'ਮਹਾਂਵੀਰ ਜੈਯੰਤੀ' 'ਤੇ ਪੰਜਾਬ ਸਰਕਾਰ ਦੀ ਵੱਡੀ ਭੁੱਲ, ਜੈਨ ਸਮਾਜ 'ਚ ਰੋਸ
Wednesday, Apr 17, 2019 - 11:12 AM (IST)
!['ਮਹਾਂਵੀਰ ਜੈਯੰਤੀ' 'ਤੇ ਪੰਜਾਬ ਸਰਕਾਰ ਦੀ ਵੱਡੀ ਭੁੱਲ, ਜੈਨ ਸਮਾਜ 'ਚ ਰੋਸ](https://static.jagbani.com/multimedia/2019_4image_11_02_234113767jainjain.jpg)
ਚੰਡੀਗੜ੍ਹ : ਜੈਨ ਧਰਮ ਦੇ 24ਵੇਂ ਤੀਰਥੰਕਰ ਭਗਵਾਨ ਮਹਾਂਵੀਰ ਸਵਾਮੀ ਜੀ ਦੇ ਜਨਮ ਦਿਵਸ ਮੌਕੇ ਪੰਜਾਬ ਸਰਕਾਰ ਦੀ ਵੱਡੀ ਭੁੱਲ ਸਾਹਮਣੇ ਆਈ ਹੈ, ਜਿਸ ਨੂੰ ਲੈ ਕੇ ਪੂਰੇ ਜੈਨ ਸਮਾਜ 'ਚ ਸਰਕਾਰ ਖਿਲਾਫ ਰੋਸ ਪਾਇਆ ਜਾ ਰਿਹਾ ਹੈ। ਅਸਲ 'ਚ ਪੰਜਾਬ ਸਰਕਾਰ ਵਲੋਂ 'ਮਹਾਂਵੀਰ ਜੈਯੰਤੀ' 'ਤੇ ਦਿੱਤੇ ਗਏ ਇਸ਼ਤਿਹਾਰ 'ਚ 'ਭਗਵਾਨ ਮਹਾਂਵੀਰ' ਦੀ ਥਾਂ 'ਭਗਵਾਨ ਮਹਾਤਮਾ ਬੁੱਧ' ਦੀ ਤਸਵੀਰ ਲਾ ਦਿੱਤੀ ਗਈ ਹੈ, ਜਿਸ ਤੋਂ ਬਾਅਦ ਜੈਨ ਸਮਾਜ ਭੜਕ ਗਿਆ ਹੈ।
ਇਸ ਬਾਰੇ 'ਜਗਬਾਣੀ' ਨਾਲ ਗੱਲਬਾਤ ਕਰਦਿਆਂ 'ਭਗਵਾਨ ਮਹਾਂਵੀਰ ਸੇਵਾ ਸੰਸਥਾ' ਦੇ ਪ੍ਰਧਾਨ ਰਾਕੇਸ਼ ਜੈਨ ਨੇ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਮਹਾਂਵੀਰ ਜੈਯੰਤੀ ਦਾ ਇਸ਼ਤਿਹਾਰ ਉਨ੍ਹਾਂ ਨੂੰ ਚੈੱਕ ਕਰਵਾ ਕੇ ਲਾਇਆ ਜਾਂਦਾ ਹੈ ਪਰ ਇਸ ਵਾਰ ਇਸ਼ਤਿਹਾਰ ਲਾਉਣ ਤੋਂ ਪਹਿਲਾਂ ਉਨ੍ਹਾਂ ਨਾਲ ਕੋਈ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ, ਜਿਸ ਕਾਰਨ ਪੰਜਾਬ ਸਰਕਾਰ ਦੀ ਵੱਡੀ ਗਲਤੀ ਸਾਹਮਣੇ ਆਈ ਹੈ। ਰਾਕੇਸ਼ ਜੈਨ ਨੇ ਕਿਹਾ ਕਿ ਸਰਕਾਰ ਦੀ ਇਸ ਗਲਤੀ ਕਾਰਨ ਜੈਨ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਰਾਕੇਸ਼ ਜੈਨ ਨੇ ਕਿਹਾ ਕਿ ਪੂਰੇ ਜੈਨ ਸਮਾਜ ਦੀ ਮੰਗ ਹੈ ਕਿ ਸਰਕਾਰ ਆਪਣੀ ਇਸ ਗਲਤੀ ਲਈ ਮੁਆਫੀ ਮੰਗੇ ਅਤੇ ਦੁਬਾਰਾ ਇਹ ਇਸ਼ਤਿਹਾਰ ਲਾਇਆ ਜਾਵੇ।