ਆਮਦਨ ਵਧਾਉਣ ਅਤੇ ਪਾਣੀ ਬਚਾਉਣ ਲਈ ਲਾਹੇਵੰਦ ਫਸਲ ਮੱਕੀ ਦੀ ਕਾਸ਼ਤ ਜਾਣੋ ਕਿਵੇਂ ਕਰੀਏ

04/28/2020 9:57:04 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਮੱਕੀ ਰਕਬੇ ਦੇ ਹਿਸਾਬ ਨਾਲ ਦੁਨੀਆਂ ਵਿਚ ਦੂਜੀ ਸਭ ਤੋਂ ਮਹੱਤਵਪੂਰਨ ਅਨਾਜ ਦੀ ਫਸਲ ਹੈ ਇਸ ਲਈ ਇਸ ਨੂੰ 'ਅਨਾਜਾਂ ਦੀ ਰਾਣੀ' ਵੀ ਕਿਹਾ ਜਾਂਦਾ ਹੈ । ਪੰਜਾਬ ਵਿਚ ਕਣਕ ਝੋਨੇ ਦੇ ਫਸਲੀ ਚੱਕਰ ਨੂੰ ਤੋੜਨ ਅਤੇ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਰਾਜ ਸਰਕਾਰ ਮੱਕੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਕਿ ਘੱਟ ਪਾਣੀ ਦੀ ਖਪਤ ਕਰਦੀ ਹੈ। ਇਹ ਪੰਜਾਬ ਵਿਚ ਪਾਣੀ ਦੇ ਪੱਧਰ ਵਿੱਚ ਲਗਾਤਾਰ ਗਿਰਾਵਟ ਨੂੰ ਰੋਕਣ ਅਤੇ ਕੁਦਰਤੀ ਸਰੋਤ ਨੂੰ ਬਹਾਲ ਕਰਨ ਵਿੱਚ ਸਹਾਇਤਾ ਕਰ ਸਕਦੀ ਹੈ। 

ਪਰ ਪੰਜਾਬ ਵਿਚ ਮੱਕੀ ਹੇਠਲਾ ਰਕਬਾ ਲਗਾਤਾਰ ਘਟਦਾ ਜਾ ਰਿਹਾ ਹੈ। ਸਾਲ 1970 ਵਿਚ ਮੱਕੀ ਹੇਠਲਾ ਰਕਬਾ 555 ਹਜ਼ਾਰ ਹੈਕਟੇਅਰ ਸੀ ਜਿਹੜਾ ਕਿ ਲਗਾਤਾਰ ਘੱਟਦਾ ਹੋਇਆ 1990 ਵਿਚ 188 ਹਜ਼ਾਰ ਹੈਕਟੇਅਰ ਅਤੇ ਸਾਲ 2019 ਵਿਚ ਸਿਰਫ਼ 109 ਹਜ਼ਾਰ ਹੈਕਟੇਅਰ ਹੀ ਰਹਿ ਗਿਆ ਹੈ । ਪੰਜਾਬ ਸਰਕਾਰ ਮੱਕੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਪਹਿਲਾਂ ਹੀ ਖੇਤੀਬਾੜੀ ਵਿਭਾਗ ਦੁਆਰਾ ਕਈ ਤਰ੍ਹਾਂ ਦੇ ਕਦਮ ਚੁੱਕ ਰਹੀ ਹੈ। ਖੇਤੀਬਾੜੀ ਵਿਭਾਗ ਨੇ ਇਕ ਸਲੋਗਨ ਵੀ ਦਿੱਤਾ ਕਿ "ਝੋਨੇ ਦੀ ਥਾਂ ਮੱਕੀ ਅਗਾਓ , ਵੱਧ ਆਮਦਨ ਤੇ ਪਾਣੀ ਬਚਾਓ। "

ਮੱਕੀ ਵਿਚ ਹੋਰ ਅਨਾਜ ਦੀਆਂ ਫ਼ਸਲਾਂ ਦੇ ਮੁਕਾਬਲੇ ਪਾਣੀ ਦੀ ਬਹੁਤ ਘੱਟ ਖਪਤ ਹੁੰਦੀ ਹੈ। ਇਹ ਘੱਟ ਸਮੇਂ ਵਿਚ ਵੱਧ ਝਾੜ ਅਤੇ ਕਿਸੇ ਵੀ ਰੁੱਤ ਵਿੱਚ ਬੀਜੀ ਜਾ ਸਕਦੀ ਹੈ। ਭੋਜਨ, ਚਾਰਾ ਅਤੇ ਖ਼ੁਰਾਕ ਇਸ ਦੀ ਮੰਗ ਨੂੰ ਵਧਾਉਣ ਵਿਚ ਵਾਧਾ ਕਰਦੇ ਹਨ। ਇਸਦੀ ਸਭਤੋਂ ਵੱਧ ਵਰਤੋਂ ਪੋਲਟਰੀ ਫਾਰਮ ਦੀ ਖੁਰਾਕ ਲਈ ਕੀਤੀ ਜਾਂਦੀ ਹੈ। ਮੱਕੀ ਦੇ ਕਾਸ਼ਤਕਾਰਾਂ ਲਈ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਇਸਦੇ ਮੰਡੀਕਰਨ ਵਿਚ ਵਾਧਾ ਕਰਨ ਲਈ ਬਠਿੰਡੇ ਇਥਾਨੋਲ ਪਲਾਂਟ ਸਥਾਪਿਤ ਹੋ ਗਿਆ ਹੈ। ਮੱਕੀ ਦੀਆਂ ਇਹ ਵਿਲੱਖਣ ਵਿਸ਼ੇਸ਼ਤਾਵਾਂ ਕਿਸਾਨਾਂ ਦੀ ਆਮਦਨ ਵਧਾਉਣ ਵਿਚ ਸਹਾਇਤਾ ਕਰਦੀਆਂ ਹਨ। ਪੰਜਾਬ ਦੇ ਕਿਸਾਨਾਂ ਨੂੰ ਹੋਰ ਅਨਾਜ ਫ਼ਸਲਾਂ ਖਾਸਕਰ ਝੋਨੇ ਦੇ ਮੁਕਾਬਲੇ ਮੱਕੀ ਦੀ ਕਾਸ਼ਤ ਕਰਨੀ ਚਾਹੀਦੀ ਹੈ । ਤਾਂ ਜੋ ਕੁਦਰਤੀ ਸਰੋਤਾਂ ਨੂੰ ਬਚਾਉਣ ਦੇ ਨਾਲ ਨਾਲ ਕਿਸਾਨ ਆਪਣੀ ਆਮਦਨ ਵਿਚ ਵੀ ਵਾਧਾ ਕਰ ਸਕੇ । ਮੱਕੀ ਦੇ ਕਾਸ਼ਤਕਾਰਾਂ ਨੂੰ ਚੰਗਾ ਝਾੜ ਲੈਣ ਲਈ ਖੇਤੀਬਾੜੀ ਮਾਹਿਰਾਂ ਦੀ ਸਲਾਹ ਅਤੇ ਸਿਫਾਰਿਸ਼ ਕੀਤੇ ਬੀਜ, ਖਾਦਾਂ ਆਦਿ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਮੱਕੀ ਦੀ ਕਾਸ਼ਤ ਕਰਨ ਦਾ ਸਹੀ ਢੰਗ :

ਜਲਵਾਯੂ 
ਮੱਕੀ ਨੂੰ ਉੱਗਣ ਤੋਂ ਲੈ ਕੇ ਨਿਸਰਣ ਤੱਕ ਕਾਫੀ ਸਿੱਲੀ ਅਤੇ ਗਰਮ ਜਲਵਾਯੂ ਦੀ ਲੋੜ ਹੁੰਦੀ ਹੈ। ਇਸ ਦੇ ਉੱਗਣ ਲਈ ਤਾਪਮਾਨ 21 ਡਿਗਰੀ ਸੈਂਟੀਗ੍ਰੇਡ ਅਤੇ ਵਧਣ ਫੁੱਲਣ ਲਈ ਲੋੜੀਂਦਾ ਤਾਪਮਾਨ 32 ਡਿਗਰੀ ਸੈਂਟੀਗ੍ਰੇਡ ਚਾਹੀਦਾ ਹੈ। ਫ਼ਸਲ ਨਿਸਰਣ ਸਮੇਂ ਘੱਟ ਸੈੱਲ ਤੇ ਬਹੁਤ ਜ਼ਿਆਦਾ ਤਾਪਮਾਨ ਪੱਤਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਪ੍ਰਾਗ ਗਿਣ ਕੇ ਸੁੱਕ ਜਾਂਦੇ ਹਨ, ਪ੍ਰਾਗਣ ਕਿਰਿਆ ਠੀਕ ਨਹੀਂ ਹੁੰਦੀ ਅਤੇ ਦਾਣੇ ਘੱਟ ਪੈਂਦੇ ਹਨ। ਮੱਕੀ ਦੀ ਫਸਲ ਦੇ ਸਮੇਂ ਵਿਚ 50 ਤੋਂ 75 ਸੈਂਟੀਮੀਟਰ ਵਰਖਾ ਬਹੁਤ ਚੰਗੀ ਹੈ। ਚੰਗਾ ਝਾੜ ਲੈਣ ਲਈ ਖੇਤਾਂ ਦੇ ਜਲ ਨਿਕਾਸ ਦਾ ਠੀਕ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਹੈ । 
ਆਮਦਨ ਵਧਾਉਣ ਅਤੇ ਪਾਣੀ ਬਚਾਉਣ ਲਈ ਲਾਹੇਬੰਦ ਫਸਲ ਮੱਕੀ ਦੀ ਕਾਸ਼ਤ ਕਿਵੇਂ ਕਰੀਏ?    

ਪੜ੍ਹੋ ਇਹ ਵੀ ਖਬਰ - ਕੈਮੀਕਲ ਐਂਡ ਪੈਟਰੋਕੈਮੀਕਲਸ ਉਦਯੋਗ 2.68 ਲੱਖ ਕਰੋੜ ਦੀਆਂ ਬਰਾਮਦਾਂ ਨਾਲ ਚੋਟੀ ’ਤੇ

PunjabKesari

ੳ) ਸੇਂਜੂ ਮੱਕੀ

ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ
1. ਜੇ ਸੀ 12 (2020): ਇਹ ਕਿਸਮ ਤਕਰੀਬਨ 99 ਦਿਨ ਵਿਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ੍ਹ 18.2 ਕੁਇੰਟਲ ਪ੍ਰਤੀ ਏਕੜ ਹੈ।
2. ਪੀ.ਐੱਮ.ਐੱਚ. 11 (2019): ਇਹ ਤਕਰੀਬਨ 95 ਦਿਨ ਵਿਚ ਪੱਕਦੀ ਹੈ ਅਤੇ ਇਸ ਦਾ ਔਸਤਨ ਝਾੜ੍ਹ 22.0 ਕੁਇੰਟਲ ਪ੍ਰਤੀ ਏਕੜ ਹੈ।
3. ਪੀ.ਐੱਮ.ਐੱਚ 1 (2005): ਇਹ ਤਕਰੀਬਨ 95 ਦਿਨਾਂ ਵਿਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 21 ਕੁਇੰਟਲ ਪ੍ਰਤੀ ਏਕੜ ਹੈ।
4. ਪ੍ਰਭਾਤ (1987): ਇਹ ਤਕਰੀਬਨ 95 ਦਿਨਾਂ ਵਿਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੈ।

ਦਰਮਿਆਨਾ ਸਮਾਂ ਲੈਣ ਵਾਲੀ ਕਿਸਮ
ਕੇਸਰੀ (1992): ਔਸਤਨ 16 ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀ ਹੈ ਅਤੇ ਤਕਰੀਬਨ 85 ਦਿਨਾਂ ਵਿਚ ਪੱਕ ਜਾਂਦੀ ਹੈ।

ਥੋੜ੍ਹਾ ਸਮਾਂ ਲੈਣ ਵਾਲੀ ਕਿਸਮ
ਪੀ.ਐੱਮ.ਐੱਚ 2 (2005): ਇਹ ਲਗਭਗ 83 ਦਿਨਾਂ ਵਿਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 18.0 ਕੁਇੰਟਲ ਪ੍ਰਤੀ ਏਕੜ ਹੈ।

ਖਾਸ ਵਰਤੋਂ ਲਈ ਕਿਸਮਾਂ
1. ਪੰਜਾਬ ਸਵੀਟ ਕੌਰਨ 1 (2008) : ਇਹ ਕਿਸਮ ਲਗਭਗ 95-100 ਦਿਨਾਂ ਵਿਚ ਪੱਕ ਜਾਂਦੀ ਹੈ ਅਤੇ ਪੱਕਣ ਸਮੇਂ ਇਸ ਦੇ ਦਾਣੇ ਸੰਤਰੀ ਰੰਗ ਦੇ ਹੁੰਦੇ ਹਨ। ਇਸ ਦਾ ਹਰੀਆਂ ਛੱਲੀਆਂ ਦਾ ਔਸਤ ਝਾੜ 50 ਕੁਇੰਟਲ ਪ੍ਰਤੀ ਏਕੜ ਅਤੇ ਦਾਣਿਆਂ ਦਾ ਔਸਤਨ ਝਾੜ 13 ਕੁਇੰਟਲ ਪ੍ਰਤੀ ਏਕੜ ਹੈ।

2. ਪਰਲ ਪੌਪਕੌਰਨ (1995): ਇਹ 88 ਦਿਨਾਂ ਵਿਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 12 ਕੁਇੰਟਲ ਪ੍ਰਤੀ ਏਕੜ ਹੈ।

ਕਾਸ਼ਤ ਦੇ ਢੰਗ
1. ਜ਼ਮੀਨ ਦੀ ਤਿਆਰੀ: ਜ਼ਮੀਨ ਨੂੰ 4 ਜਾਂ 5 ਵਾਰ ਵਾਹੁਣ ਅਤੇ ਸੁਹਾਗਣ ਨਾਲ ਖੇਤ ਠੀਕ ਤਿਆਰ ਕਰਨਾ ਚਹੀਦਾ ਹੈ, ਜੋ ਸਿੰਚਾਈ ਠੀਕ ਹੋ ਸਕੇ ਅਤੇ ਵਾਧੂ ਪਾਣੀ ਬਾਹਰ ਕੱਢਿਆ ਜਾ ਸਕੇ। ਮੱਕੀ ਦੀ ਬਿਜਾਈ ਬਿਨਾਂ ਖੇਤ ਵਾਹੇ ਜ਼ੀਰੋ ਟਿਲ ਡਰਿੱਲ ਨਾਲ ਵੀ ਕੀਤੀ ਜਾ ਸਕਦੀ ਹੈ।
2. ਬਿਜਾਈ ਦਾ ਸਮਾਂ: ਮਈ ਦੇ ਆਖਰੀ ਹਫ਼ਤੇ ਤੋਂ ਅਖੀਰ ਜੂਨ ਤੱਕ। ਜਿਨ੍ਹਾਂ ਖੇਤਾਂ ਵਿਚ ਪਾਣੀ ਨਾਲ ਨੁਕਸਾਨ ਦੀ ਸੰਭਾਵਨਾ ਹੋਵੇ, ਉੱਥੇ ਬਿਜਾਈ ਮਈ ਦੇ ਆਖਰੀ ਹਫ਼ਤੇ ਤੋਂ ਜਾਂ ਸ਼ੁਰੂ ਜੂਨ ਵਿਚ ਕਰੋ ਤਾਂ ਕਿ ਬਾਰਸ਼ਾਂ ਤੋਂ ਪਹਿਲਾਂ ਫ਼ਸਲ ਚੰਗੀ ਤਰ੍ਹਾਂ ਸੰਭਲ ਜਾਵੇ।
3. ਬੀਜ ਦੀ ਮਾਤਰਾ: ਪਰਲ ਪੌਪਕੌਰਨ ਲਈ 7 ਕਿਲੋ ਅਤੇ ਬਾਕੀ ਕਿਸਮਾਂ ਲਈ 8 ਕਿਲੋ ਬੀਜ ਪ੍ਰਤੀ ਏਕੜ ਵਰਤੋ।
4. ਬੀਜ ਨੂੰ ਜੀਵਾਣੂ ਖਾਦ ਦਾ ਟੀਕਾ ਲਾਉਣਾ: ਅੱਧਾ ਕਿਲੋ ਕਨਸ਼ੋਰਸ਼ੀਅਮ (ਜੀਵਾਣੂ ਖਾਦ) ਦੇ ਪੈਕਟ ਨੂੰ 1 ਲਿਟਰ ਪਾਣੀ ਵਿਚ ਮਿਲਾ ਕੇ ਮੱਕੀ ਦੇ ਬੀਜ ਨੂੰ ਚੰਗੀ ਤਰ੍ਹਾਂ ਲਗਾਉਣ ਤੋਂ ਬਾਅਦ ਛਾਵੇਂ ਪੱਕੇ ਫਰਸ਼ ਤੇ ਖਿਲਾਰ ਕੇ ਸੁਕਾ ਲਉ ਅਤੇ ਛੇਤੀ ਬੀਜ ਦਿਉ। ਜੀਵਾਣੂੰ ਖਾਦ ਦਾ ਟੀਕਾ ਬੀਜ ਨੂੰ ਉੱਲੀਨਾਸ਼ਕ ਨਾਲ ਸੋਧਣ ਤੋਂ ਬਾਅਦ ਲਾਉ।
5. ਬਿਜਾਈ ਦਾ ਢੰਗ : ਮੱਕੀ ਦੀ ਬਿਜਾਈ 3-5 ਸੈਂਟੀਮੀਟਰ ਡੂੰਘੀ, ਲਾਈਨਾਂ ਵਿਚ ਕਰੋ। ਕਤਾਰ ਤੋਂ ਕਤਾਰ ਦਾ ਫ਼ਾਸਲਾ 60 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 20 ਸੈਂਟੀਮੀਟਰ ਰੱਖੋ। ਬਿਜਾਈ, ਖਾਦ-ਬੀਜ ਡਰਿੱਲ ਜਾਂ ਮੱਕੀ ਵਾਲੇ ਪਲਾਂਟਰ ਨਾਲ ਕਰੋ।
6. ਖਾਲ਼ੀਆਂ ਵਿਚ ਬਿਜਾਈ : ਮਈ ਦੇ ਅਖੀਰਲੇ ਹਫ਼ਤੇ ਤੋਂ ਅੱਧ ਜੂਨ ਤੱਕ ਬਿਜਾਈ ਟਰੈਕਟਰ ਵਾਲੀ ਰਿਜਰ ਮਸ਼ੀਨ ਨਾਲ ਬਣਾਈਆਂ ਖਾਲ਼ੀਆਂ ਵਿਚ ਕੀਤੀ ਜਾ ਸਕਦੀ ਹੈ। ਇਸ ਨਾਲ ਖੁਸ਼ਕ ਅਤੇ ਗਰਮ ਮੌਸਮ ਵਿਚ ਪਾਣੀ ਘੱਟ ਅਤੇ ਸੌਖਾ ਲਗਦਾ ਹੈ।
7. ਬੈੱਡ ਜਾਂ ਵੱਟਾਂ ਤੇ ਬਿਜਾਈ : ਬੈੱਡ ਜਾਂ ਵੱਟਾਂ ਤੇ ਬਿਜਾਈ ਨਾਲ ਮੱਕੀ ਦੇ ਉਗਣ ਸਮੇਂ ਜ਼ਿਆਦਾ ਬਾਰਿਸ਼ ਨਾਲ ਖੜ੍ਹੇ ਪਾਣੀ ਦੇ ਨੁਕਸਾਨ ਤੋਂ ਬੱਚਤ ਹੋ ਜਾਂਦੀ ਹੈ। ਮੱਕੀ ਦੀ ਬਿਜਾਈ 67.5 ਸੈਂਟੀਮੀਟਰ ਬੈੱਡ ਦੇ ਵਿਚਕਾਰ 3-5 ਸੈਂਟੀਮੀਟਰ ਡੂੰਘਾਈ ’ਤੇ ਕਰੋ, ਬੂਟੇ ਤੋਂ ਬੂਟੇ ਦਾ ਫ਼ਾਸਲਾ 18 ਸੈਂਟੀਮੀਟਰ ਰੱਖੋ ਜਾਂ 60 ਸੈਂਟੀਮੀਟਰ ਦੀ ਵਿੱਥ ’ਤੇ ਵੱਟਾਂ ਦੇ ਪਾਸੇ ’ਤੇ 6-7 ਸੈਂਟੀਮੀਟਰ ਦੀ ਉਚਾਈ ’ਤੇ ਬਿਜਾਈ ਕਰੋ। ਬੂਟੇ ਤੋਂ ਬੂਟੇ ਦਾ ਫ਼ਾਸਲਾ 20 ਸੈਂਟੀਮੀਟਰ ਰੱਖੋ।
8. ਬਿਨਾਂ ਵਹਾਈ ਬਿਜਾਈ: ਬਿਨਾਂ ਵਹਾਈ ਜਾਂ ਵਾਹ ਕੇ ਬੀਜੀ ਹੋਈ ਕਣਕ ਤੋਂ ਬਾਅਦ ਮੱਕੀ ਬਿਨਾਂ ਵਾਹੇ ਜ਼ੀਰੋ ਟਿੱਲ ਡਰਿੱਲ ਨਾਲ ਬੀਜੀ ਜਾ ਸਕਦੀ ਹੈ। ਜਿਨ੍ਹਾਂ ਖੇਤਾਂ ਵਿਚ ਨਦੀਨ ਜ਼ਿਆਦਾ ਹੋਣ ਉਥੇ ਬਿਜਾਈ ਤੋਂ ਪਹਿਲਾਂ 500 ਮਿਲੀਲਿਟਰ ਗ੍ਰਾਮੈਕਸੋਨ 24 ਐੱਸ.ਐੱਲ. (ਪੈਰਾਕੁਐਟ) 200 ਲਿਟਰ ਪਾਣੀ ਵਿਚ ਮਿਲਾ ਕੇ ਛਿੜਕਾਅ ਕਰੋ।

PunjabKesari

ਨੋਟ:

1. ਮੱਕੀ ਦਾ ਵਧੇਰੇ ਝਾੜ ਲੈਣ ਲਈ, ਦੇਸੀ/ ਹਰੀ ਖਾਦ ਦੀ ਵਰਤੋਂ ਲਾਹੇਵੰਦ ਹੈ।
2. ਬਿਜਾਈ ਮਈ ਦੇ ਆਖਰੀ ਹਫ਼ਤੇ ਤੋਂ ਅਖੀਰ ਜੂਨ ਵਿਚ ਕਰੋ।
3. ਬੂਟਿਆਂ ਦੀ ਗਿਣਤੀ (33333 ਬੂਟੇ ਪ੍ਰਤੀ/ਏਕੜ) ਪੂਰੀ ਰੱਖਣ ਵਾਸਤੇ ਬਿਜਾਈ 60×20 ਸੈਂਟੀਮੀਟਰ ਤੇ ਕਰੋ।
4. ਲੋੜ ਅਨੁਸਾਰ ਨਾਈਟ੍ਰੋਜਨ ਖਾਦ ਦੀ ਵਰਤੋਂ ਲਈ ਪੱਤਾ ਰੰਗ ਚਾਰਟ ਵਿਧੀ ਅਪਣਾਉ।
5. ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਦਸ ਦਿਨਾਂ ਦੇ ਅੰਦਰ-ਅੰਦਰ ਐਟਰਾਟਾਫ਼ 50 ਡਬਲਯੂ.ਪੀ. (ਐਟਰਾਜ਼ੀਨ) 800 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿਚ ਅਤੇ 500 ਗ੍ਰਾਮ ਪ੍ਰਤੀ ਏਕੜ ਹਲਕੀਆਂ ਜ਼ਮੀਨਾਂ ਵਿਚ ਛਿੜਕਾਅ ਕਰੋ।
6. ਮੱਕੀ ਦੇ ਨਿੱਸਰਣ, ਸੂਤ ਕੱਤਣ ਅਤੇ ਦਾਣੇ ਪੈਣ ਸਮੇਂ ਪਾਣੀ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।

ਅ). ਮੱਕੀ ਦੀ ਬਰਾਨੀ ਖੇਤੀ

ਕਿਸਮਾਂ
1. ਪੀ.ਐੱਮ.ਐੱਚ 2 (2005): ਇਹ 82 ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 16.5 ਕੁਇੰਟਲ ਪ੍ਰਤੀ ਏਕੜ ਹੈ।
2. ਪ੍ਰਕਾਸ਼ (1997): ਇਹ ਤਕਰੀਬਨ 82 ਦਿਨਾਂ ਵਿਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 15 ਕੁਇੰਟਲ ਪ੍ਰਤੀ ਏਕੜ ਹੈ।
3. ਮੇਘਾ (1990): ਪੱਕਣ ਲਈ ਇਹ ਕਿਸਮ 82 ਦਿਨ ਲੈਂਦੀ ਹੈ। ਇਸ ਦਾ ਔਸਤਨ ਝਾੜ 12 ਕੁਇੰਟਲ ਪ੍ਰਤੀ ਏਕੜ ਹੈ।

ਬੀਜ ਦੀ ਮਾਤਰਾ: 8 ਕਿਲੋ ਪ੍ਰਤੀ ਏਕੜ।

ਬਿਜਾਈ ਦਾ ਸਮਾਂ: 20 ਜੂਨ ਤੋਂ 7 ਜੁਲਾਈ। ਬਾਰਸ਼ਾਂ ਮੁਤਾਬਕ ਬਿਜਾਈ ਜਿੰਨੀ ਅਗੇਤੀ ਹੋ ਸਕੇ, ਚੰਗੀ ਹੈ। 
ਬਿਜਾਈ ਦਾ ਢੰਗ: ਬਿਜਾਈ 3-5 ਸੈਂਟੀਮੀਟਰ ਡੂੰਘੀ ਲਾਈਨਾਂ ਵਿਚ ਕਰੋ। ਕਤਾਰਾਂ ਦਾ ਫ਼ਾਸਲਾ 60 ਸੈਂਟੀਮੇਟਰ ਅਤੇ ਬੂਟਿਆਂ ਵਿਚਕਾਰ ਫ਼ਾਸਲਾ 20 ਸੈਂਟੀਮੀਟਰ ਰੱਖੋ।

ਨਮੀ ਦੀ ਸੰਭਾਲ: ਜ਼ਮੀਨ ਵਿਚ ਨਮੀ ਦੀ ਸੰਭਾਲ ਹੇਠਾਂ ਦੱਸੇ ਤਰੀਕੇ ਅਨੁਸਾਰ ਕਰੋ:

1. ਮੌਨਸੂਨ ਵਰਖਾ ਸ਼ੁਰੂ ਹੋਣ ਤੋਂ ਪਹਿਲਾਂ ਖੇਤਾਂ ਦੀਆਂ ਵੱਟਾਂ ਉੱਚੀਆਂ ਕਰ ਦਿਓ ਅਤੇ ਉੱਚੀਆਂ ਨੀਵੀਆਂ ਥਾਵਾਂ ਨੂੰ ਪੱਧਰਾ ਕਰੋ।
2. ਵਰਖਾ ਰੁੱਤ ਤੋਂ ਪਹਿਲਾਂ ਖੇਤ ਵਾਹ ਕੇ ਖੁੱਲ੍ਹੇ ਛੱਡੋ ਤਾਂ ਕਿ ਵਰਖਾ ਦਾ ਵੱਧ ਤੋਂ ਵੱਧ ਪਾਣੀ ਖੇਤ ਵਿਚ ਸਮਾ ਸਕੇ।
3. ਮੀਂਹ ਦੇ ਪਹਿਲੇ ਛਰਾਟਿਆਂ ਪਿੱਛੋਂ ਖੇਤ ਦੀ ਢਲਾਨ ਦੇ ਉਲਟ ਵਹਾਈ ਕਰਨ ਨਾਲ ਮੀਂਹ ਦਾ ਪਾਣੀ ਖੇਤ ਵਿਚ ਵਧੇਰੇ ਅਤੇ ਇੱਕਸਾਰ ਜਜ਼ਬ ਹੋ ਜਾਂਦਾ ਹੈ।
4. ਅਗਸਤ ਦੇ ਆਖਰੀ ਹਫ਼ਤੇ ਮੱਕੀ ਦੀ ਖੜ੍ਹੀ ਫ਼ਸਲ ਵਿਚ ਘਾਹ-ਫੂਸ ਜਾਂ ਪਰਾਲੀ ਆਦਿ ਖਿਲਾਰ ਕੇ ਜ਼ਮੀਨ ਢੱਕ ਦਿਉ।

PunjabKesari

ੲ) ਬੇਬੀ ਕੌਰਨ
ਮੱਕੀ ਦੀ ਛੱਲੀ ਜਿਸ ਨੇ ਅਜੇ ਸੂਤ ਕੱਤਣਾ ਸ਼ੁਰੂ ਹੀ ਕੀਤਾ ਹੋਵੇ ਪਰ ਦਾਣੇ ਬਣਨ ਦੀ ਕਿਰਿਆ ਸ਼ੁਰੂ ਨਾ ਹੋਈ ਹੋਵੇ, ਨੂੰ ਤੋੜ ਕੇ ਬੇਬੀ ਕੌਰਨ ਦੇ ਤੌਰ ’ਤੇ ਵਰਤਿਆ ਜਾ ਸਕਦਾ ਹੈ। ਬੇਬੀ ਕੌਰਨ ਨੂੰ ਸਲਾਦ, ਪਕੌੜੇ, ਆਚਾਰ ਅਤੇ ਸੂਪ ਆਦਿ ਤਿਆਰ ਕਰਨ ਵਾਸਤੇ ਵਰਤਿਆ ਜਾ ਸਕਦਾ ਹੈ। ਇਸ ਦੀ ਵੱਡੇ ਹੋਟਲਾਂ ਅਤੇ ਜਹਾਜ਼ ਕੰਪਨੀਆਂ ਵਿਚ ਬਹੁਤ ਮੰਗ ਹੈ। ਪੱਛਮੀ ਦੇਸ਼ਾਂ ਵਿਚ ਲੋਕ ਇਸ ਨੂੰ ਕਾਫ਼ੀ ਪਸੰਦ ਕਰਦੇ ਹਨ। ਇਹ ਫ਼ਸਲ ਕੋਈ 60 ਦਿਨਾਂ ਵਿਚ ਖਤਮ ਹੋ ਜਾਂਦੀ ਹੈ ਅਤੇ ਬਾਕੀ ਦੇ ਟਾਂਡੇ ਨੂੰ ਪਸ਼ੂਆਂ ਦੇ ਹਰੇ ਚਾਰੇ ਵਜੋਂ ਵਰਤਿਆ ਜਾ ਸਕਦਾ ਹੈ। ਮੱਕੀ ਦਾ ਹਾਈਬ੍ਰਿਡ 'ਪ੍ਰਕਾਸ਼' ਅਤੇ ਕੰਪੋਜ਼ਿਟ 'ਕੇਸਰੀ' ਬੇਬੀ ਕੌਰਨ ਵਾਸਤੇ ਢੁਕਵੀਆਂ ਕਿਸਮਾਂ ਹਨ। ਪ੍ਰਕਾਸ਼ ਦਾ ਔਸਤਨ ਝਾੜ 7.0 ਕੁਇੰਟਲ ਅਤੇ ਕੇਸਰੀ ਦਾ ਝਾੜ 5.7 ਕੁਇੰਟਲ ਪ੍ਰਤੀ ਏਕੜ ਹੈ। ਪ੍ਰਕਾਸ਼ ਕਿਸਮ ਤੋਂ ਇਕਸਾਰ ਅਤੇ ਜ਼ਿਆਦਾ ਵਧੀਆ ਕੁਆਲਿਟੀ ਦੀ ਬੇਬੀ ਕੌਰਨ ਪ੍ਰਾਪਤ ਹੁੰਦੀ ਹੈ। ਫ਼ਸਲ ਦੀ ਬਿਜਾਈ ਅਪ੍ਰੈਲ ਮਹੀਨੇ ਤੋਂ ਲੈ ਕੇ ਅਗਸਤ ਦੇ ਪਹਿਲੇ ਹਫ਼ਤੇ ਤੱਕ ਕੀਤੀ ਜਾ ਸਕਦੀ ਹੈ। ਇਕ ਖੇਤ ਵਿਚੋਂ 2 ਜਾਂ ਜ਼ਿਆਦਾ ਫ਼ਸਲਾਂ ਲਈਆਂ ਜਾ ਸਕਦੀਆਂ ਹਨ। ਫ਼ਸਲ ਸਮੇਂ ਦੀ ਥੋੜ੍ਹੀ-ਥੋੜ੍ਹੀ ਵਿੱਥ ਤੇ ਬੀਜਣੀ ਚਾਹੀਦੀ ਹੈ ਤਾਂ ਕਿ ਲੋੜ ਪੈਣ ਤੇ ਮੰਗ ਪੂਰੀ ਹੋ ਜਾਵੇ। ਬਿਜਾਈ ਵਾਸਤੇ ਲਾਈਨਾਂ ਵਿਚ 30 ਸੈਂਟੀਮੀਟਰ ਅਤੇ ਬੂਟਿਆਂ ਵਿਚ 20 ਸੈਂਟੀਮੀਟਰ ਦਾ ਫ਼ਾਸਲਾ ਹੋਣਾ ਚਾਹੀਦਾ ਹੈ। ਬੀਜ ਦੀ ਮਾਤਰਾ 16 ਕਿਲੋਗ੍ਰਾਮ ਪ੍ਰਤੀ ਏਕੜ ਵਰਤੋ।

24 ਕਿਲੋਗ੍ਰਾਮ ਨਾਈਟ੍ਰੋਜਨ (52 ਕਿਲੋ ਯੂਰੀਆ) ਤੱਤ ਨੂੰ ਦੋ ਬਰਾਬਰ ਕਿਸ਼ਤਾਂ ਵਿਚ ਬਿਜਾਈ ਵੇਲੇ ਅਤੇ ਫਿਰ ਜਦੋਂ ਮੱਕੀ ਦੀ ਫ਼ਸਲ ਗੋਡੇਗੋਡੇ ਹੋ ਜਾਵੇ, ਪਾਓ। ਸੂਤ ਨਿਕਲਣ ਸਾਰ ਹੀ ਤੁੜਾਈ ਕਰ ਲਵੋ, ਕਿਉਂਕਿ ਪਿਛੇਤ ਕਰਨ ਨਾਲ ਕੁਆਲਿਟੀ ਘੱਟ ਜਾਂਦੀ ਹੈ। ਇਕ ਬੂਟੇ ਤੋਂ 2 ਜਾਂ 3 ਵਾਰ ਹੀ ਬੇਬੀ ਕੌਰਨ ਲੈਣੀ ਚਾਹੀਦੀ ਹੈ ਕਿਉਂਕਿ ਇਸ ਦੇ ਬਾਅਦ ਕੁਆਲਿਟੀ ਵਧੀਆ ਨਹੀਂ ਰਹਿੰਦੀ। ਜੇਕਰ ਬਾਬੂ ਝੰਡੇ ਨੂੰ ਬੂਟੇ ਤੋਂ ਨਿਕਲਣ ਵੇਲੇ ਹੀ ਤੋੜ ਲਿਆ ਜਾਵੇ ਤਾਂ ਬੇਬੀ ਕੌਰਨ ਦਾ ਝਾੜ ਅਤੇ ਕੁਆਲਿਟੀ ਹੋਰ ਵੀ ਚੰਗੀ ਹੁੰਦੀ ਹੈ। ਮੰਡੀ ਵਿਚ ਵੇਚਣ ਵੇਲੇ ਛੱਲੀ ਉੱਤੇ ਪਰਦੇ ਦੀ ਇਕ ਤਹਿ ਰਹਿਣ ਦੇਣੀ ਚਾਹੀਦੀ ਹੈ। ਫ਼ਸਲ ਵਾਸਤੇ ਬਾਕੀ ਦੀਆਂ ਸਿਫ਼ਾਰਸ਼ਾਂ ਜਿਵੇਂ ਖੇਤ ਦੀ ਤਿਆਰੀ, ਨਦੀਨਾਂ ਦੀ ਰੋਕਥਾਮ, ਖਾਦਾਂ ਦੀ ਸਹੀ ਵਰਤੋਂ ਆਦਿ ਮੱਕੀ ਦੀ ਦਾਣਿਆਂ ਵਾਲੀ ਫ਼ਸਲ ਵਾਲੀਆਂ ਹੀ ਹਨ।


rajwinder kaur

Content Editor

Related News