ਮੇਜਰ ਦੇ ਘਰ ਚੋਰੀ ਕਰਨ ਵਾਲਾ ਵਿੱਕੀ ਗ੍ਰਿਫਤਾਰ, ਸਾਮਾਨ ਬਰਾਮਦ

Wednesday, Aug 09, 2017 - 07:51 AM (IST)

ਮੇਜਰ ਦੇ ਘਰ ਚੋਰੀ ਕਰਨ ਵਾਲਾ ਵਿੱਕੀ ਗ੍ਰਿਫਤਾਰ, ਸਾਮਾਨ ਬਰਾਮਦ

ਜਲੰਧਰ, (ਮਹੇਸ਼)— ਮੇਜਰ ਅਸ਼ੁਮਨ ਰਾਏ ਚੌਧਰੀ ਦੇ ਘਰ ਵਿਚ ਚੋਰੀ ਕਰਨ ਵਾਲੇ ਵਿੱਕੀ ਨਾਮੀ ਚੋਰ ਨੂੰ ਥਾਣਾ ਕੈਂਟ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸ ਕੋਲੋਂ ਚੋਰੀ ਹੋਈ ਸੋਨੇ ਦੀ ਚੇਨੀ, ਐੱਲ. ਈ. ਡੀ. ਸਮੇਤ ਹੋਰ ਸਾਮਾਨ ਬਰਾਮਦ ਕਰ ਲਿਆ ਹੈ। ਫੜਿਆ ਗਿਆ ਮੁਲਜ਼ਮ ਵਿਕਰਮ ਉਰਫ ਵਿੱਕੀ ਪੁੱਤਰ ਸੁਨੀਲ ਕੁਮਾਰ ਸਰਵੈਂਟ ਕੁਆਰਟਰ ਨਲਵਾ ਰੋਡ ਜਲੰਧਰ ਕੈਂਟ ਦਾ ਨਿਵਾਸੀ ਹੈ, ਜਿਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। 
ਇਹ ਜਾਣਕਾਰੀ ਏ. ਸੀ. ਪੀ. ਜਲੰਧਰ ਸੁਰਿੰਦਰਪਾਲ ਧੋਗੜੀ ਨੇ ਦਿੰਦੇ ਹੋਏ ਦੱਸਿਆ ਕਿ ਕਰਨਲ ਨਰੇਸ਼ ਰਾਜੌਰਾ ਨੇ ਕੈਂਟ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਨਲਵਾ ਰੋਡ ਕੈਂਟ ਵਿਚ ਸਥਿਤ ਆਰਮੀ ਕੁਆਰਟਰਾਂ ਵਿਚ ਰਹਿੰਦਾ ਉਸਦਾ ਜੀਜਾ ਮੇਜਰ ਅਸ਼ੁਮਨ ਰਾਏ ਚੌਧਰੀ ਤੇ ਬੇਟੀ ਅਸ਼ਿਤਾ ਚੌਧਰੀ ਕਿਸੇ ਕੰਮ ਦਿੱਲੀ ਗਏ ਹੋਏ ਹਨ। ਉਨ੍ਹਾਂ ਦੇ ਕੁਆਰਟਰਾਂ ਦਾ ਤਾਲਾ ਕਿਸੇ ਨੇ ਭੰਨ ਕੇ ਸਾਮਾਨ ਚੋਰੀ ਕਰ ਲਿਆ ਹੈ। ਪੁਲਸ ਦੀ ਜਾਂਚ ਵਿਚ ਪਤਾ ਲੱਗਾ ਕਿ ਚੋਰੀ ਦੀ ਵਾਰਦਾਤ ਨੂੰ ਅੰਜਾਮ ਵਿੱਕੀ ਨਾਮੀ ਨੌਜਵਾਨ ਨੇ ਦਿੱਤਾ ਹੈ, ਜਿਸ 'ਤੇ ਉਸਦੇ ਖਿਲਾਫ ਕੇਸ ਦਰਜ ਕਰਕੇ ਉਸਨੂੰ ਕਾਬੂ ਕਰ ਲਿਆ ਗਿਆ ਹੈ। ਐੱਸ. ਐੱਚ. ਓ. ਕੈਂਟ ਗੁਰਪ੍ਰੀਤ ਸਿੰਘ ਦੀ ਅਗਵਾਈ ਵਿਚ ਏ. ਐੱਸ. ਆਈ. ਚਰਨ ਸਿੰਘ ਵਲੋਂ ਫੜਿਆ ਗਿਆ ਵਿੱਕੀ ਇਕ ਮਹੀਨੇ ਤੋਂ ਆਪਣੀ ਪਤਨੀ ਸਮੇਤ ਸਰਵੈਂਟ ਕੁਆਰਟਰਾਂ ਵਿਚ ਨਲਵਾ ਰੋਡ 'ਤੇ ਰਹਿ ਰਿਹਾ ਸੀ। ਉਂਝ ਉਹ ਥਾਣਾ ਰਾਮਾਮੰਡੀ ਦੇ ਖੇਤਰ ਏਕਤਾ ਨਗਰ ਦਾ ਨਿਵਾਸੀ ਹੈ। 
ਸਾਬਕਾ ਵਿੰਗ ਕਮਾਂਡਰ ਦੀ ਗੱਡੀ ਦਾ ਸ਼ੀਸ਼ਾ ਭੰਨ ਕੇ ਨਕਦੀ ਤੇ ਸਾਮਾਨ ਚੋਰੀ ਕਰਨ ਵਾਲਾ ਕਾਬੂ : ਥਾਣਾ ਕੈਂਟ ਦੀ ਪੁਲਸ ਨੇ 6 ਅਗਸਤ ਨੂੰ ਸਾਬਕਾ ਵਿੰਗ ਕਮਾਂਡਰ ਐੱਨ. ਪੀ. ਸਿੰਘ ਦੀ ਗੋਲਫ ਗਰਾਊਂਡ ਵਿਚ ਖੜ੍ਹੀ ਕਾਰ ਦਾ ਸ਼ੀਸ਼ਾ ਭੰਨ ਕੇ 3200 ਰੁਪਏ ਦੀ ਨਕਦੀ, ਬੈਂਕ ਕਾਰਡ ਤੇ ਆਰਮੀ ਕਾਰਡ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਸਾਬਕਾ ਵਿੰਗ ਕਮਾਂਡਰ ਐੱਨ. ਪੀ. ਸਿੰਘ ਗੋਲਫ ਖੇਡਣ ਲਈ ਕੈਂਟ ਆਏ ਹੋਏ ਸਨ। ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਤਲਵਿੰਦਰ ਸਿੰਘ ਵਲੋਂ ਕਾਬੂ ਕੀਤੇ ਮੁਲਜ਼ਮ ਦੀ ਪਛਾਣ ਅਨਮੋਲ ਰਤਨ ਪੁੱਤਰ ਵੇਦ ਰਾਜ ਨਿਵਾਸੀ ਗੜ੍ਹਾ ਦੇ ਤੌਰ 'ਤੇ  ਹੋਈ ਹੈ, ਜਿਸ ਦੇ ਖਿਲਾਫ ਥਾਣਾ ਕੈਂਟ ਵਿਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 


Related News