ਮਹਾਤਮਾ ਗਾਂਧੀ ਦੇ ਅਹਿੰਸਕ ਜੀਵਨ ਦੇ ਫ਼ਲਸਫੇ ਨੂੰ ਉਭਾਰਦੀ ਸਰ ਰਿਚਰਡ ਐਟਨਬਰੋ ਦੀ ਫ਼ਿਲਮ 'ਗਾਂਧੀ',

10/02/2020 10:00:25 AM

ਗਾਂਧੀ ਫ਼ਿਲਮ ਵਿਸ਼ਵ ਸਿਨੇਮਾ 'ਚ ਇੱਕ ਕਲਾਤਮਕ ਹੁਨਰ ਦੀ ਸ਼ਾਹਕਾਰ ਫ਼ਿਲਮ ਹੈ। ਇਸ ਫ਼ਿਲਮ ਬਾਰੇ ਦਰਸ਼ਕ ਅਤੇ ਆਲੋਚਕਾਂ ਦੀ ਪ੍ਰਤੀਕਿਰਿਆ ਹਮੇਸ਼ਾ ਸਾਰਥਕ ਰੂਪ 'ਚ ਰਹੀ ਹੈ। ਸਰ ਰਿਚਰਡ ਐਟਨਬਰੋ ਦੀ ਇਸ ਫ਼ਿਲਮ ਉਤੇ ਬਹੁਤ ਕੁਝ ਨਿਰਭਰ ਕਰ ਰਿਹਾ ਸੀ। ਇਸ ਤੋਂ ਪਹਿਲਾਂ ਰਿਚਰਡ ਐਟਨਬਰੋ ਦੀਆਂ ਦੋ ਫ਼ਿਲਮਾਂ ਅਸਫ਼ਲ ਰਹੀਆਂ ਸਨ। 1952 'ਗੈਬਰਿਲ ਪਾਸਕਲ' ਤੇ ਭਾਰਤੀ ਪ੍ਰਧਾਨ ਮੰਤਰੀ ਪੰਡਿਤ ਨਹਿਰੂ 'ਚ ਸਮਝੌਤਾ ਹੋਇਆ ਸੀ ਪਰ 1954 'ਚ ਫ਼ਿਲਮ ਨਿਰਦੇਸ਼ਕ ਪਾਸਕਲ ਦੀ ਮੌਤ ਹੋਣ ਕਾਰਣ ਮੋਹਨ ਦਾਸ ਗਾਂਧੀ ਦੇ ਜੀਵਨ ਤੇ ਫ਼ਿਲਮ ਨਾ ਬਣ ਸਕੀ। ਅੰਤ 'ਸਰ ਰਿਚਰਡ ਐਟਨਬਰੋ' ਨੇ 'ਗਾਂਧੀ' ਫ਼ਿਲਮ ਬਣਾਈ ਜੋ ਆਮ ਹਾਲੀਵੁੱਡ ਫਿਲਮਾਂ ਨਾਲੋਂ ਵੱਡੀ ਸੀ। 3 ਘੰਟੇ 11 ਮਿੰਟ ਦੀ ਇਹ ਫ਼ਿਲਮ 1982 ਨੂੰ ਪਰਦੇ 'ਤੇ ਆਈ। ਇਸ ਫ਼ਿਲਮ ਨੇ ਕਈ ਇਤਿਹਾਸ ਸਿਰਜੇ। ਫ਼ਿਲਮ ਗਾਂਧੀ ਸਰਵੋਤਮ ਫ਼ਿਲਮ ਤੋਂ ਲੈ ਕੇ ਸਰਵੋਤਮ ਅਦਾਕਾਰ ਤੱਕ ਅੱਠ ਸਰਵੋਤਮ ਅਕੈਡਮੀ ਪੁਰਸਕਾਰ (ਆਸਕਰ) ਜਿੱਤਣ 'ਚ ਸਫ਼ਲ ਰਹੀ। ਇਸ ਤੋਂ ਇਲਾਵਾ ਗੋਲਡਨ ਗਲੋਬ ਪੁਰਸਕਾਰ ਤੇ ਇੰਗਲੈਂਡ ਦਾ ਫਿਲਮਾਂ ਦੀ ਸ਼੍ਰੇਣੀ 'ਚ ਦਿੱਤਾ ਜਾਣ ਵਾਲਾ ਪੁਰਸਕਾਰ ਬਾਫਟਾ (ਬ੍ਰਿਟਿਸ਼ ਅਕੈਡਮੀ ਫ਼ਿਲਮ ਅਤੇ ਟੈਲੀਵੀਜ਼ਨ ਅਵਾਰਡ) ਜਿੱਤਣ 'ਚ ਵੀ ਸਫ਼ਲ ਰਹੀ। ਕਿਸੇ ਫ਼ਿਲਮ ਦਾ ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਫ਼ਿਲਮ ਨੇ ਇੱਕੋ ਸਾਲ ਅਕੈਡਮੀ, ਗੋਲਡਨ ਗਲੋਬ ਤੇ ਬਾਫ਼ਟਾ ਜਿੱਤੇ ਹੋਣ। ਇਸ ਤੋਂ ਬਾਅਦ ਇਨ੍ਹਾਂ ਤਿੰਨ ਇਨਾਮਾਂ ਨੂੰ ਜਿੱਤਣ ਦਾ ਇਤਿਹਾਸ ਸਿਰਫ਼ ਦੋ ਫਿਲਮਾਂ ਹੀ ਦੁਹਰਾ ਸਕੀਆ ਹਨ। ਇਨ੍ਹਾਂ ਫਿਲਮਾਂ 'ਚੋਂ ਇਕ ਸਟੀਵਨ ਸਪੀਲਬਰਗ ਦੀ ਫਿਲਮ 'ਸ਼ਿੰਡਲਰ ਲਿਸਟ' ਹੈ ਤੇ ਦੂਜੀ ਡੈਨੀ ਬੋਯਲ ਦੀ ਫ਼ਿਲਮ 'ਸਲੱਮਡਾਗ ਮਿਲੇਨੀਅਰ' ਹੈ।  

'ਗਾਂਧੀ' ਫ਼ਿਲਮ ਨੂੰ ਸਿਨੇਮਾ ਰਾਹੀਂ ਕਹਾਣੀ ਕਹਿਣ ਲਈ ਲੰਮੇ ਪੰਧ ਤੈਅ ਕਰਨੇ ਪਏ ਸਨ। ਇਸ ਫ਼ਿਲਮ ਨੂੰ ਬਣਾਉਣ ਲਈ ਜੁਟਾਈ ਜਾਣਕਾਰੀ ਫ਼ਿਲਮ ਨੂੰ ਯਥਾਰਥ ਦੇ ਨਜ਼ਦੀਕ ਲੈ ਕੇ ਆਉਂਦੀ ਹੈ। ਫ਼ਿਲਮ ਦੀ ਕਹਾਣੀ ਪਿੱਛੇ ਨੂੰ ਚੱਲਦੀ ਹੈ। ਇਸ ਦੀ ਸ਼ੁਰੂਆਤ ਆਸ਼ਰਮ 'ਚ ਸਵੇਰ ਦੀ ਪ੍ਰਾਥਨਾ ਸਭਾ ਤੋਂ ਹੁੰਦੀ ਹੈ ਜਿੱਥੇ 'ਨਾਥੂਰਾਮ ਗੋਡਸੇ' ਦੁਆਰਾ ਗਾਂਧੀ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ। ਗਾਂਧੀ ਦੇ ਸੰਸਕਾਰ 'ਚ ਵੱਡੀ ਭੀੜ ਦਾ ਇਕੱਠ ਹੈ ਜਿਸ 'ਚ ਗਾਂਧੀ ਦੇ ਮ੍ਰਿਤਕ ਸਰੀਰ ਨੂੰ ਸੰਸਕਾਰ ਲਈ ਲਿਜਾਇਆ ਜਾ ਰਿਹਾ ਹੈ। ਬਹੁਤ ਸਾਰੇ ਕਦਾਵਰ ਨੇਤਾ ਇਸ ਵੱਡੇ ਹਜੂਮ 'ਚ ਪਹੁੰਚੇ ਹੋਏ ਹਨ। 'ਪੰਡਿਤ ਨਹਿਰੂ, ਮੌਲਾਨਾ ਅਜ਼ਾਦ, ਸਰਦਾਰ ਪਟੇਲ ਅਤੇ ਮਾਉਂਟਬੇਟਨ ਖਾਸ ਤੌਰ ਤੇ ਮੌਜੂਦ ਹਨ।

ਪੂਰੇ ਸੰਸਾਰ ਦਾ ਮੀਡੀਆ ਇਸ ਦ੍ਰਿਸ਼ 'ਤੇ ਨਜ਼ਰਾਂ ਟਿਕਾਈ ਹੋਏ ਹੈ। ਜਿਸ 'ਚ ਮੀਡੀਆ ਦੇ ਬੁਲਾਰਿਆਂ ਦੁਆਰਾ ਇਹ ਦੱਸਿਆ ਜਾਂਦਾ ਹੈ ਕਿ ਬਹੁਤ ਦੁਨੀਆਂ ਭਾਰੇ ਇਕੱਠ 'ਚ ਖੱਦਰਧਾਰੀ ਕਾਲੇ ਆਦਮੀ ਨੂੰ ਸ਼ਰਧਾਜਲੀ ਦੇ ਰਹੀ ਹੈ। ਜੋ ਨਾ ਤਾਂ ਕਿਸੇ ਦੇਸ਼ ਦਾ ਸ਼ਾਸਕ ਸੀ, ਨਾ ਵਿਗਿਆਨੀ, ਨਾ ਨੇਤਾ ਤੇ ਨਾ ਹੀ ਕਿਸੇ ਉੱਚ ਪਦਵੀ ਦਾ ਮਾਲਕ ਸੀ ਪਰ ਉਸ ਮਹਾਨ ਇਨਸਾਨ ਦੇ ਵਿਚਾਰ ਅਤੇ ਸਾਦਗੀ ਹੀ ਉਸਦਾ ਵਜੂਦ ਸੀ। ਮਾਰਸ਼ਲ ਨੇ ਕਿਹਾ ਸੀ ਗਾਂਧੀ ਮਨੁੱਖਤਾ ਦੀ ਆਤਮਾ ਦੇ ਪ੍ਰਤੀਨਿਧੀ ਸਨ, ਜਿੰਨ੍ਹਾਂ ਨੇ ਸੱਚ ਨੂੰ ਸਮਰਾਜਵਾਦ ਤੋਂ ਵੱਧ ਸ਼ਕਤੀਸ਼ਾਲੀ ਬਣਾਇਆ। ਇਸ ਮੌਕੇ ਤੇ ਮਹਾਨ ਵਿਗਿਆਨੀ ਅਲਬਰਟ ਆਈਂਸਟਾਈਨ ਨੇ ਕਿਹਾ, ਆਉਣ ਵਾਲੀ ਪੀੜ੍ਹੀ ਨੂੰ ਸ਼ਾਇਦ ਹੀ ਵਿਸ਼ਵਾਸ ਹੋਵੇ ਕਿ ਕੋਈ ਅਜਿਹਾ ਵੀ ਹੱਡ ਮਾਸ ਦਾ ਮਨੁੱਖ ਧਰਤੀ ਤੇ ਆਇਆ ਸੀ। ਫਿਲਮ ਦੀ ਸ਼ੁਰੂਆਤ 'ਚ ਉਸ ਵਕਤ ਦੀਆਂ ਸ਼ਖ਼ਸੀਅਤਾਂ ਦੇ ਵਿਚਾਰ ਗਾਂਧੀ ਨਾਲ ਦਰਸ਼ਕਾਂ ਦੀ ਇਕ ਰਵਾਇਤੀ ਪਛਾਣ ਕਰਾਉਂਦੇ ਹਨ ਜੋ ਇਕ ਉਤਸੁਕਤਾ ਨੂੰ ਜਨਮ ਦਿੰਦੀ ਹੈ ਕਿ ਆਖਿਰ ਗਾਂਧੀ ਹੈ ਕੀ? 

ਫ਼ਿਲਮ 'ਚ ਕਹਾਣੀ ਭੂਤਕਾਲ 'ਚ ਪ੍ਰਵੇਸ਼ ਕਰਦੀ ਹੈ ਜਿਸ 'ਚ ਗਾਂਧੀ ਦਾ ਦੱਖਣੀ ਅਫ਼ਰੀਕਾ 'ਚ ਪ੍ਰਵੇਸ਼ ਹੁੰਦਾ ਹੈ, ਰੇਲਗੱਡੀ ਦੀ ਯਾਤਰਾ ਕਰ ਰਹੇ ਮਹਾਤਮਾ ਗਾਂਧੀ ਇਸ ਗੱਲ ਤੋਂ ਬੇਖ਼ਬਰ ਹਨ ਕਿ ਆਉਣ ਵਾਲਾ ਵਕਤ ਕੀ ਤੈਅ ਕਰਨ ਜਾ ਰਿਹਾ ਹੈ। ਪਹਿਲੇ ਦਰਜੇ ਦੀ ਟਿਕਟ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਧੱਕੇ ਮਾਰ ਕੇ ਰੇਲਗੱਡੀ ਤੋਂ ਲਾਹ ਦਿੱਤਾ ਗਿਆ ਸੀ। ਇਹ ਉਹ ਇਤਿਹਾਸਕ ਬੀਜ ਸੀ ਜੋ ਗਾਂਧੀ ਦਾ ਮਹਾਤਮਾ ਤੱਕ ਪੁੱਜਣ ਦਾ ਪਹਿਲਾ ਪੜਾਅ ਹੈ ਕਿਉਂਕਿ ਇਹੋ ਘਟਨਾ ਸੀ ਜੋ ਗਾਂਧੀ ਨੂੰ ਯਥਾਰਥ ਦੇ ਕੌੜੇ ਸੱਚ ਨਾਲ ਪਛਾਣ ਕਰਾਉਂਦੀ ਹੈ। ਇਹੋ ਘਟਨਾ ਸੀ ਜਿਸ ਤੋਂ ਬਾਅਦ ਉਨ੍ਹਾਂ ਆਪਣੀ ਸੱਭਿਅਤਾ ਦੇ ਗੌਰਵ ਨੂੰ ਲੱਭਣ ਲਈ ਹੰਭਲਾ ਮਾਰਿਆ। ਅਫ਼ਰੀਕਾ 'ਚ ਰੰਗ ਭੇਦ ਭਾਵ ਨੂੰ ਲੈ ਕੇ ਜਿਸ ਤਰ੍ਹਾਂ ਦਾ ਜ਼ੁਲਮ ਹੋ ਰਿਹਾ ਸੀ ਉਸ ਖ਼ਿਲਾਫ਼ ਗਾਂਧੀ ਪੂਰੇ ਜੁਝਾਰੂ ਹੋ ਕੇ ਖੜ੍ਹੇ ਹੋ ਗਏ।

ਉਸ ਸਮੇਂ ਦੱਖਣੀ ਅਫ਼ਰੀਕਾ 'ਚ ਕਾਲੇ ਆਦਮੀ ਲਈ ਇਹ ਜ਼ਰੂਰੀ ਸੀ ਕਿ ਉਹ ਗੋਰਿਆਂ ਦੀ ਕਲੋਨੀ 'ਚ ਜਾਣ ਤੋਂ ਪਹਿਲਾਂ ਪਾਸ ਜ਼ਰੂਰ ਲਵੇ ਅਤੇ ਆਪਣੀਆਂ ਉਂਗਲੀਆਂ ਦੇ ਨਿਸ਼ਾਨ ਵੀ ਦੇਵੇ। ਇਹੋ ਨਹੀਂ ਜਨਰਲ ਸਮਟਸ ਦਾ ਨਵਾਂ ਕਾਨੂੰਨ ਤਾਂ ਹੋਰ ਵੀ ਅਪਮਾਨ ਭਰਿਆ ਸੀ। ਇਸ ਕਾਨੂੰਨ ਮੁਤਾਬਕ ਇਸਾਈ ਰਵਾਇਤ ਬਾਹਰ ਕੀਤਾ ਵਿਆਹ ਗ਼ੈਰ-ਕਾਨੂੰਨੀ ਮੰਨਿਆ ਜਾਂਦਾ ਸੀ ਅਤੇ ਕਿਸੇ ਵੀ ਕਾਨੂੰਨੀ ਕਾਰਣ ਦਾ ਬਹਾਨਾ ਲੈ ਕੇ ਸਿਪਾਹੀ ਘਰ 'ਚ ਦਾਖ਼ਲ ਹੋ ਕੇ ਤਲਾਸ਼ੀ ਲੈ ਸਕਦਾ ਸੀ ਅਤੇ ਇਸ ਲਈ ਕੋਈ ਲਿਖਤੀ ਆਗਿਆ ਜਾਂ ਹੋਰ ਆਗਿਆ ਦੀ ਜ਼ਰੂਰਤ ਨਹੀਂ ਸੀ।

ਗਾਂਧੀ ਦਾ ਦੱਖਣੀ ਅਫ਼ਰੀਕਾ 'ਚ ਕਿੰਝ ਦਾ ਰਸੂਖ ਸੀ। ਗਾਂਧੀ ਦੀ ਪੂਰੀ ਸ਼ਖ਼ਸੀਅਤ ਬਾਰੇ ਇਹ ਸਾਂਝ ਹੈ ਕਿ ਉਨ੍ਹਾਂ ਆਪਣੀਆਂ ਕਦਰਾਂ-ਕੀਮਤਾਂ, ਆਪਣੇ ਆਦਰਸ਼ਾਂ ਨੂੰ ਅਸੂਲਾਂ ਨੂੰ ਹਮੇਸ਼ਾ ਉੱਪਰ ਰੱਖਿਆ ਸੀ। ਇਕ ਦ੍ਰਿਸ਼ 'ਚ ਗਾਂਧੀ ਅਤੇ ਉਨ੍ਹਾਂ ਦੀ ਪਤਨੀ (ਕਸਤੂਰਬਾ ਗਾਂਧੀ) 'ਚ ਪਖਾਨਾ ਸਾਫ਼ ਕਰਨ ਨੂੰ ਲੈ ਕੇ ਬਹਿਸ ਹੁੰਦੀ ਹੈ। ਜਿਸ ਦੌਰਾਨ ਕਸਤੂਰਬਾ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੰਦੀ ਹੈ ਤਾਂ ਉਸ ਦੌਰਾਨ ਗਾਂਧੀ ਦਾ ਮਤ ਇਹ ਹੈ ਕਿ,ਗੱਲ ਪਖ਼ਾਨਾ ਸਾਫ਼ ਕਰਨ ਦੀ ਨਹੀਂ, ਗੱਲ ਸਿਧਾਂਤ ਦੀ ਹੈ। ਅਜਿਹਾ ਕਰਨ ਦੇ ਮਾਇਨੇ ਇਹ ਹਨ ਕਿ ਇੰਝ ਕਰਨ ਤੇ ਸਮਾਨਤਾ ਦਾ ਅਹਿਸਾਸ ਹੋਵੇਗਾ, ਜਿਸ 'ਚ ਉੱਚੇ-ਨੀਵੇਂ ਦਾ ਫ਼ਰਕ ਖ਼ਤਮ ਹੁੰਦਾ ਹੈ ਅਤੇ ਕੰਮ ਦੇ ਮਾਇਨੇ ਕੰਮ ਹੀ ਲੱਗਦੇ ਹਨ। ਜਦੋਂ ਇਹ ਮਨ ਨੂੰ ਸਮਝ ਆ ਜਾਵੇ ਕਿ ਕੋਈ ਕੰਮ ਵੱਡਾ ਛੋਟਾ ਨਹੀਂ ਹੁੰਦਾ ਤਾਂ ਸਮਾਨਤਾ ਦਾ ਅਰਥ ਨਿਖ਼ਰ ਕੇ ਸਾਹਮਣੇ ਆਉਂਦਾ ਹੈ। ਇੰਝ ਗਾਂਧੀ ਅਤੇ ਕਸਤੂਰਬਾ ਦੀ ਸਾਂਝ ਦਾ ਵਰਨਣ ਦਿਲਚਸਪ ਹੈ। ਜਿਵੇਂ ਇਕ ਦ੍ਰਿਸ਼ 'ਚ ਗਾਂਧੀ ਅਤੇ ਕਸਤੂਰਬਾ ਵਿਆਹ ਦੇ ਅਰਥ ਇਕ ਵਿਦੇਸ਼ੀ ਪੱਤਰਕਾਰ ਨੂੰ ਦੱਸ ਰਹੇ ਹੁੰਦੇ ਹਨ। ਭਾਰਤ ਆਗਮਨ ਤੇ ਮੁੰਬਈ 'ਚ 1914 ਈ. ਨੂੰ ਕਸਤੂਰਬਾ ਦੀ ਗਾਂਧੀ ਪ੍ਰਤੀ ਸ਼ਰਧਾ ਭਰੇ ਬਿਆਨ ਦੋਵਾਂ ਵਿਚਲੀ ਸਾਂਝ ਦਾ ਹੋਰ ਵਧੇਰੇ ਪ੍ਰਗਟਾਵਾ ਕਰਦੇ ਹਨ। ਗਾਂਧੀ ਫ਼ਿਲਮ 'ਚ ਗਾਂਧੀ ਅਤੇ ਉਸਦੀ ਪਰਿਵਾਰਕ ਸਾਂਝ ਨੂੰ ਵਧੇਰੇ ਪੇਸ਼ ਨਹੀਂ ਕੀਤਾ ਗਿਆ। ਇਸ ਫ਼ਿਲਮ 'ਚ ਗਾਂਧੀ ਦਾ ਚਿੱਤਰਣ ਸਿਰਫ਼ ਮਹਾਤਮਾ ਦੀ ਨਜ਼ਰ ਤੋਂ ਇਕ ਰਾਸ਼ਟਰ ਪ੍ਰਤੀ ਉਸਦੀ ਭੂਮਿਕਾ ਨੂੰ ਲੈ ਕੇ ਹੀ ਕੀਤਾ ਗਿਆ ਹੈ। ਮਹਾਤਮਾ ਗਾਂਧੀ ਅਤੇ ਪਰਿਵਾਰ ਪ੍ਰਤੀ ਉਸਦੀ ਭੂਮਿਕਾ ਨੂੰ ਸਮੇਟਣਾ ਫ਼ਿਲਮ 'ਚ ਭਟਕਾਅ ਦੀ ਸੰਭਾਵਨਾ ਪੈਦਾ ਕਰਦਾ ਹੈ। ਮੂਲ ਗੱਲ ਇਹ ਹੈ ਕਿ ਫ਼ਿਲਮ ਆਪਣੇ ਉਦੇਸ਼ ਨੂੰ ਲੈ ਕੇ ਸਫ਼ਲ ਰਹੀ ਹੈ। 

ਮਹਾਤਮਾ ਗਾਂਧੀ ਦੀ ਸ਼ਖ਼ਸੀਅਤ ਦੇ ਬਹੁਤ ਸਾਰੇ ਪੱਖ ਗਹਿਰੇ ਅਧਿਐਨ 'ਚੋਂ ਨਿਕਲੇ ਹਨ। ਫ਼ਿਲਮ 'ਚ ਅਸਲ ਬਿਰਤਾਂਤ ਜਿਉਂ ਦੇ ਤਿਉਂ ਪੇਸ਼ ਕੀਤੇ ਗਏ ਹਨ। ਮਹਾਤਮਾ ਗਾਂਧੀ ਦੇ ਕਾਰਜ ਖੇਤਰ 'ਚ ਅੰਗਰੇਜ਼ ਪਾਦਰੀ ਚਾਰਲੀ ਦਾ ਯੋਗਦਾਨ ਵੀ ਅਹਿਮ ਰਿਹਾ ਹੈ ਦੱਖਣੀ ਅਫ਼ਰੀਕਾ ਦਾ ਇੱਕ ਹੋਰ ਦ੍ਰਿਸ਼ ਗਾਂਧੀ ਦੇ ਵਿਚਾਰਾਂ ਨੂੰ ਉਭਾਰਦਾ ਹੈ। ਜਿਸ 'ਚ ਉਹ ਬੇਇਨਸਾਫ਼ੀ ਅਤੇ ਜ਼ੁਲਮ ਦੇ ਖ਼ਿਲਾਫ਼ ਗੱਲ ਕਰਦੇ ਹੋਏ ਪਾਦਰੀ ਨੂੰ ਕਹਿੰਦੇ ਹਨ। ਬਾਈਬਲ ਦੀ ਨਿਊ ਟੇਸਟਾਮੇਟ ਕਹਿੰਦੀ ਹੈ ਕਿ ਕੋਈ ਤੁਹਾਡੇ ਇੱਕ ਗੱਲ ਦੇ ਥੱਪੜ ਮਾਰੇ ਤਾਂ ਦੂਸਰਾ ਗੱਲ ਅੱਗੇ ਕਰੋ, ਇਸਦਾ ਅਰਥ ਇਹ ਹੈ ਕਿ ਇੰਝ ਕਰਨ ਤੇ ਦੁਸ਼ਮਨ ਦਾ ਸੁਭਾਅ ਇੱਕ ਦਿਨ ਨਰਮ ਪਏਗਾ। ਅਸਲ 'ਚ ਈਸਾ ਦਾ ਸੰਦੇਸ਼ ਇਹ ਹੈ ਕਿ ਬੁਰਾਈ, ਜ਼ੁਲਮ ਦਾ ਸਾਹਮਣਾ ਨਿਰਭੈ ਹੋ ਕੇ ਨਿਡਰਤਾ, ਦਲੇਰੀ ਨਾਲ ਖੁਸ਼ੀ ਸੰਗ ਕਰੋ, ਇਸ ਨਾਲ ਮਾਨਵ ਸੁਭਾਅ 'ਚ ਬਦਲਾਅ ਆਵੇਗਾ। ਗਾਂਧੀ ਦਰਸ਼ਨ ਵੱਖ-ਵੱਖ ਧਰਮਾਂ ਦੀ ਸਾਂਝੀ ਵਾਰਤਾ ਦਾ ਰੂਪ ਹੈ, ਜਿਸ 'ਚ ਉਨ੍ਹਾਂ ਦਾ ਮੰਨਣਾ ਸੀ ਕਿ ਗੀਤਾ। ਬਾਈਬਲ, ਕੁਰਾਣ ਸਭ ਸੱਚ ਦਾ ਰਾਹ ਦੱਸਦੇ ਹਨ, ਸਾਰਿਆਂ ਦਾ ਮਨੋਰਥ ਆਪਣੇ ਵਰਗਾ ਹੀ ਆਪਣੇ ਗੁਆਂਢੀ ਨਾਲ ਪਿਆਰ ਕਰਨ 'ਚ ਹੈ। 

ਗਾਂਧੀ ਦਾ ਮੰਨਣਾ ਸੀ ਕਿ ਮੇਰਾ ਵਿਰੋਧ ਕਿਸੇ ਵਰਗ ਜਾਂ ਸਮੁਦਾਇ ਨਾਲ ਨਹੀਂ, ਮੇਰਾ ਵਿਰੋਧ ਤਾਂ ਜ਼ੁਲਮ ਨੂੰ ਲੈ ਕੇ ਹੈ, ਇਸ ਲਈ ਤਾਂ ਸਭ ਨੂੰ ਇੱਕ ਜੁੱਟ ਹੋ ਚੱਲਣਾ ਚਾਹੀਦਾ ਹੈ। ਇਹ ਵਿਚਾਰ ਗਾਂਧੀ ਨੇ ਪੱਤਰਕਾਰ 'ਦੀ ਨਿਊਯਾਰਕ ਟਾਈਮਜ਼' ਦੇ ਮਿਸਟਰ ਵਾਲਕਰ ਅੱਗੇ ਰੱਖੇ ਸਨ। ਵਾਲਕਰ ਰਾਹੀਂ ਗਾਂਧੀ ਨੇ ਆਪਣੇ ਵਿਚਾਰਾਂ ਨੂੰ ਹਰ ਕੋਨੇ ਤੱਕ ਪਹੁੰਚਾਇਆ। ਫ਼ਿਲਮ 'ਚ ਵਾਲਕਰ ਅਤੇ ਗਾਂਧੀ ਵਾਰਤਾ ਗਾਂਧੀ ਦੀ ਨਬਜ਼ ਫੜ੍ਹਨ 'ਚ ਸਹਾਇਕ ਹੁੰਦੀ ਹੈ। ਪਖਾਨੇ ਸਾਫ਼ ਕਰਨ ਦੀ ਮਹੱਤਤਾ, ਦੱਖਣੀ ਅਫ਼ਰੀਕਾ 'ਚ ਟਾਲਸਟਾਏ ਆਸ਼ਰਮ ਤੋਂ ਲੈ ਕੇ ਖਾਨਾਂ 'ਚ ਕੰਮ ਕਰਦੇ ਮਜ਼ਦੂਰ ਅਤੇ ਉਨ੍ਹਾਂ ਦੀ ਮਾੜੀ ਹਾਲਤ ਬਾਰੇ ਗਾਂਧੀ ਨੇ ਖੂਬ ਚਰਚਾ ਕੀਤੀ ਜੋ ਫਿਲਮ ਦਾ ਆਧਾਰ ਹੋਰ ਮਜ਼ਬੂਤ ਕਰਦੇ ਹਨ। ਗਾਂਧੀ ਦਾ ਦਰਸ਼ਨ ਆਤਮ ਸਨਮਾਨ ਦੁਆਲੇ ਘੁੰਮਦਾ ਹੈ। ਇਸੇ ਵਿਚਾਰ ਦੀ ਪੁਖਤਗੀ ਸਾਨੂੰ ਉਦੋਂ ਨਜ਼ਰ ਆਉਂਦੀ ਹੈ ਜਦੋਂ ਉਹ ਅਫ਼ਰੀਕਾ 'ਚ ਲੋਕਾਂ ਨੂੰ ਸੰਬੋਧਿਤ ਕਰਨ ਦੌਰਾਨ ਕਹਿੰਦੇ ਹਨ।“ਸੰਘਰਸ਼ ਅਹਿੰਸਾ ਰਾਹੀਂ ਜਾਰੀ ਰਹੇਗਾ,ਉਹ ਮੈਨੂੰ ਮਾਰ ਸਕਦੇ ਹਨ ਇੰਝ ਕਰਨ ਤੇ ਉਨ੍ਹਾਂ ਨੂੰ ਮੇਰੀ ਲਾਸ਼ ਮਿਲੇਗੀ ਪਰ ਹੁਕਮ ਬਰਦਾਰੀ ਨਹੀ।“ਮਹਾਤਮਾ ਗਾਂਧੀ ਦੀ ਦੂਜੀ ਪਾਰੀ ਭਾਰਤ ਆਗਮਨ ਤੋਂ 1941 ਈ. ਨੂੰ ਮੁੰਬਈ ਤੋਂ ਸ਼ੁਰੂ ਹੁੰਦੀ ਹੈ। ਗਾਂਧੀ ਸੋਚ ਤੇ ਨਜ਼ਰੀਏ ਤੇ ਗੋਪਾਲ ਕ੍ਰਿਸ਼ਨ ਗੋਖਲੇ ਦਾ ਪ੍ਰਭਾਵ ਰਿਹਾ ਹੈ।ਗਾਂਧੀ ਉਨ੍ਹਾਂ ਨੂੰ ਆਪਣਾ ਸਿਆਸੀ ਗੁਰੂ ਮੰਨਦੇ ਸਨ। ਉਨ੍ਹਾਂ ਨੂੰ ਪਹਿਲਾਂ ਵਿਚਾਰ ਹੀ ਗੋਖਲੇ ਨੇ ਦਿੱਤਾ। ਭਾਰਤ ਨੂੰ ਸਮਝਣ ਦਾ ਦਰਸ਼ਨ ਮਹਾਤਮਾ ਗਾਂਧੀ ਨੂੰ ਉਨ੍ਹਾਂ ਤੋਂ ਮਿਲਦਾ ਹੈ। 

ਫਿਲਮ 'ਚ ਮੁਹੰਮਦ ਅਲੀ ਜਿਨ੍ਹਾਂ ਦੇ ਕਿਰਦਾਰ ਨੂੰ ਪੂਰਾ ਰੋਸ਼ਨੀ 'ਚ ਨਹੀਂ ਲਿਆਂਦਾ ਗਿਆ। 1906 ਈ. 'ਚ ਮੁਸਲਿਮ ਲੀਗ ਦੀ ਸਥਾਪਨਾ ਦੇ ਬਾਵਜੂਦ ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਭਾਰਤ ਦੀ ਅਜ਼ਾਦੀ 'ਚ ਭੂਮਿਕਾ ਨਿਭਾਉਣ ਲਈ ਅਹਿਮ ਭੂਮਿਕਾ ਵਿੱਚ ਰਿਹਾ ਹੈ। 1935ਈ. ਦੀਆਂ ਚੋਣਾਂ ਤੋਂ ਬਾਅਦ ਉਸਦਾ ਰੁਖ ਬਦਲਦਾ ਹੈ। ਜਿਨ੍ਹਾਂ ਦਾ ਇੰਝ ਕਰਨ ਦਾ ਆਧਾਰ ਕਿੰਝ ਤਿਆਰ ਹੋਇਆ ਇਸ ਬਾਰੇ ਫ਼ਿਲਮ 'ਚ ਕੁਝ ਕਮੀ ਜ਼ਰੂਰ ਜਾਪੀ। ਕਿਉਂਕਿ ਭਾਰਤੀ ਸੁਤੰਤਰਤਾ ਸੰਗਰਾਮ ਦੀ ਗਾਥਾ 'ਚ ਜਿਨਹਾ ਤੇ ਗਾਂਧੀ ਭੂਮਿਕਾ, ਦੋਵਾਂ ਦੀ ਸਾਂਝ ਅਤੇ ਫਿਰ ਦੋਹਾਂ ਦੇ ਅਲਗਾਵ ਤੋਂ ਹੀ ਭਾਰਤੀ ਅਜ਼ਾਦੀ ਦੀ ਦਸ਼ਾ ਤੇ ਦਿਸ਼ਾ ਤੈਅ ਹੋਈ ਸੀ ਪਰ ਜਿਨ੍ਹਾਂ ਨੂੰ ਇੰਝ ਪੇਸ਼ ਕੀਤਾ ਗਿਆ ਹੈ, ਜਿਵੇਂ ਉਸ ਦਾ ਨਾਂ ਤਾਂ ਕੋਈ ਸਿਆਸੀ ਆਧਾਰ ਸੀ ਅਤੇ ਨਾ ਹੀ ਕੋਈ ਸਿਆਸੀ ਸਮਝ ਸੀ।

ਇਹ ਗੱਲ ਬੇਸ਼ੱਕ ਔਖੀ ਹੋ ਜਾਂਦੀ ਹੈ ਕਿ ਗਾਂਧੀ ਫ਼ਿਲਮ 'ਚ ਗਾਂਧੀ ਦੇ ਪ੍ਰਤੀਬਿੰਬ ਦੀ ਮਹੱਤਤਾ ਸੀ ਪਰ ਗਾਂਧੀ ਦਾ ਕੁਝ ਪੱਖ ਹਮੇਸ਼ਾ ਜਿਨ੍ਹਾਂ, ਨਹਿਰੂ ਅਤੇ ਪਟੇਲ ਦੇ ਨਜ਼ਰੀਏ ਤੋਂ ਸਾਹਮਣੇ ਆਉਂਦੇ ਹਨ। ਗਾਂਧੀ ਦਾ ਮਜ਼ਬੂਤ ਸਿਆਸੀ ਆਧਾਰ ਭਾਰਤ ਦੀ ਅਜ਼ਾਦੀ ਦਾ ਆਧਾਰ ਕਿਵੇਂ ਤਿਆਰ ਕਰਦਾ ਹੈ, ਇਸ ਬਾਰੇ ਸਾਨੂੰ ਕਾਂਗਰਸ ਸੰਮੇਲਨ ਦੀ ਬੰਬਈ ਜ਼ਮੀਨ ਦੇ ਦ੍ਰਿਸ਼ ਤੋਂ ਪਛਾਣ ਹੁੰਦੀ ਹੈ। ਮੁਹੰਮਦ ਅਲੀ ਜਿਨਹਾ ਆਪਣਾ ਜੋਸ਼ੀਲੀ ਤਕਰੀਰ ਦੇ ਚੁੱਕੇ ਹਨ। ਲੋਕੀ ਉੱਠ ਕੇ ਜਾਣ ਲੱਗ ਚੁੱਕੇ ਹਨ।  ਸਰਦਾਰ ਪਟੇਲ, ਗਾਂਧੀ ਨੂੰ ਮੰਚ ਉੱਤੇ ਸਦਾ ਦਿੰਦੇ ਹਨ। ਮਹਾਤਮਾ ਗਾਂਧੀ ਆਪਣੇ ਭਾਸ਼ਣ 'ਚ ਜਿਉਂ ਜਿਉਂ ਅੱਗੇ ਵੱਧਦੇ ਜਾ ਰਹੇ ਤਿਉਂ ਤਿਉਂ ਸੰਮੇਲਨ 'ਚ ਪਹੁੰਚੇ ਲੋਕ ਇਕਾਗਰਚਿਤ ਹੁੰਦੇ ਜਾ ਰਹੇ ਹਨ ਜੋ ਇੰਝ ਲੱਗਦਾ ਹੈ, ਜਿਵੇਂ ਲੋਕਾਂ ਅੰਦਰ ਭਾਰਤ ਜਾਗ ਰਿਹਾ ਹ। ਸੰਮੇਲਨ 'ਚ ਗਾਂਧੀ ਦਾ ਕਹਿਣਾ ਹੈ ਕਿ ਭਾਰਤ ਨੂੰ ਬਹੁਤ ਸਾਰਾ ਘੁੰਮ ਕੇ ਦੇਖ ਚੁੱਕਾ ਹਾਂ ਤੇ ਸ਼ਾਇਦ ਪੂਰਾ ਵੇਖਣ ਲਈ ਕਈ ਵਰ੍ਹੇ ਲੱਗ ਜਾਣ, ਜਿੰਨੇ ਭਾਰਤ ਨੂੰ ਵੇਖਿਆ ਹੈ ਉਸ ਤੋਂ ਮੇਰੀ ਸੋਚ ਇਹ ਤੈਅ ਕਰਦੀ ਹੈ ਕਿ ਭਾਰਤ ਦੇ ਲੋਕਾਂ ਦੀ ਆਪਣੀ ਸਿਆਸੀ ਸੀਮਾ ਹੈ ਜੋ ਰੋਟੀ ਅਤੇ ਲੂਣ ਤੱਕ ਸੀਮਤ ਹੈ। ਭਾਰਤ ਦੀ ਅਜ਼ਾਦੀ ਲਈ ਜ਼ਰੂਰੀ ਹੈ ਆਮ ਜਨਤਾ ਅਤੇ ਰਾਜਨੇਤਾ ਵਿਚਲੇ ਫ਼ਰਕ ਨੂੰ ਮਿਟਾਇਆ ਜਾਵੇ। ਭਾਰਤ ਦੀ ਦਸ਼ਾ ਇੰਝ ਤੈਅ ਨਹੀਂ ਹੋ ਸਕਦੀ ਕਿ ਰਾਜਨੇਤਾ ਦਿੱਲੀ 'ਚ  ਬੈਠੇ ਭਾਸ਼ਣ ਦੇਣ ਅਤੇ ਜਨਤਾ ਖੇਤਾਂ 'ਚ ਕੰਮ ਕਰਦੀ ਰਹੇ। ਭਾਰਤ ਦੀ ਅਜ਼ਾਦੀ ਲਈ ਇਹ ਸਮਝਣਾ ਪਵੇਗਾ ਕਿ ਭਾਰਤੀ ਲੋਕਾਂ ਦਾ ਮਤਲਬ ਹੈ 7 ਲੱਖ ਦੇਹਾਤੀ ਲੋਕ। ਸੋ ਇਸ ਲਈ ਸਾਡੀ ਦਿਸ਼ਾ ਇਸ ਪਾਸੇ ਹੋਣੀ ਚਾਹੀਦੀ  ਹੈ ਕਿ ਸਿਆਸੀ ਆਗੂ ਖੇਤਾਂ ਤੱਕ ਪਹੁੰਚ ਕਰਨ ਅਤੇ ਆਮ ਲੋਕਾਂ ਦੇ ਪ੍ਰਤੀਨਿਧੀ ਬਣਨ ਤਾਂ ਹੀ ਲੋਕ ਅਵਾਜ਼ ਬੁਲੰਦ ਹੋਵੇਗੀ ਅਤੇ ਅਵਾਮ ਦਾ ਮੁਕੱਦਰ ਤੈਅ ਹੋਵੇਗਾ।

ਮਹਾਤਮਾ ਗਾਂਧੀ ਦਾ ਖੱਦਰਧਾਰੀ ਹੋਣਾ, ਬਿਨਾਂ ਕੱਪੜਿਆਂ ਦੇ ਫਿਰਨਾ ਆਮ ਲੋਕਾਂ ਦੀਆਂ ਤਕਲੀਫਾਂ ਦੇ ਨੇੜੇ ਪਹੁੰਚਣਾ ਹੀ ਸੀ। ਇਸਦੇ ਨਾਲ ਹੀ ਉਨ੍ਹਾਂ ਪੂਰਬੀ ਸੱਭਿਆਚਾਰ ਦੇ ਗੌਰਵ ਨੂੰ ਸਮਝਾਇਆ ਮਹਾਤਮਾ ਗਾਂਧੀ ਦਾ ਕਥਨ ਸੀ ਕਿ ਸਵਦੇਸੀ ਗਰਵ ਨੂੰ ਆਪਣੇ ਅੰਦਰ ਮਹਿਸੂਸ ਕਰੇ ਅਤੇ ਅਹਿੰਸਾ ਨਾਲ ਮੁਕਾਬਲਾ ਕਰੋ। ਜਿੱਥੇ ਅਨਿਆਂ ਹੈ ਉਥੇ ਵਿਰੋਧ ਕਰੋ ਪਰ ਇਹ ਤੈਅ ਹੋਣਾ ਚਾਹੀਦਾ ਹੈ ਕਿ ਵਿਰੋਧ ਪਰਿਵਰਤਨ ਦਾ ਗਵਾਹ ਹੋਵੇ ਨਾ ਕਿ ਬਦਲੇ ਦੀ ਭਾਵਨਾ ਬਣੇ। ਗਾਂਧੀ ਦਾ ਬਾਪੂ ਦੇ ਰੂਪ 'ਚ ਆਰੰਭ ਬਿਹਾਰ ਦੇ ਚੰਪਾਰਨ ਤੋਂ ਸ਼ੁਰੂ ਹੁੰਦਾ ਹੈ। ਇਸ ਤੋਂ ਬਾਅਦ ਹੀ ਲੋਕਾਂ ਮਹਾਤਮਾ ਕਹਿਣਾ ਸ਼ੁਰੂ ਕੀਤਾ। ਇਸ ਤੋਂ ਬਾਅਦ 13 ਅਪ੍ਰੈਲ 1939 ਨੂੰ ਅਸਹਿਯੋਗ ਅੰਦੋਲਨ ਚਲਾਇਆ ਗਿਆ।ਇਹ ਅੰਦੋਲਨ ਐਂਟੀ ਟੈਰਾਰਿਸਟ ਐਕਟ ਦੇ ਵਿਰੁੱਧ ਸੀ,ਜਿਸ ਰਾਹੀਂ ਬਿਨਾਂ ਮੁਕੱਦਮਾ ਸ਼ੱਕ ਦੇ ਆਧਾਰ ਤੇ ਹੀ ਗ੍ਰਿਫਤਾਰੀ ਸੀ।ਉਸ ਸਮੇਂ ਮੇਟਗੇਊ ਚੇਮਸਫੋਰਡ ਸੁਧਾਰ ਕਾਨੂੰਨ ਵੀ ਆਇਆ ਜਿਸ ਦੀ ਮੁਖ਼ਾਲਫਤ ਕਰਨਾ ਜ਼ਰੂਰੀ ਸੀ।ਉਸ ਸਮੇਂ ਸਾਰੇ ਲੋਕ ਗਾਂਧੀ ਨਾਲ ਹੋ ਤੁਰੇ ਅਤੇ ਉਨ੍ਹਾਂ ਵਿਦੇਸ਼ੀ ਕੱਪੜੇ ਦਾ ਬਹਿਸ਼ਕਾਰ ਕਰ ਸਵਦੇਸੀ ਕੱਪੜੇ ਦੀ ਇੱਜ਼ਤ ਨੂੰ ਬੁਲੰਦ ਕੀਤਾ।ਉਸੇ ਦੂਸਰੋ ਕੇ ਦੁੱਖ ਕੋ ਅਪਣਾ ਸਮਝੋ, ਭੇਦਭਾਵ ਛੋਡੋ, ਨਮਰਤਾ ਸੇ ਰਹੋ ਇਸ ਭਜਨ ਦੇ ਮਾਇਨੇ ਮੈਨੂੰ ਹੁਣ ਆ ਕੇ ਸਮਝ ਆਏ ਹਨ। ਗਾਂਧੀ ਦਾ ਅਜ਼ਾਦੀ ਸੰਘਰਸ਼ ਸਿਰਫ ਬ੍ਰਿਟਿਸ਼ ਸਰਕਾਰ ਦੀ ਮੁਖ਼ਾਲਫਤ ਨਹੀਂ ਸੀ। ਇਹ ਭਾਰਤ ਅੰਦਰ ਪੈਦਾ ਹੋਈਆਂ ਭਾਵਨਾਵਾਂ 'ਚ ਅਛੂਤਾਂ ਅਤੇ ਔਰਤਾਂ ਨੂੰ ਲੈ ਕੇ ਵੀ ਸੀ। ਜਿਸ ਦਾ ਇਸ਼ਾਰਾ ਫਿਲਮ ਵਿੱਚ ਕਸਤੂਰਬਾ ਗਾਂਧੀ ਦੇ ਸਿੱਖਿਆਤਕਾਰ ਤੋਂ ਮਿਲਦਾ ਹੈ। 13 ਅਪ੍ਰੈਲ 1939 ਨੂੰ ਸਵਿਨਯ ਅੱਵਗਿਆ ਅੰਦੋਲਨ ਚਲਾਇਆ। ਜਿਸਦਾ ਅਰਥ ਉਨ੍ਹਾਂ ਹਕੂਮਤ ਨੂੰ ਭਜਾਉਣਾ 'ਚ ਲਿਆ। ਉਨ੍ਹਾਂ 500 ਮੀਲ ਦੀ ਪੈਦਲ ਯਾਤਰਾ ਕਰਕੇ ਡਾਂਡੀ ਨਾਮਕ ਸਥਾਨ ਤੇ ਨਮਕ ਬਣਾਇਆ। ਉਸ ਵਕਤ ਨਮਕ ਬਣਾਉਣਾ ਗ਼ੈਰ-ਕਾਨੂੰਨੀ ਸੀ ਅਤੇ ਇਹ ਸਰਕਾਰ ਦੇ ਅਧੀਨ ਸੀ। ਨਮਕ ਬਣਾਉਣ ਨੂੰ ਅੰਗਰੇਜ਼ਾਂ ਦਾ ਵਿਰੋਧ ਕਰਨ ਦਾ ਕਾਰਗਰ ਹਥਿਆਰ ਮੰਨਿਆ ਗਿਆ।

ਨਮਕ ਬਣਾਉਣ ਨੂੰ ਅੰਗਰੇਜ਼ਾਂ ਨੇ ਸ਼ੁਰੂਆਤ ਵਿੱਚ ਗੰਭੀਰਤਾ ਨਾਲ ਨਹੀਂ ਲਿਆ।ਹੌਲੀ-ਹੌਲੀ ਉਨ੍ਹਾਂ ਨੂੰ ਸਮਝ ਆਉਣ ਲੱਗਾ ਕਿ ਇਹ ਬ੍ਰਿਟਿਸ਼ ਸਰਕਾਰ ਦਾ ਮਜ਼ਾਕ ਬਣ ਰਿਹਾ ਹੈ।ਇਸ ਅੰਦੋਲਨ ਵਿੱਚ 90000 ਤੋਂ ਲੈ ਕੇ 1 ਲੱਖ ਦੇ ਲੱਗਭਗ ਲੋਕ ਗ੍ਰਿਫਤਾਰ ਕਰ ਲਏ ਗਏ।ਇਸ ਅੰਦੋਲਨ ਦਾ ਕੀ ਪ੍ਰਭਾਵ ਸੀ ਇਸ ਦਾ ਫਿਲਮਾਂਕਣ ਬਹੁਤ ਵਧੀਆ ਅੰੰਦਾਜ਼ 'ਚ ਕੀਤਾ ਗਿਆ ਹੈ ਜਿਸ ਦਾ ਆਧਾਰ ਪੁਖ਼ਤਾ ਕਰਨ ਲਈ ਇਤਿਹਾਸਕ ਦਸਤਾਵੇਜ਼ ਦੇ ਰੂਪ 'ਚ ਪੱਤਰਕਾਰੀ ਦਾ ਵਰਣਨ ਕੀਤਾ ਗਿਆ ਹੈ।'ਦੀ ਨਿਊਯਾਰਕ ਟਾਈਮਜ਼' ਤੇ ਬੀ.ਬੀ.ਸੀ. ਦੁਆਰਾ ਵਰਣਨ ਕੀਤਾ ਜਾਂਦਾ ਹੈ ਕਿ-ਸਿਲਸਿਲਾ ਚਲਦਾ ਰਿਹਾ,ਪੁਲਿਸ ਲਾਠੀਆਂ ਵਰ੍ਹਾਉਂਦੀ ਰਹੀ ਪਰ ਦੇਸ਼-ਵਾਸੀਆਂ ਦਾ ਹੌਸਲਾ ਨਾ ਟੁੱਟਿਆ ਅਤੇ  ਬ੍ਰਿਟਿਸ਼ ਸਰਕਾਰ ਦਾ ਗਰੂਰ ਜ਼ਰੂਰ ਟੁੱਟ ਗਿਆ।ਇੰਝ ਉਨ੍ਹਾਂ ਨੂੰ ਇੱਕ ਵੱਡੀ ਚੁਨੌਤੀ ਦਾ ਸਾਹਮਣਾ ਕਰਨਾ ਪਿਆ। ਇਤਿਹਾਸਕ ਤੱਥਾਂ ਤੇ ਫਿਲਮ ਅੱਗੇ ਵੱਧਦੀ ਹੈ ਅਤੇ ਹਿੰਦੁਸਤਾਨ ਦੀ ਖੁਦਮੁਖਤਾਰੀ ਤੈਅ ਕਰਨ ਲਈ ਪਹਿਲਾਂ ਗੋਲਮੇਜ਼ ਸੰਮੇਲਨ ਦਾ ਵਰਣਨ ਹੈ।ਜਿਸ ਦੌਰਾਨ ਗਾਂਧੀ ਪ੍ਰਧਾਨ ਮੰਤਰੀ ਵੈਨਸੇ ਮੈਕਡੋਨਾਲਡ ਨਾਲ ਮੁਲਾਕਾਤ ਕਰਦੇ ਹਨ।ਇਸ ਦੌਰਾਨ ਪ੍ਰਸਿੱਧ ਨਾਟਕਕਰਮੀ ਜਾਰਜ ਬਰਨਾਡ ਸ਼ਾਅ ਅਤੇ ਚਾਰਲੀ ਚੈਪਲਿਨ ਨਾਲ ਮੁਲਾਕਾਤ ਵੱਲ ਵੀ ਫਿਲਮ ਇਸ਼ਾਰਾ ਕਰਦੀ ਹੈ।ਗਾਂਧੀ ਦੀ ਲੰਕਸ਼ਾਯਰ ਵਿੱਚ ਕੱਪੜਾ ਮਿਲ ਦਾ ਦੌਰਾ ਵੀ ਪੇਸ਼ ਕੀਤਾ ਗਿਆ ਹੈ।

ਫਿਲਮ ਦਾ ਅਗਲਾ ਘਟਨਾਕ੍ਰਮ 1942 ਈ. ਦਾ ਹੈ।ਜਦੋਂ ਭਾਰਤ ਛੱਡੋ ਅੰਦੋਲਨ ਚੱਲ ਰਿਹਾ ਹੈ। ਇਸ ਅੰਦੋਲਨ ਦੀ ਰੂਪ ਰੇਖਾ ਨੂੰ ਬਹੁਤਾ ਬਿਆਨ ਨਹੀਂ ਕੀਤਾ ਗਿਆ। ਗਾਂਧੀ ਦੇ ਸੁਤੰਤਰਤਾ ਸੰਘਰਸ਼ ਦਾ ਇਹ ਅੰਦੋਲਨ ਮੀਲ ਪੱਥਰ ਸੀ,ਜਿਸ ਵਿਚ ਉਨ੍ਹਾਂ ਕਰੋ ਜਾਂ ਮਰੋ ਦਾ ਨਾਅਰਾ ਦੇ ਲੋਕਾਂ ਨੂੰ ਇੱਕ ਜੁੱਟ ਹੋਣ ਦਾ ਸੱਦਾ ਦਿੱਤਾ ਸੀ। ਫਿਲਮ ਵਿੱਚ 1942 ਦੀ ਗਾਂਧੀ ਗ੍ਰਿਫਤਾਰੀ ਦਾ ਹੀ ਦ੍ਰਿਸ਼ ਹੈ।ਇਸ ਦੌਰਾਨ ਨਹਿਰੂ ਦੇ ਅਹਿਮਦਨਗਰ ਜੇਲ੍ਹ 'ਚ ਗ੍ਰਿਫਤਾਰੀ ਦਾ ਇਸ਼ਾਰਾ ਹੈ ਅਤੇ ਮਹਾਤਮਾ ਦਾ ਆਗਾ ਖਾਂ ਜੇਲ੍ਹ 'ਚ ਨਜ਼ਰਬੰਦ ਕਰਨ ਦੀ ਦ੍ਰਿਸ਼ਾਵਲੀ ਹੈ।ਇਸ ਦੌਰਾਨ ਗਾਂਧੀ ਨਾਲ ਪੱਤਰਕਾਰ ਮਾਗਰੇਟ ਬਾਰਕ ਵਾਹੀਟ ਮੁਲਾਕਾਤ ਕਰਦੀ ਹੈ। ਮਾਗਰੇਟ ਪ੍ਰਸਿੱਧ ਰਸਾਲਾ ਲਾਈਫ ਦੀ ਪੱਤਰਕਾਰ ਸੀ। ਇਸ ਦੌਰਾਨ ਗਾਂਧੀ ਆਪਣੇ ਵਿਚਾਰਾਂ ਰਾਹੀਂ ਦੱਸਦੇ ਹਨ-“ਅਜ਼ਾਦੀ ਮਿਲਨੀ ਤਾਂ ਯਕੀਨਨ ਹੈ ਸੋ ਹੁਣ ਅਰਥਵਾਨ ਗੱਲ ਇਹ ਰਹਿ ਜਾਂਦੀ ਹੈ ਕਿ ਅਜ਼ਾਦੀ ਦਾ ਰੂਪ ਕੀ ਹੋਵੇਗਾ।“

ਇਸ ਤੋਂ ਇਲਾਵਾ ਉਹ ਭਾਰਤ ਦੀ ਦਿਸ਼ਾ ਕਿਸ ਪਾਸੇ ਹੋਣੀ ਚਾਹੀਦੀ ਹੈ, ਇਸ ਗੱਲ ਵੱਲ ਇਸ਼ਾਰਾ ਕਰਦੇ ਹੋਏ ਦੱਸਦੇ ਹਨ-“ਸੁੱਖ ਬਾਹਰੀ ਚੀਜ਼ਾਂ ਦਾ ਨਹੀਂ ਹੁੰਦਾ,ਸੁੱਖ ਸਿਰਫ ਕੰਮ ਵਿੱਚ ਹੁੰਦਾ ਹੈ। ਭਾਰਤ ਦੇ ਲੋਕ ਪਿੰਡਾਂ ਦੇ ਹਨ ਸੋ ਵਿਦੇਸ਼ੀ ਚੀਜ਼ਾਂ ਨਾਲੋਂ ਜ਼ਿਆਦਾ ਸਵਦੇਸੀ  ਨੂੰ ਹੁੰਗਾਰਾ ਦੇਣ ਦੀ ਜ਼ਰੂਰਤ ਹੈ। ਜ਼ਰੂਰਤ ਹੈ ਕਿ ਲੋਕਾਂ ਦੇ ਜਾਤੀ ਹੁਨਰਾਂ ਨੂੰ ਹੁੰਗਾਰਾ ਮਿਲੇ ਇਹੋ ਉਨ੍ਹਾਂ ਦੀ ਗਰੀਬੀ ਮਿਟਾਉਣ ਦਾ ਕਾਰਗਰ ਹੱਲ  ਹੋਵੇਗਾ।ਆਦਮੀ ਦੀ ਗਰੀਬੀ ਸਭ ਤੋਂ ਵੱਡੀ ਹਿੰਸਾ ਹੁੰਦੀ ਹੈ।ਰਚਨਾਤਮਕ  ਕੰਮ ਹੀ ਅਹਿੰਸਾ ਹੈ।ਪੱਛਮ ਦੇ ਤੌਰ ਤਰੀਕੇ ਤਰੱਕੀ ਨਹੀਂ ਹੋ ਸਕਦੇ।ਸਾਨੂੰ ਆਪਣੇ ਹੁਨਰਾਂ ਰਾਹੀਂ ਹੀ ਤਰੱਕੀ ਦੇ ਰਾਹ ਲੱਭਣੇ ਚਾਹੀਦੇ ਹਨ।“
ਇਸ ਦੌਰਾਨ ਗਾਂਧੀ ਨੇ ਮੁਹੰਮਦ ਅਲੀ ਜਿਨਹਾ ਦੀ ਬ੍ਰਿਟਿਸ਼ ਸਰਕਾਰ ਨੂੰ ਹਮਾਇਤ ਅਤੇ ਹਮਾਇਤ ਤੋਂ ਪੈਦਾ ਕੀਤੇ ਮੁਸਲਮਾਨਾਂ ਵਿੱਚ ਭਾਰਤ ਪ੍ਰਤੀ ਡਰ ਵੱਲ ਇਸ਼ਾਰਾ ਵੀ ਕੀਤਾ ਹੈ।1947 ਦੇ ਅਜ਼ਾਦੀ ਵੇਲੇ ਦੇ ਹਾਲਾਤ ਅਤੇ ਉਸ ਦੌਰਾਨ ਗਾਂਧੀ ਦੀ ਸੰਵੇਦਨਸ਼ੀਲ ਨਜ਼ਰ ਨੂੰ ਬਹੁਤ ਸੁਲਝੇ ਤਰੀਕੇ ਨਾਲ ਨਿਰਦੇਸ਼ਕ ਦੁਆਰਾ ਬੁਣਿਆ ਗਿਆ ਹੈ।ਇਸ ਦੌਰਾਨ ਗਾਂਧੀ ਦੀ ਵਿਭਾਜਨ ਪ੍ਰਤੀ ਮੁਖ਼ਾਲਫਤ ਅਤੇ ਦੂਸਰੇ ਸਿਆਸੀ ਆਗੂਆਂ ਵਿਚਲੀ ਜੁਗਲਬੰਦੀ ਨੇ ਬੇਸ਼ੱਕ ਜ਼ਿਆਦਾ ਪੈਨੀ ਨਜ਼ਰ ਨਾਲ ਪੇਸ਼ ਨਹੀਂ ਕੀਤਾ ਗਿਆ।ਹਿੰਦੂ ਸੰਗਠਨਾਂ ਦਾ ਰੋਸ ਅਤੇ ਮੁਸਲਮਾਨਾਂ ਪ੍ਰਤੀ ਕੀਤੇ ਉਪਕਾਰ ਨੂੰ ਮਹਿਜ ਅੱਖਾਂ ਅੱਗੋਂ ਕੱਢਿਆ ਹੈ।ਪਰ ਅਜ਼ਾਦੀ ਵੇਲੇ ਗਾਂਧੀ ਦੀ ਮਾਨਸਿਕਤਾ ਨੂੰ ਇੱਕ ਦ੍ਰਿਸ਼ ਰਾਹੀਂ ਪ੍ਰਤੀਬਿੰਬਤ ਬਹੁਤ ਵਧੀਆ ਨਿਰਦੇਸ਼ਕੀ ਕੌਸ਼ਲ ਤੋਂ ਕੀਤਾ ਗਿਆ ਹੈ।

ਅਜ਼ਾਦੀ ਸਮੇਂ ਗਾਂਧੀ ਆਪਣੇ ਆਸ਼ਰਮ 'ਚ ਬੈਠੇ ਚਰਖੇ 'ਤੇ ਸੂਤ ਕੱਤ ਰਹੇ ਹਨ,ਦੂਰ ਤੱਕ ਸਮੁੰਦਰ ਸ਼ਾਂਤ ਹੈ ਅਤੇ ਨੇੜੇ ਝੰਡੇ ਵਾਲਾ ਪੋਲ ਖਾਲੀ ਹੈ ਜਿਸ ਤੇ ਕੋਈ ਝੰਡਾ ਨਹੀਂ ਝੂਲ ਰਿਹਾ ਕਿਉਂ ਕਿ ਉਨ੍ਹਾਂ ਦਾ ਸੁਫ਼ਨਾ ਭਾਰਤ-ਪਾਕਿਸਤਾਨ ਵੰਡ 'ਚ ਨਹੀਂ ਦੋਵਾਂ ਦੇ ਇਕੱਠ ਵਿੱਚ ਸੀ। ਫਿਲਮ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਗਾਂਧੀ ਆਪਣੇ ਅਖ਼ੀਰੀ ਸਮੇਂ ਵਿੱਚ ਇਕੱਲੇ ਪੈ ਗਏ ਸਨ।ਹੁਣ ਉਨ੍ਹਾਂ ਦਾ ਲੋਕਾਂ ਵਿੱਚ ਪ੍ਰਭਾਵ ਵੀ ਘੱਟ ਰਿਹਾ ਸੀ ਅਤੇ ਲੋਕੀ ਵੰਡ ਲਈ ਅਤੇ ਮੁਸਲਮਾਨਾਂ ਦੀ ਤਰਫ਼ਦਾਰੀ ਕਾਰਣ ਉਨ੍ਹਾਂ ਨੂੰ ਕਸੂਰਵਾਰ ਮੰਨਦੇ ਸਨ। ਜਿਨ੍ਹਾਂ ਗਾਂਧੀਵਾਦੀ ਵਿਚਾਰਾਂ ਦੀ ਅਣਹੋਂਦ ਦਾ ਅਜੋਕੇ ਜ਼ਮਾਨੇ ਵਿਚ ਜ਼ਿਕਰ ਕੀਤਾ ਜਾਂਦਾ ਹੈ ਉਹ ਤਾਂ 1947 'ਚ ਹੀ ਆਪਣਾ ਪ੍ਰਸਾਰ ਗਵਾ ਚੁੱਕੇ ਸਨ।ਵੱਡੇ ਸਿਆਸੀ ਆਗੂ ਵੀ ਉਨ੍ਹਾ ਤੋਂ ਬਾਹਰ ਹੁੰਦੇ ਜਾ ਰਹੇ ਸਨ।ਕਿਉਂ ਕਿ ਹੁਣ ਵਿਚਾਰਾਂ ਦੀ ਖੇਡ ਅਜ਼ਾਦੀ ਤੱਕ ਨਹੀਂ ਸੀ,ਹੁਣ ਵਿਚਾਰਾਂ ਦੀ ਜੰਗ ਅਜ਼ਾਦੀ ਤੋਂ ਬਾਅਦ ਭਾਰਤੀ ਰਾਜਨੀਤੀ ਤੇ ਕੂਟਨੀਤੀ ਦੀ ਦਿਸ਼ਾ ਅਤੇ ਗਾਂਧੀਵਾਦ ਵਿਚ ਸ਼ੁਰੂ ਹੋ ਚੁੱਕੀ ਸੀ।ਉਸ ਵਕਤ ਦੇ ਕਲਕੱਤਾ ਦੰਗੇ ਤੋਂ ਲੈ ਕੇ ਪੰਜਾਬ ਦੇ ਹਾਲਤ ਇਸ ਗੱਲ ਵੱਲ ਇਸ਼ਾਰਾ ਕਰਦੇ ਸਨ ਕਿ ਵੰਡ ਦੀ ਤ੍ਰਾਸਦੀ ਇੱਕ ਵੱਡੀ ਇਤਿਹਾਸਕ ਭੁੱਲ ਸੀ। ਇਸ ਲਈ ਕੌਣ ਜ਼ਿੰਮੇਵਾਰ ਹੈ ਇਸ ਦੇ ਨਿਸ਼ਾਨ ਲੱਭਣੇ ਸੌਖੇ ਨਹੀਂ।

ਹਿੰਦੂ ਸੰਗਠਨ ਅਤੇ ਆਰ.ਐਸ.ਐਸ.ਦੀ ਭੂਮਿਕਾ ਕੋਈ ਇੱਕ ਦਿਨਾਂ ਵਿਉਂਤਬੰਧੀ ਨਹੀਂ ਸੀ।ਫਿਲਮ ਵਾਰ-ਵਾਰ ਵੇਖਣ ਤੇ ਇਸ ਗੱਲ ਵੱਲ ਇਸ਼ਾਰਾ ਹੁੰਦਾ ਹੈ ਕਿ ਨੱਥੂ ਰਾਮ ਗੋਡਸੇ ਆਸ਼ਰਮ ਵਿੱਚ, ਕਲਕੱਤਾ ਵਿੱਚ ਗਾਂਧੀ ਮਗਰ ਸੀ ਅਤੇ ਅੰਤ ਬਿਰਲਾ ਹਾਊਸ ਵਿੱਚ ਗੋਲੀ ਮਾਰਨ ਦੇ ਅੰਜਾਮ ਤੱਕ ਪਹੁੰਚਦਾ ਹੈ।ਕਲਕੱਤਾ 'ਚ ਇੱਕ ਦ੍ਰਿਸ਼ ਵਿਚ ਗਾਂਧੀ ਸਾਹਮਣੇ 'ਨਾਹਰੀ' ਨਾਮਕ ਵਿਅਕਤੀ ਕਬੂਲ ਕਰਦਾ ਹੈ ਕਿ ਉਸਦੇ ਛੋਟੇ ਬੱਚੇ ਨੂੰ ਮੁਸਲਮਾਨਾਂ ਮਾਰ ਦਿੱਤਾ ਇਸ ਲਈ ਉਹਨੇ ਵੀ ਛੋਟੇ ਮੁਸਲਮਾਨ ਬੱਚੇ ਦਾ ਕਤਲ ਕੀਤਾ ਹੈ ਤਾਂ ਗਾਂਧੀ ਉਸ ਨੂੰ ਇਸ ਭੁੱਲ ਨੂੰ ਸੁਧਾਰਣ ਲਈ ਕਹਿੰਦੇ ਹਨ ਕਿ ਇੱਕ ਮੁਸਲਮਾਨ ਬੱਚਾ ਗੋਦ ਲਵੇ ਅਤੇ ਉਸਦੀ ਦੇਖਭਾਲ ਉਸ ਆਬੋ-ਹਵਾ ਵਿਚ ਕਰੋ।ਇਹ ਗਾਂਧੀਵਾਦ ਦਾ ਉਹ ਅਧਿਆਤਮਕ ਦਰਸ਼ਨ ਦਾ ਪ੍ਰਤੀਕ ਹੈ ਜਿਸ ਵਿਚ ਏਕਤਾ ਦੇ ਅਰਥ ਲੱਭਣ ਵੱਲ ਇਸ਼ਾਰਾ ਕੀਤਾ ਗਿਆ ਹੈ।ਅਖੀਰੀ ਸਮੇਂ ਵਿੱਚ ਉਨ੍ਹਾਂ ਪਾਕਿਸਤਾਨ ਜਾਣ ਦਾ ਫੈਸਲਾ ਵੀ ਕੀਤਾ ਸੀ। ਮੀਰਾਬੇਣ ਮੁਤਾਬਕ ਉਹ ਆਖ਼ਰੀ ਸਮੇਂ ਇਹ ਮੰਨਦੇ ਸਨ ਕਿ ਉਹ ਚੰਗੇ ਸਿਪਾਹੀ ਸਾਬਤ ਨਹੀਂ ਹੋਏ। ਅੰਤ ਫਿਲਮ ਦਾ ਦ੍ਰਿਸ਼ ਉਥੇ ਆ ਕੇ ਮੁਕਦਾ ਹੈ ਜਿੱਥੋਂ ਫਿਲਮ ਸ਼ੁਰੂ ਹੁੰਦੀ ਹੈ ਅਤੇ ਗਾਂਧੀ ਦੀ ਅਵਾਜ਼ ਆਉਂਦੀ ਹੈ ਜੋ ਉਨ੍ਹਾਂ ਮੀਰਾਂ ਨੂੰ ਕਿਹਾ ਸੀ-“ਨਿਰਾਸ਼ਾ ਨੇ ਜਦੋਂ ਵੀ ਘੇਰਿਆ ਤਾਂ ਇਤਿਹਾਸ ਗਵਾਹ ਰਿਹਾ ਹੈ ਕਿ ਸੱਚ ਤੇ ਪਿਆਰ ਦੀ ਹਮੇਸ਼ਾ ਜਿੱਤ ਹੋਈ ਹੈ।ਧਰਤੀ ਉਤੇ ਬਹੁਤ ਸਾਰੇ ਹਤਿਆਰੇ ਅਤੇ ਸਿਤਮਗਰ ਹੋਏ ਤੇ ਲੱਗਿਆ ਕਿ ਉਹ ਜਿੱਤ ਜਾਣਗੇ ਪਰ ਉਹ ਇੱਕ ਦਿਨ ਮਿਟ ਗਏ।“

ਗਾਂਧੀ ਨੂੰ ਸਮਝਨ ਦਾ ਇੱਕ ਜਜ਼ਬਾ ਵੀ ਹੈ ਤੇ ਗਾਂਧੀ ਨੂੰ ਗਾਲ ਕੱਢਣ ਦੀ ਇੱਕ ਰਵਾਇਤ ਵੀ ਹੈ।ਸੰਸਾਰ ਦੇ ਤਮਾਮ ਵੱਡੇ ਫਲਸਫਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਉਹ ਆਪਣੀ ਸਰਜ਼ਮੀਨ ਤੋਂ ਹਮੇਸ਼ਾ ਪਰਾਏ ਹੋਏ ਹਨ ਤੇ ਦੂਸਰੀ ਸਰਜ਼ਮੀਨ ਦੇ ਹਰਮਨ ਪਿਆਰੇ ਬਣੇ ਹਨ।ਕਾਰਲ ਮਾਰਕਸ ਜਰਮਨ 'ਚ ਪੈਦਾ ਹੁੰਦਾ ਹੈ ਦਾਸ ਕੈਪੀਟਲ ਲਿਖਦਾ ਹੈ ਪਰ ਉਹਦੇ ਫਲਸਫੇ ਦੀ ਸਰਜ਼ਮੀਨ ਜਰਮਨ ਨਾ ਹੋਕੇ ਹੋਰ ਦੇਸ਼ ਜ਼ਿਆਦਾ ਹਨ।ਗਾਂਧੀ ਵਿਚਾਰਧਾਰਾ ਨਾਲ ਵੀ ਕੁਝ ਅਜਿਹਾ ਹੀ ਹੈ।ਸਿਨੇਮਾ ਯੂਰੋਪ 'ਚ ਪੈਦਾ ਜ਼ਰੂਰ ਹੋਇਆ ਹੈ ਪਰ ਉਹਦੀ ਅਜੋਕੀ ਹੋਂਦ ਅਮਰੀਕਾ 'ਚ ਵਧੇਰੇ ਪ੍ਰਗਤੀ 'ਚ ਹੈ।ਕ੍ਰਿਕੇਟ ਇੰਗਲੈਂਡ ਦੀ ਦੇਣ ਹੈ, ਹਾਕੀ ਭਾਰਤ ਦੀ ਦੇਣ ਹੈ ਪਰ ਆਪਣਾਪਣ ਦੂਜੀ ਜ਼ਮੀਨ 'ਤੇ ਵਧੇਰੇ ਹੈ।ਅਜਿਹੀਆਂ ਤਮਾਮ ਚੀਜ਼ਾਂ 'ਚ ਜਦੋਂ ਇੱਕ ਪਾਸੇ ਵਾਟਸਨ ਤੇ ਸਿੰਘ ਦੀ ਕਿਤਾਬ ਗਾਂਧੀ-ਅੰਡਰ ਕਰੋਸ ਐਗਜ਼ਿਮਨ ਹਨ ਤਾਂ ਦੂਜੇ ਪਾਸੇ ਬਹੁਤ ਸਾਰੀਆਂ ਕਿਤਾਬਾਂ ਗਾਂਧੀ ਹੱਕ ਦੀਆਂ ਵੀ ਹਨ।ਗਾਂਧੀ ਸਿੱਖਾਂ ਦੀ ਨਜ਼ਰ 'ਚ ਅਪਰਾਧੀ ਹੈ ਇਸ ਤੋਂ ਮੁਨਕਰ ਵੀ ਨਹੀਂ ਹੋਇਆ ਜਾ ਸਕਦਾ।ਫਿਲਸਾਜ਼ਾਂ ਦੀ ਨਜ਼ਰ ਤੋਂ ਗਾਂਧੀ ਦਾ ਪੱਖ ਸਿਰਫ ਰਿਚਰਡ ਐਟਨਬਰੋ ਦੀ ਫਿਲਮ ਨਹੀਂ ਤੈਅ ਕਰਦੀ। ਇਸ ਲਈ ਲਗੇ ਰਹੋ ਮੁੰਨਾਬਾਈ,ਹੇ ਰਾਮ,ਰੋਡ ਟੂ ਸੰਗਮ,ਦੀ ਮੇਕਿੰਗ ਆਫ ਦੀ ਮਹਾਤਮਾ,ਗਾਂਧੀ ਮਾਈ ਫਾਦਰ ਵਰਗੀ ਤਮਾਮ ਫਿਲਮਾਂ ਅਧਿਐਨ 'ਚ ਲਿਆਉਣੀਆਂ ਪੈਣਗੀਆਂ।ਪਰ ਵਿਚਾਰਧਾਰਾ ਦੇ ਕੁਝ ਚੰਗੇ ਅੰਸ਼ ਅਜੋਕੀ ਨਿਊਕਲੀਅਰ ਬੰਬਾਂ ਦੀ ਦੁਨੀਆਂ 'ਚ ਵਿਚਾਰਨਯੋਗ ਤਾਂ ਬਣਦੇ ਹਨ। 
ਹਰਪ੍ਰੀਤ ਸਿੰਘ ਕਾਹਲੋਂ


Baljeet Kaur

Content Editor

Related News