ਪੰਜਾਬ ਦੇ ਡਿਫ਼ਾਲਟਰਾਂ ''ਤੇ ਵੱਡੀ ਕਾਰਵਾਈ! ਬਚਣ ਲਈ ਲੋਕਾਂ ਨੇ...
Sunday, Mar 16, 2025 - 03:02 PM (IST)

ਲੁਧਿਆਣਾ (ਹਿਤੇਸ਼) : ਵਿੱਤੀ ਸਾਲ ਖ਼ਤਮ ਹੋਣ 'ਚ ਸਿਰਫ 14 ਦਿਨ ਰਹਿ ਗਏ ਹਨ ਅਤੇ ਨਗਰ ਨਿਗਮ 'ਤੇ ਸਰਕਾਰ ਵਲੋਂ ਦਿੱਤਾ ਗਿਆ 150 ਕਰੋੜ ਦਾ ਬਜਟ ਟਾਰਗੇਟ ਪੂਰਾ ਕਰਨ ਦਾ ਦਬਾਅ ਹੈ। ਇਸ ਦੇ ਤਹਿਤ ਬਕਾਇਆ ਪ੍ਰਾਪਰਟੀ ਟੈਕਸ ਦੀ ਵਸੂਲੀ ਦੇ ਲਈ ਡਿਫ਼ਾਲਟਰਾਂ ’ਤੇ ਸਖ਼ਤੀ ਵਧਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਨਗਰ ਨਿਗਮ ਨੇ ਉਨ੍ਹਾਂ ਲੋਕਾਂ ਦੀਆਂ ਬਿਲਡਿੰਗਾਂ ’ਤੇ ਸੀਲਿੰਗ ਦੀ ਕਾਰਵਾਈ ਸ਼ੁਰੂ ਕੀਤੀ ਹੈ, ਜੋ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਨਹੀਂ ਕਰਵਾ ਰਹੇ ਹਨ।
ਇਸ ਦੀ ਪੁਸ਼ਟੀ ਜੋਨਲ ਕਮਿਸ਼ਨਰ ਨੀਰਜ ਜੈਨ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬਕਾਇਆ ਪ੍ਰਾਪਰਟੀ ਟੈਕਸ ਦੀ ਵਸੂਲੀ ਲਈ ਮੇਅਰ ਕਮਿਸ਼ਨਰਾਂ ਦੇ ਹੁਕਮਾਂ ’ਤੇ ਬਲਾਕ ਵਾਈਜ਼ ਟਾਰਗੇਟ ਫਿਕਸ ਕੀਤੇ ਗਏ ਹਨ ਅਤੇ ਸੁਪਰੀਡੈਂਟਾਂ ਦੀ ਅਗਵਾਈ ਵਿਚ ਟੀਮਾਂ ਬਣਾ ਕੇ ਫੀਲਡ ਵਿਚ ਭੇਜੀਆਂ ਗਈਆਂ ਹਨ। ਟੀਮਾਂ ਵਲੋਂ ਸ਼ੇਰਪੁਰ ਇਲਾਕੇ ਵਿਚ ਸੀਲਿੰਗ ਦੀ ਕਾਰਵਾਈ ਸ਼ੁਰੂ ਕੀਤੀ ਗਈ, ਜਿਸ ਤੋਂ ਬਚਣ ਦੇ ਲਈ ਕਈ ਲੋਕਾਂ ਨੇ ਮੌਕੇ ’ਤੇ ਹੀ 5 ਲੱਖ ਦਾ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਦਿੱਤਾ ਹੈ।