ਖੜਗੇ ਦੀ ਰੈਲੀ ਮਗਰੋਂ ਮੰਚ ਸ਼ੁੱਧੀਕਰਨ ਨੂੰ ਲੈ ਕੇ ਵਿਰੋਧ, ਜਲੰਧਰ ''ਚ ਕਾਂਗਰਸ ਨੇ ਕੀਤਾ ਪ੍ਰਦਰਸ਼ਨ

Monday, Sep 07, 2026 - 03:41 PM (IST)

ਖੜਗੇ ਦੀ ਰੈਲੀ ਮਗਰੋਂ ਮੰਚ ਸ਼ੁੱਧੀਕਰਨ ਨੂੰ ਲੈ ਕੇ ਵਿਰੋਧ, ਜਲੰਧਰ ''ਚ ਕਾਂਗਰਸ ਨੇ ਕੀਤਾ ਪ੍ਰਦਰਸ਼ਨ

ਜਲੰਧਰ (ਸੋਨੂੰ)- ਹਲਦਵਾਨੀ 'ਚ ਮਲਿੱਕਾਰਜੁਨ ਖੜਗੇ ਦੇ ਭਾਸ਼ਣ ਤੋਂ ਬਾਅਦ ਸ਼ੁੱਧੀਕਰਨ ਕਰਨ ਦੇ ਵਿਰੋਧ ਵਿਚ ਪੰਜਾਬ ਕਾਂਗਰਸ ਨੇ ਅੱਜ ਜਲੰਧਰ ਵਿਚ ਭਾਜਪਾ ਖ਼ਿਲਾਫ਼ ਧਰਨਾ ਦਿੱਤਾ। ਕਾਂਗਰਸ ਲੀਡਰਸ਼ਿਪ ਨੇ ਦੇਸ਼ਭਗਤ ਯਾਦਗਾਰ ਹਾਲ ਵਿਖੇ ਭਾਜਪਾ 'ਤੇ ਜਾਤੀਵਾਦ ਦੇ ਦੋਸ਼ ਲਗਾਏ। ਕਾਂਗਰਸ ਆਗੂਆਂ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਇਹ ਸਿਰਫ਼ ਪਾਰਟੀ ਪ੍ਰਧਾਨ ਦਾ ਅਪਮਾਨ ਨਹੀਂ ਹੈ, ਸਗੋਂ ਸੰਵਿਧਾਨ ਦੀ ਭਾਵਨਾ, ਸਮਾਨਤਾ ਦੇ ਅਧਿਕਾਰ ਅਤੇ ਸਮੁੱਚੀ ਸਮਾਜਿਕ ਮਾਨਸਿਕਤਾ 'ਤੇ ਸਿੱਧਾ ਹਮਲਾ ਹੈ। ਕੈਂਟ ਤੋਂ ਕਾਂਗਰਸੀ ਵਿਧਾਇਕ ਅਤੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਇਸ ਪੂਰੀ ਘਟਨਾ ਨੂੰ ਸੰਵਿਧਾਨ ਦੀ ਧਾਰਾ 14, 15 ਅਤੇ 17 ਦੀ ਉਲੰਘਣਾ ਦੱਸਿਆ, ਜੋ ਹਰੇਕ ਨਾਗਰਿਕ ਨੂੰ ਬਰਾਬਰੀ ਦੀ ਅਧਿਕਾਰ ਦਿੰਦੀ  ਹੈ। ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕੀਤੀ। ਇਸ ਦੌਰਾਨ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਸੁਖਵਿੰਦਰ ਰੰਧਾਵਾ, ਮੁਹੰਮਦ ਸਦੀਕ, ਵਿਧਾਇਕ ਪ੍ਰਗਟ ਸਿੰਘ, ਵਿਧਾਇਕ ਬਾਵਾ ਹੈਨਰੀ, ਵਿਧਾਇਕ ਸੁਖਵਿੰਦਰ ਕੋਟਲੀ, ਵਿਧਾਇਕ ਲਾਡੀ ਸ਼ੇਰੋਵਾਲੀਆਂ ਅਤੇ ਹੋਰ ਕਾਂਗਰਸੀ ਆਗੂ ਮੌਜੂਦ ਸਨ।

ਇਹ ਵੀ ਪੜ੍ਹੋ: ਵਿਦੇਸ਼ੋਂ ਆਈ ਖ਼ਬਰ ਨੇ ਪੁਆਏ ਵੈਣ! ਆਬੂਧਾਬੀ 'ਚ ਸੁਲਤਾਨਪੁਰ ਲੋਧੀ ਦੇ ਵਿਅਕਤੀ ਦੀ ਮੌਤ

PunjabKesari

ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਭਾਜਪਾ ਮਹਿੰਗਾਈ, ਬੇਰੁਜ਼ਗਾਰੀ, ਆਰਥਿਕ ਸੰਕਟ ਅਤੇ ਵਿਦੇਸ਼ ਨੀਤੀ ਵਰਗੇ ਅਸਲ ਮੁੱਦਿਆਂ ਤੋਂ ਜਨਤਾ ਦਾ ਧਿਆਨ ਹਟਾਉਣ ਲਈ ਦੇਸ਼ ਨੂੰ ਜਾਤ ਅਤੇ ਧਰਮ ਦੇ ਆਧਾਰ 'ਤੇ ਵੰਡ ਰਹੀ ਹੈ। ਪੰਜਾਬ ਦੇ ਗੁਰੂਆਂ ਅਤੇ ਸੰਤਾਂ ਵੱਲੋਂ ਦਿੱਤੇ ਗਏ "ਸੰਗਤ ਅਤੇ ਪੰਗਤ" ਦੇ ਸੰਦੇਸ਼ ਦਾ ਹਵਾਲਾ ਦਿੰਦੇ ਹੋਏ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਧਰਤੀ ਅਜਿਹੀ ਵਿਤਕਰੇ ਵਾਲੀ ਅਤੇ ਮਨੂਸਮ੍ਰਿਤੀ-ਆਧਾਰਿਤ ਮਾਨਸਿਕਤਾ ਨੂੰ ਕਦੇ ਵੀ ਸਵੀਕਾਰ ਨਹੀਂ ਕਰੇਗੀ।

PunjabKesari

ਮਨੋਜਰੰਜਨ ਕਾਲੀਆ ਦੇ ਯੱਗ ਬਾਰੇ ਬਿਆਨ ਦਾ ਕੀਤਾ ਖੰਡਨ
ਕਾਂਗਰਸ ਆਗੂਆਂ ਨੇ ਭਾਜਪਾ ਦੇ ਸੀਨੀਅਰ ਆਗੂ ਮਨੋਜਰੰਜਨ ਕਾਲੀਆ ਦੇ ਉਸ ਦਾਅਵੇ ਦਾ ਵੀ ਖੰਡਨ ਕੀਤਾ, ਜਿਸ ਵਿਚ ਉਨ੍ਹਾਂ ਇਕ ਧਾਰਮਿਕ ਸੰਸਥਾ ਵੱਲੋਂ ਆਯੋਜਿਤ ਇਕ ਸਾਧਾਰਨ "ਹਵਨ-ਯੱਗ" ਕਰਾਰ ਦਿੱਤਾ ਸੀ। ਕਾਂਗਰਸ ਆਗੂਆਂ ਦਾ ਦੋਸ਼ ਹੈ ਕਿ ਭਾਜਪਾ ਦੇ ਸੂਬਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਇਸ ਸਮਾਗਮ ਵਿੱਚ ਨਿੱਜੀ ਤੌਰ 'ਤੇ ਮੌਜੂਦ ਸਨ, ਜਿਸ ਦੇ ਕਾਫ਼ੀ ਸਬੂਤ ਹਨ। ਆਮ ਆਦਮੀ ਪਾਰਟੀ ਦੀ ਚੁੱਪੀ 'ਤੇ ਸਵਾਲ ਚੁੱਕਦੇ ਉਨ੍ਹਾਂ ਨੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਭਾਜਪਾ ਦੀ "ਬੀ-ਟੀਮ" ਦੱਸਿਆ। ਉਨ੍ਹਾਂ ਨੇ ਦਲਿਤਾਂ, ਪਛੜੇ ਵਰਗਾਂ ਦੇ ਹੱਕਾਂ ਲਈ ਬੋਲਣ ਲਈ ਰਾਹੁਲ ਗਾਂਧੀ ਵਿਰੁੱਧ ਦਰਜ ਮਾਮਲਿਆਂ ਦੀ ਵੀ ਸਖ਼ਤ ਨਿੰਦਾ ਕੀਤੀ।\

ਇਹ ਵੀ ਪੜ੍ਹੋ: ਪੰਜਾਬ 'ਚ ਸ਼ਰਮਸਾਰ ਘਟਨਾ! ਦੋ ਨੌਜਵਾਨਾਂ ਨੇ ਕੁੜੀ ਦੀ ਰੋਲ਼ੀ ਪੱਤ, ਪੇਟ ਦਰਦ ਮਗਰੋਂ ਖੁੱਲ੍ਹੇ ਭੇਤ ਨੇ ਉਡਾਏ ਹੋਸ਼

ਬਿਜਲੀ ਸੰਕਟ ਨੂੰ ਲੈ ਕੇ ਘੇਰੀ 'ਆਪ' ਸਰਕਾਰ
ਇਸ ਤੋਂ ਇਲਾਵਾ ਪੰਜਾਬ 'ਚ ਬਿਜਲੀ ਅਤੇ ਕੋਲੇ ਦੇ ਵਧਦੇ ਸੰਕਟ ਲਈ ਸੂਬਾ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਗਈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਥਰਮਲ ਪਲਾਂਟਾਂ 'ਚ ਸਿਰਫ਼ ਕੁਝ ਦਿਨਾਂ ਦਾ ਕੋਲਾ ਬਚਿਆ ਹੈ ਅਤੇ ਸੂਬੇ ਵਿੱਚ ਬਿਜਲੀ ਉਤਪਾਦਨ ਦੇਸ਼ 'ਚ ਸਭ ਤੋਂ ਮਹਿੰਗਾ ਸਾਬਤ ਹੋ ਰਿਹਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਦਿੱਲੀ ਤੋਂ ਸੰਚਾਲਿਤ ਹੋਣ ਅਤੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਕਿਹਾ ਕਿ ਸਸਤੀ ਬਿਜਲੀ ਆਫ਼ਰਾਂ ਨੂੰ ਰੱਦ ਕਰਕੇ ਪੰਜਾਬ ਦੇ ਲੋਕਾਂ 'ਤੇ ਬੋਝ ਪਾਇਆ ਜਾ ਰਿਹਾ ਹੈ। ਆਗੂਆਂ ਨੇ ਦਾਅਵਾ ਕੀਤਾ ਕਿ ਜਨਤਾ ਭਵਿੱਖ 'ਚ ਇਸ ਕੁਸ਼ਾਸਨ ਅਤੇ ਵੰਡ ਪਾਉਣ ਵਾਲੀ ਰਾਜਨੀਤੀ ਦਾ ਢੁੱਕਵਾਂ ਜਵਾਬ ਦੇਵੇਗੀ।

ਇਹ ਵੀ ਪੜ੍ਹੋ: ਪੰਜਾਬ 'ਚ ਫ਼ੈਲਣ ਲੱਗੀ ਇਹ ਭਿਆਨਕ ਬੀਮਾਰੀ! ਜਲੰਧਰ 'ਚ ਹੋਈ ਪਹਿਲੀ ਸ਼ੱਕੀ ਮੌਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News