ਵਿਆਹੁਤਾ ਬੇਟੀ ਕੋਲੋਂ ਨਹੀਂ ਮੰਗਿਆ ਜਾ ਸਕਦੈ ਗੁਜ਼ਾਰਾ ਭੱਤਾ
Thursday, Jan 11, 2018 - 11:55 AM (IST)

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਪਣੇ ਇਕ ਮਹੱਤਵਪੂਰਨ ਹੁਕਮ 'ਚ ਸਪੱਸ਼ਟ ਕੀਤਾ ਹੈ ਕਿ ਜੇਕਰ ਵਿਆਹੁਤਾ ਬੇਟੀ, ਜਿਸ ਦੀ ਆਮਦਨ ਦਾ ਕੋਈ ਸਾਧਨ ਨਹੀਂ ਹੈ ਤਾਂ ਉਸ ਕੋਲੋਂ ਗੁਜ਼ਾਰਾ ਭੱਤਾ ਨਹੀਂ ਮੰਗਿਆ ਜਾ ਸਕਦਾ। ਮੈਂਟੇਨੈਂਸ ਐਂਡ ਵੈੱਲਫੇਅਰ ਆਫ ਪੇਰੈਂਟਸ ਐਂਡ ਸੀਨੀਅਰ ਸਿਟੀਜ਼ਨ ਐਕਟ ਨੂੰ ਲੈ ਕੇ ਹਾਈਕੋਰਟ ਨੇ ਆਪਣੇ ਇਸ ਹੁਕਮ 'ਚ ਵਿਆਹੁਤਾ ਬੇਟੀ ਦੇ ਪਰਿਵਾਰ ਵਾਲਿਆਂ ਪ੍ਰਤੀ ਜ਼ਿੰਮੇਵਾਰੀ ਨੂੰ ਲੈ ਕੇ ਸਥਿਤੀ ਸਪੱਸ਼ਟ ਕਰ ਦਿੱਤੀ ਹੈ।
ਹਾਈਕੋਰਟ ਨੇ ਇਹ ਹੁਕਮ ਹੁਸ਼ਿਆਰਪੁਰ ਦੇ ਮੈਂਟੇਨੈਂਸ ਟ੍ਰਿਬੀਊਨਲ ਦੇ ਹੁਕਮ ਨੂੰ ਰੱਦ ਕਰਦੇ ਹੋਏ ਦਿੱਤਾ। ਟ੍ਰਿਬੀਊਨਲ ਨੇ ਹੁਕਮ ਦਿੱਤੇ ਸਨ ਕਿ ਬੇਟਾ ਅਤੇ ਬੇਟੀ ਦੋਵੇਂ ਮਾਤਾ-ਪਿਤਾ ਨੂੰ ਹਰ ਮਹੀਨੇ 3300 ਰੁਪਏ ਗੁਜ਼ਾਰਾ ਭੱਤਾ ਦੇਣ। ਹਾਈਕੋਰਟ ਨੇ ਕਿਹਾ ਕਿ ਜੇਕਰ ਵਿਆਹੁਤਾ ਬੇਟੀ ਦੀ ਕਮਾਈ ਦਾ ਕੋਈ ਸਾਧਨ ਨਹੀਂ ਹੈ ਤਾਂ ਉਸ ਸਥਿਤੀ 'ਚ ਉਸ ਦੇ ਮਾਤਾ-ਪਿਤਾ ਗੁਜ਼ਾਰਾ ਭੱਤਾ ਨਹੀਂ ਮੰਗ ਸਕਦੇ ਹਨ। ਆਮਦਨ ਦਾ ਸਾਧਨ ਨਾ ਹੋਣ 'ਤੇ ਬੇਟੀ ਸਹੁਰਿਆਂ 'ਤੇ ਨਿਰਭਰ ਹੈ ਅਤੇ ਅਜਿਹੇ 'ਚ ਉਸ ਨੂੰ ਗੁਜ਼ਾਰਾ ਭੱਤਾ ਦੇਣ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ। ਮੈਂਟੇਨੈਂਸ ਟ੍ਰਿਬੀਊਨਲ ਦੇ ਸਾਹਮਣੇ ਦਾਇਰ ਪਟੀਸ਼ਨ 'ਚ ਮਾਂ ਨੇ ਕਿਹਾ ਸੀ ਕਿ ਉਨ੍ਹਾਂ ਦੀ ਦੇਖ-ਰੇਖ ਕਰਨ ਵਾਲਾ ਕੋਈ ਨਹੀਂ ਹੈ। ਉਸ ਦੇ ਬੇਟਾ ਅਤੇ ਬੇਟੀ ਉਨ੍ਹਾਂ ਦਾ ਖਿਆਲ ਨਹੀਂ ਰੱਖਦੇ ਅਤੇ ਸਿਹਕ ਖਰਾਬ ਹੋਣ ਕਾਰਨ ਇਲਾਜ ਲਈ ਉਨ੍ਹਾਂ ਨੂੰ ਗੁਜ਼ਾਰਾ ਭੱਤਾ ਦਿੱਤਾ ਜਾਵੇ। ਹਾਈਕੋਰਟ 'ਚ ਬੇਟੀ ਅਤੇ ਬੇਟੇ ਦੋਹਾਂ ਨੇ ਪਟੀਸ਼ਨ ਦਾਇਰ ਕਰਦੇ ਹੋਏ ਟ੍ਰਿਬੀਊਨਲ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਅਦਾਲਤ ਨੇ ਸਾਰੀਆਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਇਸ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਬੇਟੀ ਦੀ ਪਟੀਸ਼ਨ ਨੂੰ ਮਨਜ਼ੂਰ ਕਰ ਦਿੱਤਾ, ਜਦੋਂ ਕਿ ਬੇਟੇ ਦੀ ਪਟੀਸ਼ਨ ਰੱਦ ਕਰ ਦਿੱਤੀ।