ਮੰਗਣੀ ਤੋਂ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਪਲਟੀ ਕਾਰ, ਇਕ ਦੀ ਮੌਤ
Saturday, Jan 18, 2025 - 11:14 AM (IST)
ਕਪੂਰਥਲਾ (ਓਬਰਾਏ)- ਕਪੂਰਥਲਾ ਦੇ ਸੁਲਤਾਨਪੁਰ ਲੋਧੀ ਰੋਡ 'ਤੇ ਸ਼ਾਮ ਕਰੀਬ 7.30 ਵਜੇ ਇੱਕ ਕਾਰ ਅਚਾਨਕ ਪਲਟ ਗਈ। ਜਿਸ ਵਿੱਚ ਕਾਰ ਵਿੱਚ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਜਦੋਂ ਕਿ ਕਾਰ ਵਿੱਚ ਬੈਠੀ ਇੱਕ ਔਰਤ ਨੂੰ ਮਾਮੂਲੀ ਸੱਟਾਂ ਲੱਗੀਆਂ। ਦੱਸਿਆ ਜਾ ਰਿਹਾ ਹੈ ਕਿ ਤੂੜੀ ਨਾਲ ਭਰੀ ਟਰਾਲੀ ਦਾ ਹੁੱਕ ਸਾਹਮਣੇ ਤੋਂ ਖੁੱਲ੍ਹਾ ਸੀ, ਜੋ ਕਾਰ ਦੇ ਸਾਈਡ ਸ਼ੀਸ਼ੇ ਵਿੱਚ ਫਸ ਗਿਆ। ਜਿਸ ਕਾਰਨ ਕਾਰ ਪਲਟ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਆਪਣੇ ਕਿਸੇ ਰਿਸ਼ਤੇਦਾਰ ਦੀ ਧੀ ਦੀ ਮੰਗਣੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਜਲੰਧਰ ਤੋਂ ਘਰ ਵਾਪਸ ਜਾ ਰਹੇ ਸੀ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਰਾਹਗੀਰਾਂ ਦੀ ਮਦਦ ਨਾਲ ਦੋਵਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿੱਥੇ ਡਾਕਟਰ ਨੇ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ। ਜਦੋਂ ਕਿ ਔਰਤ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਦੂਜੇ ਪਾਸੇ ਡੀਐਸਪੀ ਸਬ-ਡਿਵੀਜ਼ਨ ਦੀਪਕਰਨ ਸਿੰਘ ਨੇ ਕਿਹਾ ਕਿ ਸਿਟੀ ਪੁਲਸ ਸਟੇਸ਼ਨ ਨੇ ਕਾਰ ਅਤੇ ਟਰਾਲੀ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਆਰ ਪੀ ਸ਼ਰਮਾ (62 ਸਾਲ) ਵਜੋਂ ਹੋਈ ਹੈ, ਜੋ ਕਿ ਰੇਲ ਕੋਚ ਫੈਕਟਰੀ ਦੇ ਸਾਹਮਣੇ ਹਰਗੋਬਿੰਦ ਨਗਰ ਦਾ ਰਹਿਣ ਵਾਲਾ ਹੈ।
ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਰੇਲ ਕੋਚ ਫੈਕਟਰੀ ਨੇੜੇ ਹਰਗੋਬਿੰਦ ਨਗਰ ਦਾ ਰਹਿਣ ਵਾਲਾ ਆਰਪੀ ਸ਼ਰਮਾ ਜਲੰਧਰ ਵਿੱਚ ਆਪਣੇ ਇੱਕ ਆਰਸੀਐਫ ਜਾਣਕਾਰ ਦੀ ਧੀ ਦੇ ਮੰਗਣੀ ਸਮਾਰੋਹ ਤੋਂ ਵਾਪਸ ਆ ਰਿਹਾ ਸੀ। ਜਦੋਂ ਉਹ ਸ਼ੇਖੂਪੁਰ ਦੇ ਨੇੜੇ ਪਹੁੰਚਿਆ ਤਾਂ ਉਸਦੀ ਕਾਰ 'ਚ ਸਾਹਮਣੇ ਤੋਂ ਆ ਰਹੀ ਟਰਾਲੀ ਦੀ ਹੁਕ ਫਸ ਗਈ, ਜਿਸ ਕਾਰਨ ਕਾਰ ਪਲਟ ਗਈ। ਇਸ ਘਟਨਾ ਵਿੱਚ ਕਾਰ ਸਵਾਰ ਆਰਪੀ ਸ਼ਰਮਾ ਦੀ ਮੌਤ ਹੋ ਗਈ ਅਤੇ ਇਕ ਔਰਤ ਰਮੇਸ਼ ਕੁਮਾਰੀ ਜ਼ਖਮੀ ਹੋ ਗਈ। ਡੀਐਸਪੀ ਨੇ ਦੱਸਿਆ ਕਿ ਸਿਟੀ ਪੁਲਸ ਸਟੇਸ਼ਨ ਨੇ ਕਾਰ ਅਤੇ ਟਰਾਲੀ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ਵਿੱਚ ਰੱਖਿਆ ਗਿਆ ਹੈ।