਪਣੇ ਪਤੀ ਦੀ ਮੌਤ ਨੂੰ ਹਾਰਟ ਅਟੈਕ ਦੱਸ ਰਹੀ ਸੀ, ਕੈਂਡਲ ਮਾਰਚ ’ਚ ਸ਼ਾਮਲ ਹੋ ਕੇ ਇਨਸਾਫ਼ ਲੈਣ ਦੀ ਮੰਗ ਕਰਨ ਲੱਗ ਪਈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਆਪਣੇ ਹੀ ਮੁਲਾਜ਼ਮ ਨੂੰ ਕੀਤਾ ਗ੍ਰਿਫ਼ਤਾਰ, DGP ਵੱਲੋਂ ਵੱਡਾ ਖ਼ੁਲਾਸਾ
ਪੁਲਸ ਉੱਚ ਅਧਿਕਾਰੀਆਂ ਦੀ ਖਾਮੋਸ਼ੀ ਅਤੇ ਢਿੱਲੀ ਕਾਰਜਪ੍ਰਣਾਲੀ ’ਤੇ ਵੀ ਉੱਠਣ ਲੱਗੇ ਸਵਾਲ
ਘਟਨਾ ਤੋਂ 5 ਦਿਨ ਬੀਤ ਜਾਣ ਤੋਂ ਬਾਅਦ ਵੀ ਜਦੋਂ ਧੁਲੇਤਾ ਪੁਲਸ ਚੌਂਕੀ ਅਤੇ ਗੋਰਾਇਆ ਥਾਣੇ ਦੀ ਪੁਲਸ ਨੇ ਇਸ ਕਤਲ ਕੇਸ ’ਚ ਕੋਈ ਸੰਜੀਦਗੀ ਨਾਲ ਦਿਖਾਈ ਤਾਂ ਪਿੰਡ ਵਾਸੀਆਂ ਦਾ ਪੁਲਸ ਤੋਂ ਪੂਰੀ ਤਰ੍ਹਾਂ ਭਰੋਸਾ ਉੱਠ ਗਿਆ, ਕਿਉਂਕਿ ਹਰ ਕਿਸੇ ਦੇ ਹੱਥ ’ਚ ਪੂਰੀ ਘਟਨਾ ਦੀ ਵੀਡੀਓ ਸੀ, ਜਿਸ ਵਿਚ ਮ੍ਰਿਤਕ ਨੂੰ ਸ਼ਰੇਆਮ ਵਿਆਹ ਸਮਾਗਮ ਵਿਚ ਇਕ ਨੌਜਵਾਨ ਹਵਾਈ ਫਾਇਰ ਕਰਦਾ ਉਸ ਨੂੰ ਗੋਲੀ ਮਾਰ ਦਿੰਦਾ ਹੈ ਅਤੇ ਉਸ ਕਤਲ ਨੂੰ ਹਾਰਟ ਅਟੈਕ ’ਚ ਤਬਦੀਲ ਕਰ ਦਿੱਤਾ ਜਾਂਦਾ ਹੈ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਅਜਿਹਾ ਸਭ ਕੁਝ ਪੈਸਿਆਂ ਦੇ ਲੈਣ-ਦੇਣ ਕਾਰਨ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬ ਤੋਂ ਵੱਡੀ ਖ਼ਬਰ: ਵਿਆਹ ਦੀ ਜਾਗੋ ਦੌਰਾਨ ਚੱਲ ਪਈਆਂ ਤਾੜ-ਤਾੜ ਗੋਲ਼ੀਆਂ, ਮਹਿਲਾ ਸਰਪੰਚ ਦੇ ਪਤੀ ਦੀ ਮੌਤ
ਇਸ ਸਬੰਧੀ ਜਦੋਂ ਚੌਕੀ ਇੰਚਾਰਜ ਸੁਭਾਸ਼ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਕੀਤੀ ਪੁੱਛਗਿੱਛ ’ਚ ਉਨ੍ਹਾਂ ਨੂੰ ਜੋ ਪਤਾ ਲੱਗਾ ਹੈ ਮ੍ਰਿਤਕ ਦੀ ਮੌਤ ਹਾਰਟ ਅਟੈਕ ਕਾਰਨ ਹੋਈ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਉਨ੍ਹਾਂ ਨੇ ਘਟਨਾ ਦੀ ਪੂਰੀ ਵੀਡੀਓ ਦੇਖੀ ਹੈ, ਜਿਸ ਵਿਚ ਮ੍ਰਿਤਕ ਨੂੰ ਇਕ ਨੌਜਵਾਨ ਹਵਾ ’ਚ ਗੋਲੀਆਂ ਚਲਾਉਂਦਾ ਹੋਇਆ ਗੋਲੀ ਮਾਰ ਰਿਹਾ ਹੈ ਤਾਂ ਫਿਰ ਮ੍ਰਿਤਕ ਹਾਰਟ ਅਟੈਕ ਨਾਲ ਕਿਵੇਂ ਮਰ ਸਕਦਾ ਹੈ, ਤਾਂ ਉਨ੍ਹਾਂ ਦੱਸਿਆ ਕਿ ਅਜਿਹੀ ਉਨ੍ਹਾਂ ਕੋਲ ਕੋਈ ਸ਼ਿਕਾਇਤ ਆਈ ਹੀ ਨਹੀਂ। ਜਦੋਂ ਉਨ੍ਹਾਂ ਨੂੰ ਘਟਨਾ ਦੀ ਵੀਡੀਓ ਵਿਖਾਈ ਤਾਂ ਉਨ੍ਹਾਂ ਦੱਸਿਆ ਕਿ ਉਹ ਹੁਣ ਇਸ ਦੀ ਜਾਂਚ ਕਰਨਗੇ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਗੋਲ਼ੀ ਚਲਾਉਣ ਵਾਲਾ ਨੌਜਵਾਨ ਜੋ ਨੇੜੇ ਦੇ ਪਿੰਡ ਬੜਾ ਪਿੰਡ ਦਾ ਹੈ, ਉਹ ਘਟਨਾ ਤੋਂ ਬਾਅਦ ਅੰਡਰਗਰਾਊਂਡ ਹੋ ਗਿਆ ਹੈ। ਕੁਝ ਇਹ ਵੀ ਦੱਸ ਰਹੇ ਹਨ ਕਿ ਉਹ ਵਿਦੇਸ਼ ਭੱਜ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e