ਮਹਾਰਾਜਾ ਰਿਪੁਦਮਨ ਸਿੰਘ ਨੇ ਨਹੀਂ ਝੱਲੀ ਸੀ ਤਾਜਪੋਸ਼ੀ ਅੰਗਰੇਜ਼ਾਂ ਦੀ ਧੌਂਸ

Wednesday, Feb 26, 2020 - 11:21 AM (IST)

ਨਾਭਾ (ਜੈਨ) - ਸੰਨ 1755 ’ਚ ਅਬਾਦ ਹੋਈ ਇਸ ਰਿਆਸਤੀ ਨਗਰੀ ’ਚ ਜਿਥੇ ਮਹਾਰਾਜਾ ਹੀਰਾ ਸਿੰਘ ਦਰਵੇਸ਼ ਅਤੇ ਕੁਸ਼ਲ ਪ੍ਰਸ਼ਾਸਕ ਸਨ, ਉਥੇ ਮਹਾਰਾਜਾ ਰਿਪੁਦਮਨ ਸਿੰਘ ਮਹਾਨ ਦੇਸ਼-ਭਗਤ ਸਨ। ਮਹਾਰਾਜਾ ਰਿਪੁਦਮਨ ਸਿੰਘ ’ਤੇ ਸਿੱਖ ਪੰਥ ਦੇ ਮਹਾਨ ਵਿਦਵਾਨ ਅਤੇ ਮਹਾਨ ਸਾਹਿਤਕਾਰ ਭਾਈ ਕਾਨ੍ਹ ਸਿੰਘ ਨਾਭਾ ਦਾ ਵਿਸ਼ੇਸ਼ ਪ੍ਰਭਾਵ ਸੀ। ਆਪ ਪੱਕੇ ਗੁਰਸਿੱਖ ਸਨ। ਇਨ੍ਹਾਂ ਆਪਣੀ ਤਾਜਪੋਸ਼ੀ ਅੰਗਰੇਜ਼ਾਂ ਦੀ ਧੌਂਸ ਨਾ ਝਲਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਪੰਜ ਪਿਆਰਿਆਂ ਤੋਂ ਕਰਵਾਈ ਸੀ। ਜਦੋਂ ਅੰਗਰੇਜ਼ ਹਕੂਮਤ ਦੇ ਗਵਰਨਰ ਜਨਰਲ ਨੇ ਮਹਾਰਾਜਾ ਤੋਂ ਜਵਾਬ-ਤਲਬੀ ਕੀਤੀ ਕਿ ਤੁਸੀਂ ਆਪਣੀ ਤਾਜਪੋਸ਼ੀ ਅੰਗਰੇਜ਼ ਗਵਰਨਰ ਸਾਹਮਣੇ ਕਿਉਂ ਨਹੀਂ ਕੀਤੀ? ਤਾਂ ਮਹਾਰਾਜਾ ਦਾ ਜਵਾਬ ਸੀ ਕਿ ਅੰਗਰੇਜ਼ਾਂ ਦਾ ਮੇਰੀ ਤਾਜਪੋਸ਼ੀ ਨਾਲ ਕੀ ਸਬੰਧ ਹੈ? ਰਾਜ-ਭਾਗ ਸਾਨੂੰ ਸਾਡੇ ਗੁਰੂਆਂ ਦੀ ਬਖਸ਼ਿਸ਼ ਹੈ। ਮਹਾਰਾਜਾ ਦੇ ਇਹ ਬਾਗੀ ਤੇਵਰ ਅੰਗਰੇਜ਼ਾਂ ਦੇ ਕਿਵੇਂ ਗਲੋਂ ਹੇਠਾਂ ਉੱਤਰ ਸਕਦੇ ਸਨ? ਮਹਾਰਾਜਾ ਰਿਪੁਦਮਨ ਸਿੰਘ ਅੰਗਰੇਜ਼ਾਂ ਨੂੰ ਦਿਲੋਂ ਨਫਰਤ ਕਰਦੇ ਸਨ। ਉਹ ਨਹੀਂ ਚਾਹੁੰਦੇ ਸਨ ਕਿ ਅੰਗਰੇਜ਼ ਸਾਡੇ ਰਾਜ-ਭਾਗ ’ਚ ਦਖਲ ਦੇਣ। ਨਾ ਹੀ ਮਹਾਰਾਜਾ ਅੰਗਰੇਜ਼ਾਂ ਨੂੰ ਸਲਾਮ ਕਰਦੇ ਸਨ। ਸਿੱਖ ਮੈਰਿਜ ਐਕਟ ਇਨ੍ਹਾਂ ਦੀ ਬਦੌਲਤ ਲਾਗੂ ਹੋ ਸਕਿਆ। ਅੰਗਰੇਜ਼ਾਂ ਦੇ ਵਿਰੋਧੀ ਹੋਣ ਕਾਰਣ ਮਹਾਰਾਜਾ ਰਿਪੁਦਮਨ ਸਿੰਘ ਨੂੰ ਜਲਾਵਤਨ ਕੀਤਾ ਗਿਆ ਸੀ।

PunjabKesari

ਨਾਭਾ ਰਿਆਸਤ ਦੇ ਅੰਤਿਮ ਮਹਾਰਾਜਾ ਪ੍ਰਤਾਪ ਸਿੰਘ ਨੇ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਪਟੇਲ ਦੀ ਅਪੀਲ ’ਤੇ ਰਿਆਸਤ ਨੂੰ ਭਾਰਤ ’ਚ ਸ਼ਾਮਲ ਕੀਤਾ ਸੀ। ਅਰਬਾਂ ਰੁਪਏ ਦੀ ਜਾਇਦਾਦ ਸਰਕਾਰ ਨੂੰ ਦੇ ਦਿੱਤੀ ਸੀ ਪਰ ਦੇਸ਼ ਦੀ ਅਜ਼ਾਦੀ ਮਗਰੋਂ ਨਾਭਾ ਦੀ ਇਤਿਹਾਸਕ ਮਹੱਤਤਾ ਘਟਦੀ ਗਈ। ਵਿਕਾਸ ਦੀ ਥਾਂ ਵਿਨਾਸ਼ ਹੋਇਆ। ਇਥੋਂ ਦੇ ਵਿਧਾਇਕ ਜਨਰਲ ਸ਼ਿਵਦੇਵ ਸਿੰਘ, ਗੁਰਦਰਸ਼ਨ ਸਿੰਘ ਅਤੇ ਰਾਜਾ ਨਰਿੰਦਰ ਸਿੰਘ 6 ਵਾਰੀ ਮਹੱਤਵਪੂਰਣ ਵਿਭਾਗਾਂ ਦੇ ਕੈਬਨਿਟ ਮੰਤਰੀ ਰਹੇ। ਹੁਣ ਮੌਜੂਦਾ ਵਿਧਾਇਕ ਸਾਧੂ ਸਿੰਘ ਧਰਮਸੌਤ ਵੀ ਕੈਬਨਿਟ ਵਜ਼ੀਰ ਹਨ। ਕੇਂਦਰੀ ਸਰਕਾਰ ’ਚ ਇਥੋਂ ਦੇ ਲੋਕ ਸਭਾ ਮੈਂਬਰ ਬੂਟਾ ਸਿੰਘ ਡਿਪਟੀ ਰੇਲਵੇ ਮੰਤਰੀ, ਖੇਡ ਵਜ਼ੀਰ ਅਤੇ ਗ੍ਰਹਿ ਮੰਤਰੀ ਰਹੇ। ਮਹਾਰਾਣੀ ਪ੍ਰਨੀਤ ਕੌਰ 5 ਸਾਲ ਕੇਂਦਰੀ ਵਿਦੇਸ਼ ਰਾਜ ਮੰਤਰੀ ਰਹੇ। ਕਿਸੇ ਵੀ ਐੱਮ. ਪੀ./ਵਿਧਾਇਕ ਨੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਨਹੀਂ ਕੀਤਾ। ਡਾ. ਧਰਮਵੀਰ ਗਾਂਧੀ ਨੇ ਐੱਮ. ਪੀ. ਬਣ ਕੇ ਆਪਣੇ ਫੰਡਾਂ ’ਚੋਂ ਸ਼ਹਿਰ ਲਈ ਫਾਇਰ ਬ੍ਰਿਗੇਡ ਗੱਡੀ ਮੁਹੱਈਆ ਕਰਵਾਈ ਜਦੋਂ ਇਸ ਨਗਰੀ ਦੇ ਜੰਮਪਲ ਨਵਜੋਤ ਸਿੱਧੂ (ਜਿਨ੍ਹਾਂ ਦਾ ਬਚਪਨ ਬੇਦੀਆਂ ਸਟਰੀਟ ਨਾਭਾ ’ਚ ਬਤੀਤ ਹੋਇਆ) ਨੇ ਫਾਇਰ ਬ੍ਰਿਗੇਡ ਇੰਜਣ ਦਿੱਤਾ। ਬੇਅੰਤ ਸਿੰਘ ਸਰਕਾਰ ਨੇ ਅਮਲੋਹ ਅਤੇ ਮੰਡੀ ਗੋਬਿੰਦਗੜ੍ਹ ਕਸਬੇ ’ਚ ਸਬ-ਡਵੀਜ਼ਨ ’ਚੋਂ ਕੱਟ ਕੇ ਨਵਾਂ ਜ਼ਿਲਾ ਬਣਾਇਆ ਸੀ। ਜਥੇ. ਗੁਰਚਰਨ ਸਿੰਘ ਟੌਹੜਾ ਦਾ ਬਚਪਨ ਇਥੇ ਬਤੀਤ ਹੋਇਆ।

ਇਥੇ ਬਚਪਨ ਬਤੀਤ ਕਰਨ ਵਾਲੇ ਸੁਰਜੀਤ ਸਿੰਘ ਬਰਨਾਲਾ ਸਿੱਖਿਆ ਮੰਤਰੀ, ਮੁੱਖ ਮੰਤਰੀ, ਕੇਂਦਰੀ ਮੰਤਰੀ ਅਤੇ ਗਵਰਨਰ ਬਣੇ। ਪ੍ਰਤਾਪ ਸਿੰਘ ਬਾਜਵਾ ਨੇ ਬਚਪਨ ਦੇ 8 ਵਰ੍ਹੇ ਇਥੇ ਬਤੀਤ ਕੀਤੇ। ਲੋਕ ਨਿਰਮਾਣ ਮੰਤਰੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਐੱਮ. ਪੀ. ਬਣੇ। ਹਰਮੇਲ ਸਿੰਘ ਟੌਹੜਾ ਲੋਕ ਨਿਰਮਾਣ ਮੰਤਰੀ ਬਣੇ। ਜਗਮੀਤ ਬਰਾੜ ਪਾਵਰਫੁੱਲ ਆਗੂ ਅਤੇ ਐੱਮ. ਪੀ. ਬਣੇ। ਜਨਰਲ ਬਿਕਰਮ ਸਿੰਘ ਆਰਮੀ ਚੀਫ ਬਣੇ। ਪੰਡਤ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਸੰਜੇ ਗਾਂਧੀ, ਰਾਜੀਵ ਗਾਂਧੀ, ਮੇਨਕਾ ਗਾਂਧੀ, ਚੰਦਰ ਸ਼ੇਖਰ, ਮੁਰਲੀ ਮਨੋਹਰ ਜੋਸ਼ੀ, ਸੁਸ਼ਮਾ ਸਵਰਾਜ, ਗਿਆਨੀ ਜ਼ੈਲ ਸਿੰਘ (ਮੁੱਖ ਮੰਤਰੀ ਅਤੇ ਰਾਸ਼ਟਰਪਤੀ ਵਜੋਂ), ਡਾ. ਪ੍ਰਤਿਭਾ ਪਾਟਿਲ (ਰਾਸ਼ਟਰਪਤੀ ਵਜੋਂ), ਡਾ. ਰਾਜਿੰਦਰ ਪ੍ਰਸਾਦ (ਰਾਸ਼ਟਰਪਤੀ ਬਣ ਕੇ) ਇਥੇ ਆਉਂਦੇ ਰਹੇ। ਰਿਆਸਤੀ ਨਗਰੀ ਵਿਚ ਨਾ ਹੀ ਕੋਈ ਵੱਡੀ ਇੰਡਸਟਰੀ ਲੱਗੀ ਅਤੇ ਨਾ ਹੀ ਸੀਵਰੇਜ ਪੈ ਸਕਿਆ।

ਪਿਛਲੇ 75 ਸਾਲਾਂ ਦੌਰਾਨ ਸ਼ਹਿਰ ’ਚੋਂ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਹੋ ਸਕਿਆ। ਕਰੋਡ਼ਾਂ ਰੁਪਏ ਦੀਆਂ ਸਰਕਾਰੀ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਹੋਏ। 17 ਸਾਲ ਪਹਿਲਾਂ ਕੈ. ਅਮਰਿੰਦਰ ਸਿੰਘ ਨੇ ਦੁਲੱਦੀ ਗੇਟ ਵਿਖੇ ਰਾਜੀਵ ਗਾਂਧੀ ਪਾਰਕ ਬਣਾਇਆ ਸੀ, ਜੋ ਪਿਛਲੇ ਸਾਲ ਖੰਡਰ ਬਣਾ ਦਿੱਤਾ ਗਿਆ। ਮੁੱਖ ਮੰਤਰੀ ਦਾ ਰੱਖਿਆ ਪੱਥਰ ਗਾਇਬ ਹੈ। ਰਾਜੀਵ ਗਾਂਧੀ ਦਾ ਬੁੱਤ ਇਥੋਂ ਚੁੱਕ ਕੇ ਚਾਚਾ ਨਹਿਰੂ ਪਾਰਕ ਨੇੜੇ ਲਾ ਦਿੱਤਾ ਗਿਆ। ਦੋਵੇਂ ਪਾਰਕ ਚਾਚਾ ਨਹਿਰੂ ਚਿਲਡਰਨ ਪਾਰਕ ਅਤੇ ਰਾਜੀਵ ਗਾਂਧੀ ਪਾਰਕਾਂ ਦਾ ਨਾਮੋ-ਨਿਸ਼ਾਨ ਖਤਮ ਕਰ ਦਿੱਤਾ ਗਿਆ। ਵਿਕਾਸ ਦੇ ਦਾਅਵੇ ਵੱਡੇ-ਵੱਡੇ ਕੀਤੇ ਜਾ ਰਹੇ ਹਨ। ਅਸਲੀਅਤ ਕੁਝ ਹੋਰ ਹੀ ਹੈ। ਲੋਕ ਕਹਿੰਦੇ ਸੁਣੇ ਜਾਂਦੇ ਹਨ ਕਿ ਸਿਆਸਤਦਾਨਾਂ ਦੀ ਨਗਰੀ ਨਾਭਾ ਨੂੰ ਅਫਸਰਸ਼ਾਹੀ ਨੇ ਅਣਦੇਖੀ ਕਰ ਕੇ ਪਹਿਲਾਂ ਲਾਵਾਰਸ ਬਣਾਇਆ। ਹੁਣ ਬਰਬਾਦ ਕਰ ਰਹੇ ਹਨ। ਸ਼ਾਹੀ ਕਿਲਾ ਮੁਬਾਰਕ ਇਮਾਰਤ ਵਿਚੋਂ ਲੱਖਾਂ ਦਾ ਸਾਮਾਨ ਗਾਇਬ ਹੋ ਗਿਆ ਹੈ। ਮਹਾਰਾਜਾ ਹੀਰਾ ਸਿੰਘ ਪਾਰਕ ਦੀ ਨੁਹਾਰ ਵੈੱਲਫੇਅਰ ਸੋਸਾਇਟੀ ਨੇ ਬਦਲ ਦਿੱਤੀ ਹੈ।


rajwinder kaur

Content Editor

Related News