ਮਾਝਾ ਬ੍ਰਿਗੇਡ ਨੇ ਜਿਸ ਸਟਾਈਲ ''ਚ ''ਕੈਪਟਨ'' ਨੂੰ ਬਣਾਇਆ ਸੀ ਪ੍ਰਧਾਨ, ਉਸੇ ਸਟਾਈਲ ''ਚ ''ਸਿੱਧੂ'' ਨੂੰ ਦਿਵਾਇਆ ਤਾਜ

Tuesday, Jul 20, 2021 - 12:09 PM (IST)

ਪਟਿਆਲਾ (ਰਾਜੇਸ਼ ਪੰਜੌਲਾ) : ਜਿਸ ਮਾਝਾ ਬ੍ਰਿਗੇਡ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਸੀ, ਹੁਣ ਉਸੇ ਬ੍ਰਿਗੇਡ ਨੇ ਆਪਣੇ ਪੁਰਾਣੇ ਸਟਾਈਲ ’ਚ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਤਾਜ ਤੱਕ ਪਹੁੰਚਾਇਆ ਹੈ। ਮਾਝਾ ਬ੍ਰਿਗੇਡ ਸ਼ੁਰੂ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਦਾ ਪੱਕਾ ਹਮਾਇਤੀ ਰਿਹਾ ਹੈ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਅਤੇ ਉਨ੍ਹਾਂ ਦੇ ਇਕ ਦਰਜਨ ਦੇ ਲਗਭਗ ਵਿਧਾਇਕਾਂ ਦੀ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣ ’ਚ ਅਹਿਮ ਭੂਮਿਕਾ ਰਹੀ ਹੈ। ਬੇਸ਼ੱਕ ਪੰਜਾਬ ਦੀ ਕਾਂਗਰਸ ਦੀ ਸਿਆਸਤ ’ਚ ਸਾਲ 2007 ਤੋਂ ਪਹਿਲਾਂ ਮਾਝੇ ਦੀ ਕੋਈ ਅਹਿਮ ਭੂਮਿਕਾ ਨਹੀਂ ਸੀ ਪਰ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਾਝੇ ਦੇ ਕਾਂਗਰਸੀਆਂ ਨੇ ਡਟ ਕੇ ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ ਕੀਤੀ ਸੀ। ਕਾਂਗਰਸ ਹਾਈਕਮਾਂਡ ’ਤੇ ਦਬਾਅ ਪਾ ਕੇ ਕੈਪਟਨ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਿਵਾਈ ਸੀ। ਹੁਣ 2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਮਾਝਾ ਬ੍ਰਿਗੇਡ ਨੇ ਚੋਣਾਂ ਤੋਂ ਪਹਿਲਾਂ ਵਿਸ਼ੇਸ਼ ਮੁਹਿੰਮ ਚਲਾ ਕੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਕੇ ਦਮ ਲਿਆ ਹੈ। ਸਿੱਧੂ ਨੂੰ ਪੰਜਾਬ ਦੀ ਕੈਬਨਿਟ ਵਜੀਰੀ ਛੱਡੇ ਨੂੰ 2 ਸਾਲ ਤੋਂ ਵੱਧ ਸਮਾਂ ਹੋ ਗਿਆ। ਲੰਮੇ ਸਮੇਂ ਤੋਂ ਉਹ ਆਪਣੀ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਲੜਾਈ ਲੜਦੇ ਰਹੇ ਪਰ ਜਦੋਂ ਤੱਕ ਮਾਝਾ ਬ੍ਰਿਗੇਡ ਦਾ ਸਹਿਯੋਗ ਨਹੀਂ ਮਿਲਿਆ, ਉਹ ਆਪਣੇ ਮਿਸ਼ਨ ’ਚ ਕਾਮਯਾਬ ਨਹੀਂ ਹੋ ਸਕੇ। ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਜਿਸ ਤਰ੍ਹਾਂ ਦੀ ਮੁਹਿੰਮ ਮਾਝਾ ਬ੍ਰਿਗੇਡ ਨੇ ਚਲਾਈ, ਉਸ ਨਾਲ ਵੱਡੀ ਗਿਣਤੀ ’ਚ ਵਿਧਾਇਕ ਨਵਜੋਤ ਸਿੰਘ ਸਿੱਧੂ ਦੇ ਹੱਕ ’ਚ ਆਏ ਅਤੇ ਸਿੱਧੂ ਆਖ਼ਰਕਾਰ ਪੰਜਾਬ ਦਾ ਪ੍ਰਧਾਨ ਬਣਨ ਵਿਚ ਸਫ਼ਲ ਹੋ ਗਏ।

ਇਹ ਵੀ ਪੜ੍ਹੋ : ਗਰੀਬ ਪਰਿਵਾਰ 'ਤੇ ਆਫ਼ਤ ਬਣ ਕੇ ਵਰ੍ਹਿਆ ਮੀਂਹ, ਛੱਤ ਡਿਗਣ ਕਾਰਨ ਇਕੱਠੇ 4 ਜੀਆਂ ਦੀ ਮੌਤ (ਤਸਵੀਰਾਂ)
ਵਿਧਾਇਕਾਂ ਨੂੰ ਮਹਿਸੂਸ ਹੋਇਆ ਸਿੱਧੂ ਤੋਂ ਬਿਨਾਂ 2022 ’ਚ ਵਿਧਾਨ ਸਭਾ ’ਚ ਪਹੁੰਚਣਾ ਮੁਸ਼ਕਿਲ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਢੇ 4 ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਲੋਕਾਂ ਦੀਆਂ ਜੋ ਇੱਛਾਵਾਂ ਅਤੇ ਵਾਅਦੇ ਕਾਂਗਰਸ ਨੇ ਕੀਤੇ ਸਨ, ਉਹ ਪੂਰੇ ਨਹੀਂ ਹੋ ਸਕੇ। ਸਭ ਤੋਂ ਵੱਡਾ ਮਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ, ਨਸ਼ੇ ਦੇ ਸੌਦਾਗਰਾਂ ਨੂੰ ਸਜ਼ਾ ਦਿਵਾਉਣਾ ਅਤੇ ਬਾਦਲ ਸਰਕਾਰ ਵੱਲੋਂ ਕੀਤੇ ਗਏ ਬਿਜਲੀ ਐਕਟ ਰੱਦ ਕਰਨਾ ਸੀ ਪਰ ਇਨ੍ਹਾਂ ’ਚੋਂ ਕੁੱਝ ਵੀ ਨਹੀਂ ਹੋ ਸਕਿਆ। ਮਾਝੇ ਦੀਆਂ ਜ਼ਿਆਦਾਤਰ ਸੀਟਾਂ ’ਤੇ ਇਹ ਮੁੱਦੇ ਕਾਫੀ ਭਾਰੂ ਹਨ। ਬੇਸ਼ੱਕ ਮਾਝੇ ਨੂੰ ਇਸ ਵਾਰ ਪੰਜਾਬ ਦੀ ਕੈਬਨਿਟ ’ਚ ਬਹੁਤ ਵੱਡਾ ਹਿੱਸਾ ਮਿਲਿਆ ਸੀ ਪਰ ਆਪਣੇ ਰਾਜਨੀਤਕ ਭਵਿੱਖ ਨੂੰ ਦੇਖਦੇ ਹੋਏ ਮਾਝੇ ਦੇ ਆਗੂਆਂ ਨੇ ਫ਼ੈਸਲਾ ਕੀਤਾ ਕਿ ਸਿੱਧੂ ਤੋਂ ਬਿਨਾਂ 2022 ਦੀ ਵਿਧਾਨ ਸਭਾ ’ਚ ਪਹੁੰਚਣਾ ਬੇਹੱਦ ਮੁਸ਼ਕਿਲ ਹੈ। ਇਸ ਲਈ ਆਪਣੇ ਰਾਜਨੀਤਕ ਭਵਿੱਖ ਨੂੰ ਦੇਖਦੇ ਹੋਏ ਉਨ੍ਹਾਂ ਆਪਣੀ ਕੈਬਨਿਟ ਵਜੀਰੀ ਦਾਅ ’ਤੇ ਲਾ ਕੇ ਮੁੱਖ ਮੰਤਰੀ ਖ਼ਿਲਾਫ਼ ਝੰਡਾ ਬੁਲੰਦ ਕੀਤਾ ਅਤੇ ਸਿੱਧੂ ਦੇ ਹੱਕ ’ਚ ਡਟ ਕੇ ਖੜ੍ਹੇ ਹੋ ਗਏ।

ਇਹ ਵੀ ਪੜ੍ਹੋ : ਲੁਧਿਆਣਾ 'ਚ ਹੋਈ ਮਾਨਸੂਨ ਦੀ ਪਹਿਲੀ ਭਾਰੀ ਬਾਰਸ਼, ਪਾਣੀ 'ਚ ਡੁੱਬੇ ਕਈ ਇਲਾਕੇ, ਬਿਜਲੀ ਵੀ ਬੰਦ (ਤਸਵੀਰਾਂ)
ਵਿਧਾਇਕਾਂ ਅਤੇ ਪ੍ਰਸ਼ਾਂਤ ਕਿਸ਼ੋਰ ਦੀ ਰਿਪੋਰਟ ਤੋਂ ਬਾਅਦ ਹਾਈਕਮਾਨ ਨੇ ਲਿਆ ਫ਼ੈਸਲਾ
ਕੈਪਟਨ-ਸਿੱਧੂ ਵਿਵਾਦ ਤੋਂ ਬਾਅਦ ਕਾਂਗਰਸ ਹਾਈਕਮਾਨ ਵੱਲੋਂ ਬਣਾਈ ਗਈ 3 ਮੈਂਬਰੀ ਕਮੇਟੀ ਨੇ ਪੰਜਾਬ ਦੇ ਸਮੁੱਚੇ ਵਿਧਾਇਕਾਂ ਅਤੇ ਮੰਤਰੀਆਂ ਦੀ ਰਾਏ ਪੁੱਛੀ। ਇਹ ਰਾਏ ਇਕੱਲੇ-ਇਕੱਲੇ ਨੂੰ ਬੁਲਾ ਕੇ ਪੁੱਛੀ ਗਈ। ਸੂਤਰਾਂ ਅਨੁਸਾਰ 70 ਦੇ ਲਗਭਗ ਵਿਧਾਇਕਾਂ ਅਤੇ ਮੰਤਰੀਆਂ ਨੇ ਹਾਈਕਮਾਨ ਨੂੰ ਸਪੱਸ਼ਟ ਕਿਹਾ ਕਿ ਸਿੱਧੂ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ। ਜ਼ਿਆਦਾਤਰ ਵਿਧਾਇਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਭੁਗਤੇ। ਇਸ ਤੋਂ ਬਾਅਦ ਕਾਂਗਰਸ ਦੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਵੀ ਹਾਈਕਮਾਨ ਨੂੰ ਇਹੀ ਰਿਪੋਰਟ ਦਿੱਤੀ ਕਿ ਕਿਸੇ ਵੀ ਹਾਲਤ ’ਚ ਸਿੱਧੂ ਤੋਂ ਬਿਨਾਂ ਕਾਂਗਰਸ ਸਰਕਾਰ ਰਿਪੀਟ ਨਹੀਂ ਹੋ ਸਕਦੀ। ਜੇਕਰ ਸਿੱਧੂ ਕਿਸੇ ਹੋਰ ਪਾਰਟੀ ’ਚ ਚਲੇ ਗਏ ਤਾਂ ਇਸ ਦਾ ਕਾਂਗਰਸ ਨੂੰ ਵੱਡਾ ਨੁਕਸਾਨ ਹੋਵੇਗਾ। ਕਰਤਾਰਪੁਰ ਲਾਂਘੇ ਕਾਰਨ ਸਿੱਧੂ ਸਿੱਖਾਂ ਦੇ ਚਹੇਤੇ ਬਣੇ ਹੋਏ ਹਨ। ਇਸ ਤੋਂ ਇਲਾਵਾ ਸਿੱਧੂ ਦਾ ਬੇਦਾਗ ਅਕਸ ਅਤੇ ਪ੍ਰਧਾਨ ਮੰਤਰੀ ਮੋਦੀ ਤੇ ਬਾਦਲਾਂ ਖ਼ਿਲਾਫ਼ ਸਿੱਧੀ ਲੜਾਈ ਦਾ ਲਾਭ ਵੀ ਨਵਜੋਤ ਸਿੰਘ ਸਿੱਧੂ ਨੂੰ ਮਿਲਿਆ।

ਇਹ ਵੀ ਪੜ੍ਹੋ : ਨਜ਼ਦੀਕ ਹੋਣ ਦੇ ਬਾਵਜੂਦ ਵੀ ਬੇਹੱਦ ਦੂਰ ਰਹੇ 'ਕੈਪਟਨ-ਸਿੱਧੂ', ਨਾ ਵਧਾਈ ਨਾ ਮਠਿਆਈ
ਬਿਊਰਕ੍ਰੇਸੀ ਨੂੰ ਖੁੱਲ੍ਹੀ ਛੋਟ ਦੇਣਾ ਕੈਪਟਨ ਲਈ ਸਭ ਤੋਂ ਹਾਨੀਕਾਰਕ ਸਾਬਿਤ ਹੋਇਆ
ਪੰਜਾਬ ਦੀ ਅਫਸਰਸ਼ਾਹੀ (ਬਿਊਰੋਕ੍ਰੇਸੀ) ਨੂੰ ਖੁੱਲ੍ਹੀ ਛੋਟ ਦੇਣਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਸਭ ਤੋਂ ਜ਼ਿਆਦਾ ਹਾਨੀਕਾਰਕ ਸਾਬਿਤ ਹੋਇਆ ਹੈ। ਤਿੰਨ ਮੈਂਬਰੀ ਕਮੇਟੀ ਨੂੰ ਜ਼ਿਆਦਾਤਰ ਮੰਤਰੀਆਂ ਅਤੇ ਵਿਧਾਇਕਾਂ ਨੇ ਇਹੀ ਰਿਪੋਰਟ ਦਿੱਤੀ ਕਿ ਪੰਜਾਬ ’ਚ ਕਾਂਗਰਸ ਸਰਕਾਰ ਨਹੀਂ, ਸਗੋਂ ਬਿਊਰੋਕ੍ਰੇਸੀ ਦੀ ਸਰਕਾਰ ਚੱਲ ਰਹੀ ਹੈ। ਅਫ਼ਸਰਸ਼ਾਹੀ ਮੰਤਰੀਆਂ ਤੱਕ ਦੀ ਸੁਣਵਾਈ ਨਹੀਂ ਕਰਦੀ। ਇੰਝ ਲੱਗਦਾ ਸੀ ਜਿਵੇਂ ਪੰਜਾਬ ਵਿਚ ਗਵਰਨਰ ਰੂਲ ਹੋਵੇ। ਵਿਧਾਇਕਾਂ ਦੀ ਆਈ. ਏ. ਐੱਸ. ਅਤੇ ਆਈ. ਪੀ. ਐੱਸ. ਲਾਬੀ ਬਿਲਕੁਲ ਵੀ ਸੁਣਵਾਈ ਨਹੀਂ ਕਰ ਰਹੀ ਸੀ। ਜ਼ਿਆਦਾਤਰ ਨੇ ਮੁੱਖ ਮੰਤਰੀ ਦੇ ਚੀਫ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ’ਤੇ ਭੜਾਸ ਕੱਢੀ। ਵਿਧਾਇਕਾਂ ਦਾ ਕਹਿਣਾ ਸੀ ਕਿ ਇੰਝ ਲੱਗਦਾ ਹੈ ਜਿਵੇਂ ਇਹ ਸਰਕਾਰ ਸੁਰੇਸ਼ ਕੁਮਾਰ ਨੂੰ ਠੇਕੇ ’ਤੇ ਦਿੱਤੀ ਗਈ ਹੋਵੇ। ਰਾਜਨੀਤਕ ਫੈਸਲੇ ਵੀ ਅਫ਼ਸਰਸ਼ਾਹੀ ਲੈਣ ਲੱਗ ਪਈ ਸੀ। ਅਜਿਹੇ ਅਫ਼ਸਰਾਂ ਨੂੰ ਅਹਿਮ ਪੋਸਟਾਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ਨੇ ਅਕਾਲੀ ਸਰਕਾਰ ’ਚ ਵੀ ਰਾਜ ਕੀਤਾ। ਪੰਜਾਬ ’ਚ ਝੋਨੇ ਦੇ ਸੀਜ਼ਨ ਦੌਰਾਨ ਆਏ ਬਿਜਲੀ ਸੰਕਟ ਦਾ ਕਾਰਨ ਸਿੱਧੇ ਤੌਰ ’ਤੇ ਪਾਵਰ ਨਿਗਮ ਦੇ ਸੀ. ਐੱਮ. ਡੀ. ਵੇਣੂੰ ਪ੍ਰਸਾਦ ਦੇ ਗਲ ਮੜ੍ਹਿਆ ਗਿਆ। ਵੇਣੂੰ ਪ੍ਰਸਾਦ ਨੂੰ ਸੁਰੇਸ਼ ਕੁਮਾਰ ਦਾ ਸਭ ਤੋਂ ਵੱਧ ਚਹੇਤਾ ਦੱਸਿਆ ਗਿਆ। ਵੇਣੂੰ ਪ੍ਰਸਾਦ ਕੋਲ ਪਾਵਰ ਨਿਗਮ ਦੇ ਸੀ. ਐੱਮ. ਡੀ. ਅਤੇ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਫਾਈਨਾਂਸ਼ੀਅਲ ਕਮਿਸ਼ਨਰ ਦਾ ਵੀ ਚਾਰਜ ਹੈ। ਵੇਣੂੰ ਪ੍ਰਸਾਦ ਅਕਾਲੀਆਂ ’ਚ ਵੀ ਪ੍ਰਾਈਮ ਪੋਸਟਾਂ ’ਤੇ ਰਿਹਾ ਅਤੇ ਕਾਂਗਰਸ ਦੇ ਰਾਜ ’ਚ ਵੀ ਮਲਾਈਦਾਰ ਪੋਸਟਾਂ ਦਾ ਆਨੰਦ ਲੈ ਰਿਹਾ ਹੈ। ਇਸੇ ਤਰ੍ਹਾਂ ਕਈ ਹੋਰ ਅਫ਼ਸਰਾਂ ਦੀ ਲਿਸਟ ਹਾਈਕਮਾਨ ਨੂੰ ਦਿੱਤੀ ਗਈ, ਜੋ ਕਿ ਅਕਾਲੀਆਂ ਦੇ ਚਹੇਤੇ ਸਨ ਪਰ ਕਾਂਗਰਸ ਸਰਕਾਰ ਨੇ ਵੀ ਉਨ੍ਹਾਂ ਨੂੰ ਅਹਿਮ ਅਹੁਦੇ ਦੇ ਕੇ ਨਿਵਾਜਿਆ।

ਇਹ ਵੀ ਪੜ੍ਹੋ : ਖੇਤਾਂ 'ਚ ਕੰਮ ਕਰਨ ਜਾਂਦੇ ਕਿਸਾਨ 'ਤੇ ਆਸਮਾਨ ਤੋਂ ਵਰ੍ਹਿਆ ਕਹਿਰ, ਮੌਕੇ 'ਤੇ ਹੀ ਮੌਤ
ਹਾਈਕਮਾਨ ਦੀ ਸਕ੍ਰਿਪਟ ਅਨੁਸਾਰ ਚੱਲੇ ਸਿੱਧੂ
ਕਾਂਗਰਸ ਹਾਈਕਮਾਨ ਅਤੇ ਖ਼ਾਸ ਕਰ ਕੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੀ ਵਾਂਗਡੋਰ ਸੌਂਪਣਾ ਚਾਹੁੰਦੇ ਸਨ ਪਰ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਹੀ ਇਸ ਦਾ ਵਿਰੋਧ ਕਰਦੇ ਰਹੇ, ਜਿਸ ਕਰ ਕੇ ਹਾਈਕਮਾਨ ਆਪਣੇ ਫ਼ੈਸਲੇ ਬਦਲਦੀ ਰਹੀ। ਤਿੰਨ ਮੈਂਬਰੀ ਕਮੇਟੀ ਅਤੇ ਪ੍ਰਸ਼ਾਂਤ ਕਿਸ਼ੋਰ ਦੀ ਰਿਪੋਰਟ ਤੋਂ ਬਾਅਦ ਪ੍ਰਿਯੰਕਾ ਗਾਂਧੀ ਨੇ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਉਣ ਦਾ ਮਨ ਬਣਾ ਲਿਆ ਸੀ ਪਰ ਕੈਪਟਨ ਅਮਰਿੰਦਰ ਸਿੰਘ ਕਿਸੇ ਵੀ ਹਾਲਤ ’ਚ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣ ਲਈ ਤਿਆਰ ਨਹੀਂ ਸਨ। ਇਸ ਲਈ ਉਨ੍ਹਾਂ ਵਾਰ-ਵਾਰ ਹਾਈਕਮਾਨ ਤੱਕ ਸੰਦੇਸ਼ ਪਹੁੰਚਾਇਆ ਕਿ ਉਹ ਸਿੱਧੂ ਨਾਲ ਕੰਮ ਨਹੀਂ ਕਰਨਗੇ। ਇਥੋਂ ਤੱਕ ਮੈਸੇਜ ਦਿੱਤੇ ਗਏ ਕਿ ਕੈਪਟਨ ਅਮਰਿੰਦਰ ਸਿੰਘ ਅਸਤੀਫ਼ਾ ਤੱਕ ਦੇ ਸਕਦੇ ਹਨ। ਇਸ ਤੋਂ ਬਾਅਦ ਹਾਈਕਮਾਨ ਨੇ ਸਿੱਧੂ ਨੂੰ ਪੰਜਾਬ ਵਿਚ ਜਾ ਕੇ ਕਾਂਗਰਸੀ ਵਿਧਾਇਕਾਂ ਤੇ ਮੰਤਰੀਆਂ ਤੱਕ ਪਹੁੰਚ ਕਰਨ ਲਈ ਕਿਹਾ ਅਤੇ ਹਾਈਕਮਾਨ ਨੇ ਪੰਜਾਬ ਦੇ ਕਾਂਗਰਸੀਆਂ ਨੂੰ ਮੈਸੇਜ ਪਹੁੰਚਾਇਆ ਕਿ ਸਿੱਧੂ ਨੂੰ ਜ਼ਿੰਮੇਵਾਰੀ ਮਿਲਣ ਜਾ ਰਹੀ ਹੈ। ਇਸ ਲਈ ਉਸ ਦਾ ਸਾਥ ਦੇਵੋ। ਇਸ ਤੋਂ ਬਾਅਦ ਪੰਜਾਬ ਦਾ ਸਿਆਸੀ ਵਾਤਾਵਰਣ ਬਦਲ ਗਿਆ। ਸੁਨੀਲ ਜਾਖੜ ਸਮੇਤ ਪੰਜਾਬ ਦੇ ਅੱਧੀ ਦਰਜਨ ਮੰਤਰੀ ਅਤੇ ਦਰਜਨਾਂ ਵਿਧਾਇਕ ਖੁੱਲ੍ਹ ਕੇ ਸਿੱਧੂ ਦੇ ਹੱਕ ’ਚ ਆ ਗਏ। ਲਗਾਤਾਰ 3-4 ਦਿਨ ਸਿੱਧੂ ਦੇ ਸਵਾਗਤ ਹੁੰਦੇ ਰਹੇ। ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਿਹਾ ਜਦੋਂ ਤੱਕ ਸਿੱਧੂ ਜਨਤਕ ਤੌਰ ’ਤੇ ਮੁਆਫ਼ੀ ਨਹੀਂ ਮੰਗਦੇ, ਉਹ ਸਿੱਧੂ ਨਾਲ ਮੁਲਾਕਾਤ ਨਹੀਂ ਕਰਨਗੇ। ਇਹ ਗੱਲ ਹਾਈਕਮਾਨ ਨੂੰ ਚੰਗੀ ਨਹੀਂ ਲੱਗੀ ਅਤੇ ਉਨ੍ਹਾਂ ਤੁਰੰਤ ਫ਼ੈਸਲਾ ਕਰਦੇ ਹੋਏ ਸਿੱਧੂ ਦੀ ਪ੍ਰਧਾਨਗੀ ਵਾਲੀ ਚਿੱਠੀ ਜਾਰੀ ਕਰ ਦਿੱਤੀ।
25 ਜੂਨ ਨੂੰ ‘ਜਗ ਬਾਣੀ’ ਨੇ ਕਰ ਦਿੱਤਾ ਸੀ ਖ਼ੁਲਾਸਾ
‘ਜਗ ਬਾਣੀ’ ਨੇ 25 ਜੂਨ 2021 ਨੂੰ ਇਕ ਵਿਸ਼ੇਸ਼ ਨਿਊਜ਼ ਸਟੋਰੀ ਪ੍ਰਕਾਸ਼ਿਤ ਕਰ ਕੇ ਸਪੱਸ਼ਟ ਕੀਤਾ ਸੀ ਕਿ ਕਾਂਗਰਸ ਹਾਈਕਮਾਨ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਉਣਾ ਚਾਹੁੰਦੀ ਹੈ ਅਤੇ ਕਦੇ ਵੀ ਐਲਾਨ ਹੋ ਸਕਦਾ ਹੈ। ਇਸ ਸਟੋਰੀ ’ਚ ਸਪੱਸ਼ਟ ਕੀਤਾ ਗਿਆ ਸੀ ਕਿ ਕਾਂਗਰਸ ਹਾਈਕਮਾਨ ਨੇ ਆਪਣਾ ਮਨ ਬਣਾ ਲਿਆ ਹੈ ਪਰ ਕੈਪਟਨ ਅਮਰਿੰਦਰ ਸਿੰਘ ਕਿਸੇ ਵੀ ਹਾਲਤ ’ਚ ਸਿੱਧੂ ਨੂੰ ਪ੍ਰਧਾਨ ਬਣਨ ਦੇਣਾ ਨਹੀਂ ਚਾਹੁੰਦੇ। ਇਸ ਖ਼ਬਰ ’ਚ ਜੋ ਵੀ ਤੱਥ ਪੇਸ਼ ਕੀਤੇ ਗਏ ਸਨ, ਬਿਲਕੁਲ ਉਹੀ ਰਾਜਨੀਤਕ ਦ੍ਰਿਸ਼ ਪਿਛਲੇ 4 ਦਿਨਾਂ ਤੋਂ ਪੰਜਾਬ ’ਚ ਦੇਖਣ ਨੂੰ ਮਿਲ ਰਿਹਾ ਹੈ। ‘ਜਗ ਬਾਣੀ’ ਦੀ ਇਸ ਖ਼ਬਰ ਦਾ ਇਕ-ਇਕ ਸ਼ਬਦ ਸੱਚ ਸਾਬਿਤ ਹੋਇਆ ਹੈ। ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਪ੍ਰਧਾਨ ਬਣਾ ਦਿੱਤਾ ਹੈ, ਆਰਡਰ ਜਾਰੀ ਹੋ ਗਏ ਹਨ ਪਰ ਅਜੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਧੂ ਨੂੰ ਪ੍ਰਧਾਨ ਮੰਨਣ ਲਈ ਤਿਆਰ ਨਹੀਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News