ਲਾਸ਼ਾਂ ਦੀ ਅਦਲਾ-ਬਦਲੀ ਦੇ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਸ਼ੁਰੂ

7/22/2020 2:17:48 PM

ਅੰਮ੍ਰਿਤਸਰ (ਦਲਜੀਤ ਸ਼ਰਮਾ) : ਗੁਰੂ ਨਾਨਕ ਦੇਵ ਹਸਪਤਾਲ 'ਚ ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਦੇ ਕੋਰੋਨਾ ਦਾ ਸ਼ਿਕਾਰ ਹੋਏ ਵਿਅਕਤੀਆਂ ਦੀਆਂ ਲਾਸ਼ਾਂ ਦੀ ਹੋਈ ਅਦਲਾ-ਬਦਲੀ ਦੀ ਘਟਨਾ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੈਜਿਸਟ੍ਰੇਟੀ ਜਾਂਚ ਸ਼ੁਰੂ ਕੀਤੀ ਗਈ ਹੈ। ਇਸ ਦੇ ਪਹਿਲੇ ਦਿਨ ਮੰਗਲਵਾਰ ਐੱਸ. ਡੀ. ਐੱਮ. ਸ਼ਿਵਰਾਜ ਸਿੰਘ ਬੱਲ ਨੇ ਉਸ ਦੌਰਾਨ ਡਿਊਟੀ 'ਤੇ ਤਾਇਨਾਤ ਸੀਨੀਅਰ ਡਾਕਟਰਸ, ਜੂਨੀਅਰ ਡਾਕਟਰਸ, ਸਟਾਫ ਨਰਸ, ਮੌਰਚਰੀ ਸਟਾਫ਼ ਅਤੇ ਦਰਜਾ ਚਾਰ ਮੁਲਾਜਮਾਂ ਤੋਂ ਪੁੱਛਗਿਛ ਕੀਤੀ। ਕਰੀਬ ਢਾਈ ਘੰਟੇ ਤਕ ਚੱਲੀ ਜਾਂਚ 'ਚ ਹਸਪਤਾਲ ਪ੍ਰਬੰਧਨ ਵਲੋਂ ਜਾਂਚ ਲਈ ਗਠਿਤ ਕਮੇਟੀ ਦੇ ਲੋਕ ਵੀ ਸ਼ਾਮਲ ਕੀਤੇ ਗਏ। ਐੱਸ. ਡੀ. ਐੱਮ. ਬੱਲ ਜਾਂਚ ਲਈ ਕਰੀਬ ਪੌਣੇ ਇਕ ਵਜੇ ਮੈਡੀਕਲ ਸੁਪਰਡੈਂਟ ਆਫਿਸ ਪੁੱਜੇ ਅਤੇ ਜਾਂਚ ਦਾ ਸਿਲਸਿਲਾ 1 ਵਜੇ ਤੋਂ ਸ਼ੁਰੂ ਕੀਤਾ ਗਿਆ। ਇਸ ਦੌਰਾਨ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਰਮਨ ਸ਼ਰਮਾ, ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਦੇਵਗਨ, ਜਾਂਚ ਕਮੇਟੀ ਦੇ ਡਾ. ਅਵਤਾਰ ਸਿੰਘ ਧੰਜੂ, ਡਿਪਟੀ ਮੈਡੀਕਲ ਸੁਪਰਡੈਂਟ ਡਾ. ਨਰਿੰਦਰ ਅਤੇ ਡਾ. ਹਰਦੀਪ ਸਿੰਘ ਵੀ ਸ਼ਾਮਲ ਹੋਏ। ਬੱਲ ਨੇ ਪਹਿਲਾਂ ਉਸ ਦਿਨ ਡਿਊਟੀ 'ਤੇ ਤਾਇਨਾਤ ਸਟਾਫ ਨਰਸਾਂ ਤੋਂ ਜਾਣਕਾਰੀ ਲਈ, ਇਸ ਤੋਂ ਬਾਅਦ ਰੈਜੀਡੈਂਟ ਡਾਕਟਰਾਂ ਦੀ ਵਾਰੀ ਆਈ। ਇਸ ਤੋਂ ਬਾਅਦ ਉਨ੍ਹਾਂ ਨੇ ਦਰਜਾ ਚਾਰ ਅਤੇ ਮੌਰਚਰੀ ਮੁਲਾਜਮਾਂ ਤੋਂ ਵੀ ਪੁੱਛਗਿਛ ਕੀਤੀ। ਪੁੱਛਗਿਛ ਤੋਂ ਬਾਅਦ ਬੱਲ ਨੇ ਮੌਰਚਰੀ ਦੀ ਵੀ ਜਾਂਚ ਕੀਤੀ।

ਇਹ ਵੀ ਪੜ੍ਹੋ : ਲਾਸ਼ਾਂ ਦੀ ਅਦਲਾ-ਬਦਲੀ ਮਾਮਲੇ 'ਚ 3 ਮੈਂਬਰੀ ਕਮੇਟੀ ਗਠਿਤ

ਇਹ ਸੀ ਮਾਮਲਾ 
ਕੋਰੋਨਾ ਦੇ ਕਾਰਨ ਮੌਤ ਦਾ ਸ਼ਿਕਾਰ ਹੋਈ ਡੈਮਗੰਜ ਇਲਾਕੇ ਦੀ ਔਰਤ ਦੀ ਮ੍ਰਿਤਕ ਦੇਹ ਸਿਹਤ ਮਹਿਕਮੇ ਦੀ ਮਦਦ ਨਾਲ ਹੁਸ਼ਿਆਰਪੁਰ ਤੋਂ ਅੰਮ੍ਰਿਤਸਰ ਲਿਆਂਦਾ ਗਿਆ। ਗਲਤੀ ਕਰਨ ਵਾਲੇ ਗੁਰੂ ਨਾਨਕ ਦੇਵ ਹਸਪਤਾਲ ਪ੍ਰਸ਼ਾਸਨ ਵਲੋਂ ਮ੍ਰਿਤਕ ਦੇਹ ਦੀ ਪਹਿਲਾਂ ਪਰਿਵਾਰ ਵਾਲਿਆਂ ਵਲੋਂ ਹਸਪਤਾਲ ਕੰਪਲੈਕਸ 'ਚ ਪਛਾਣ ਕਰਵਾਈ ਗਈ, ਫਿਰ ਉਨ੍ਹਾਂ ਨੂੰ ਸੌਂਪਿਆ ਗਿਆ, ਉਥੇ ਹੀ ਪੀੜਤ ਪਰਿਵਾਰ ਵਲੋਂ ਹਸਪਤਾਲ ਪ੍ਰਸ਼ਾਸਨ ਦੀ ਨਾਲਾਇਕੀ ਦੀ ਨਿੰਦਾ ਕਰਦੇ ਹੋਏ ਡਾਕਟਰਾਂ 'ਤੇ ਮ੍ਰਿਤਕ  ਦੇ ਗਹਿਣੇ ਚੋਰੀ ਕਰਨ ਦੇ ਦੋਸ਼ ਲਾਏ ਗਏ। ਜਾਣਕਾਰੀ ਅਨੁਸਾਰ ਗੁਰੂ ਨਾਨਕ ਦੇਵ ਹਸਪਤਾਲ ਦੀ ਆਈਸੋਲੇਸ਼ਨ ਵਾਰਡ 'ਚ ਦਾਖਲ ਕੋਰੋਨਾ ਪਾਜ਼ੇਟਿਵ ਡੈਮਗੰਜ ਦੀ ਰਹਿਣ ਵਾਲੀ ਪਦਮਾ ਦੀ ਮ੍ਰਿਤਕ ਦੇਹ 'ਤੇ ਗਲਤ ਟੈਗ ਲੱਗਣ ਦੇ ਕਾਰਨ ਹੁਸ਼ਿਆਰਪੁਰ ਭੇਜ ਦਿੱਤਾ ਗਿਆ ਸੀ ਅਤੇ ਉਸ ਦੌਰਾਨ ਮ੍ਰਿਤਕ ਹੁਸ਼ਿਆਰਪੁਰ ਦੇ ਪ੍ਰੀਤਮ ਸਿੰਘ ਦੀ ਮ੍ਰਿਤਕ ਦੇਹ ਨੂੰ ਪਦਮਾ ਦੇ ਪਰਿਵਾਰ ਨੂੰ ਸੌਂਪੀ ਗਈ ਸੀ ਅਤੇ ਉਨ੍ਹਾਂ ਨੇ ਪ੍ਰੀਤਮ ਦਾ ਸਸਕਾਰ ਵੀ ਕਰ ਦਿੱਤਾ ਸੀ। ਉੱਧਰ, ਪ੍ਰੀਤਮ ਸਿੰਘ ਦੇ ਘਰ ਵਾਲਿਆਂ ਨੇ ਲਾਸ਼ ਨੂੰ ਵੇਖਿਆ ਤਾਂ ਉਹ ਔਰਤ ਨਿਕਲੀ ਅਤੇ ਫਿਰ ਵਿਵਾਦ ਖੜ੍ਹਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਪ੍ਰੀਤਮ ਦੇ ਪਰਿਵਾਰਿਕ ਮੈਬਰਾਂ ਵਲੋਂ ਪਦਮਾ ਦੀ ਮ੍ਰਿਤਕ ਦੇਹ ਤੋਂ ਮਨਾ ਕਰ ਦਿੱਤਾ ਗਿਆ ਕਿਉਂਕਿ ਅਸਲ ਪ੍ਰਸ਼ਾਸਨ ਵਲੋਂ ਕੀਤੀ ਗਈ ਲਾਪਰਵਾਹੀ ਨੂੰ ਲੈ ਕੇ ਉਨ੍ਹਾਂ 'ਚ ਭਾਰੀ ਰੋਸ ਸੀ ਪਰ ਹੁਸ਼ਿਆਰਪੁਰ ਪ੍ਰਸ਼ਾਸਨ ਵਲੋਂ ਪਰਿਵਾਰਿਕ ਮੈਬਰਾਂ ਨੂੰ ਭਰੋਸੇ 'ਚ ਲੈਂਦੇ ਹੋਏ ਪਦਮਾ ਦੀ ਮ੍ਰਿਤਕ ਦੇਹ ਅੰਮ੍ਰਿਤਸਰ ਲਿਆਂਦੀ ਗਈ।

ਇਹ ਵੀ ਪੜ੍ਹੋ : ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਾਈਕੋਰਟ ਨੇ ਭੇਜਿਆ ਨੋਟਿਸ


Anuradha

Content Editor Anuradha