ਪੰਜਾਬ 'ਚ ਵੱਡੀ ਵਾਰਦਾਤ, ਰੈਪਰ ਦੇ ਕਰੀਬੀ ਮੁੰਡਿਆਂ ਨੂੰ ਮਾਰ 'ਤੀਆਂ ਗੋਲੀਆਂ, ਦੋਵਾਂ ਦੀ ਮੌਤ

Tuesday, Sep 23, 2025 - 10:41 AM (IST)

ਪੰਜਾਬ 'ਚ ਵੱਡੀ ਵਾਰਦਾਤ, ਰੈਪਰ ਦੇ ਕਰੀਬੀ ਮੁੰਡਿਆਂ ਨੂੰ ਮਾਰ 'ਤੀਆਂ ਗੋਲੀਆਂ, ਦੋਵਾਂ ਦੀ ਮੌਤ

ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਵਿਚ ਦੇਰ ਸ਼ਾਮ ਦੋ ਧੜਿਆਂ ਵਿਚਾਲੇ ਹੋਈ ਅੰਨ੍ਹੇਵਾਹ ਗੋਲੀਬਾਰੀ ਵਿਚ 2 ਨੌਜਵਾਨਾਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ, ਦੋਵੇਂ ਮ੍ਰਿਤਕ ਰੈਪਰ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਜਸ ਧਾਲੀਵਾਲ ਦੇ ਕਰੀਬੀ ਦੱਸੇ ਜਾ ਰਹੇ ਹਨ। ਇਸ ਘਟਨਾ ਤੋਂ ਬਾਅਦ ਗੈਂਗਸਟਰ ਗੋਪੀ ਘਨਸ਼ਾਮਪੁਰੀਆ ਗੈਂਗ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਵਾਇਰਲ ਕਰਕੇ ਇਨ੍ਹਾਂ ਕਤਲਾਂ ਦੀ ਜ਼ਿੰਮੇਵਾਰੀ ਲਈ ਹੈ। ਪੁਲਸ ਇਸ ਸੋਸ਼ਲ ਮੀਡੀਆ ਪੋਸਟ ਦੀ ਵੀ ਜਾਂਚ ਕਰ ਰਹੀ ਹੈ। 

ਜਾਣਕਾਰੀ ਅਨੁਸਾਰ, ਸੋਮਵਾਰ ਸ਼ਾਮ ਕਰੀਬ 5 ਵਜੇ ਪਿੰਡ ਕੈਰੋਂ ਨੇੜੇ ਰੇਲਵੇ ਫਾਟਕ ਕੋਲ ਦੋ ਧੜੇ ਆਹਮੋ-ਸਾਹਮਣੇ ਹੋ ਗਏ। ਇਸ ਦੌਰਾਨ ਗੱਡੀਆਂ 'ਚ ਆਏ ਹਮਲਾਵਰਾਂ ਨੇ ਫਾਰਚੂਨਰ ਗੱਡੀ ਨੂੰ ਘੇਰ ਕੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਦੋਵਾਂ ਪਾਸਿਆਂ ਤੋਂ ਕਰੀਬ 8 ਤੋਂ 10 ਰਾਊਂਡ ਫਾਇਰਿੰਗ ਹੋਈ, ਜਿਸ ਵਿਚ ਸਮਰਪ੍ਰੀਤ ਸਿੰਘ ਅਤੇ ਸੌਰਵ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤਰਨਤਾਰਨ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਸਮਰਪ੍ਰੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਸੌਰਵ ਦੀ ਹਾਲਤ ਗੰਭੀਰ ਬਣੀ ਹੋਈ ਸੀ, ਜਿਸ ਕਾਰਨ ਡਾਕਟਰਾਂ ਵਲੋਂ ਉਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਪਰ ਦੇਰ ਰਾਤ ਅੰਮ੍ਰਿਤਸਰ ਵਿੱਚ ਇਲਾਜ ਦੌਰਾਨ ਸੌਰਵ ਦੀ ਵੀ ਮੌਤ ਹੋ ਗਈ। ਮ੍ਰਿਤਕ ਸਮਰਪ੍ਰੀਤ ਸਿੰਘ 19 ਸਾਲਾਂ ਦਾ ਸੀ ਜੋ ਕਿ ਪਿੰਡ ਕਰਮੂਵਾਲ ਤੇ  ਸੋਰਵਪ੍ਰੀਤ ਸਿੰਘ (18) ਪੁੱਤਰ ਹਰਜੀਤ ਸਿੰਘ ਪਿੰਡ ਮਰਹਾਣਾ ਦਾ ਰਹਿਣ ਵਾਲਾ ਸੀ। 

ਪੁਲਸ ਸੂਤਰਾਂ ਅਨੁਸਾਰ, ਇਹ ਮਾਮਲਾ ਸੋਸ਼ਲ ਮੀਡੀਆ 'ਤੇ ਚੱਲ ਰਹੇ ਵਿਵਾਦ ਨਾਲ ਜੁੜਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਪੰਡੋਰੀ ਪਿੰਡ ਦੇ ਸੋਸ਼ਲ ਮੀਡੀਆ ਇਨਫਲੂਐਂਸਰ ਮਹਿਕ ਪੰਡੋਰੀ ਨੇ ਰੈਪਰ ਜਸ ਧਾਲੀਵਾਲ ਦੀ ਇਕ ਵੀਡੀਓ ਸਾਂਝੀ ਕੀਤੀ ਸੀ, ਜਿਸ ਤੋਂ ਬਾਅਦ ਮਹਿਕ 'ਤੇ ਹਮਲਾ ਕਰਕੇ ਉਸ ਦੀ ਕੁੱਟਮਾਰ ਕੀਤੀ ਗਈ ਸੀ। ਇਸੇ ਵਿਵਾਦ ਕਾਰਨ ਦੋਵਾਂ ਧਿਰਾਂ ਵਿਚ ਤਣਾਅ ਵਧ ਗਿਆ ਸੀ।

ਘਟਨਾ ਤੋਂ ਬਾਅਦ ਐੱਸ.ਪੀ. ਰਿਪੁਤਪਨ ਸਿੰਘ, ਡੀ.ਐੱਸ.ਪੀ. ਲਵਕੇਸ਼ ਸੈਣੀ ਅਤੇ ਹੋਰ ਪੁਲਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਇਸ ਪਹਿਲੂ ਦੀ ਜਾਂਚ ਕਰ ਰਹੀ ਹੈ ਕਿ ਕੀ ਇਹ ਗੈਂਗਵਾਰ ਪੂਰੀ ਤਰ੍ਹਾਂ ਸੋਸ਼ਲ ਮੀਡੀਆ ਤੋਂ ਪੈਦਾ ਹੋਈ ਦੁਸ਼ਮਣੀ ਦਾ ਨਤੀਜਾ ਹੈ।


author

DILSHER

Content Editor

Related News