ਇੰਗਲੈਂਡ ਗਏ ਪਰਿਵਾਰ ਦੇ ਘਰ ਨੂੰ ਚੋਰਾਂ ਬਣਾਇਆ ਨਿਸ਼ਾਨਾ
Wednesday, Jul 25, 2018 - 06:56 AM (IST)
ਤਰਨਤਾਰਨ, (ਰਮਨ)- ਸਥਾਨਕ ਸ਼ਹਿਰ ਦੀ ਛੱਪਡ਼ ਵਾਲੀ ਗਲੀ ਨੇਡ਼ੇ ਇਕ ਬੰਦ ਪਏ ਘਰ ’ਚ ਕੁਝ ਚੋਰਾਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦਾ ਸਮਾਚਾਰ ਹੈ। ਇਸ ਹੋਈ ਚੋਰੀ ਨਾਲ ਕਾਫੀ ਨੁਕਸਾਨ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਘਟਾਨ ਦਾ ਪਤਾ ਲੱਗਦੇ ਹੀ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਚੰਦਰ ਭੂਸ਼ਣ ਨੇ ਮੌਕੇ ’ਤੇ ਏ. ਐੱਸ. ਆਈ. ਸਰਬਜੀਤ ਸਿੰਘ ਨੂੰ ਭੇਜ ਕੇ ਜਾਂਚ ਸ਼ੁਰੂ ਕਰਵਾਈ।
ਜਾਣਕਾਰੀ ਦਿੰਦੇ ਹੋਏ ਹਰਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਢੋਟੀਆਂ ਨੇ ਥਾਣਾ ਸਿਟੀ ਨੂੰ ਦਿੱਤੀ ਦਰਖਾਸਤ ’ਚ ਦੱਸਿਆ ਕਿ ਉਸ ਦਾ ਸਕਾ ਭਰਾ ਕੁਲਦੀਪ ਸਿੰਘ ਅਤੇ ਉਸ ਦੀ ਪਤਨੀ ਕੁਲਜੀਤ ਕੌਰ ਪਿਛਲੇ ਕਾਫੀ ਸਮੇਂ ਤੋਂ ਇੰਗਲੈਂਡ ’ਚ ਆਪਣੇ ਪਰਿਵਾਰ ਨਾਲ ਰਹਿ ਰਹੇ ਹਨ, ਜਿਨ੍ਹਾਂ ਦਾ ਮਕਾਨ ਸਰਕੂਲਰ ਰੋਡ, ਗਲੀ ਛੱਪਡ਼ ਵਾਲੀ ਵਿਖੇ ਮੌਜੂਦ ਹੈ, ਜਿਸ ਦੀਆਂ ਚਾਬੀਆਂ ਉਨ੍ਹਾਂ ਕੋਲ ਹਨ। ਹਰਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਅੱਜ ਇਸ ਘਰ ਨੂੰ ਝਾਤੀ ਮਾਰੀ ਤਾਂ ਇਸ ’ਤੇ ਲੱਗਾ ਤਾਲਾ ਬਦਲਿਆ ਹੋਇਆ ਸੀ, ਜਿਸ ਦੌਰਾਨ ਉਸ ਨੇ ਤੁਰੰਤ ਉਸ ਤਾਲੇ ਨੂੰ ਤੋਡ਼ ਅੰਦਰ ਜਾ ਕੇ ਵੇਖਿਆ ਤਾਂ ਸਾਰਾ ਸਾਮਾਨ ਖਿਲਰਿਆ ਪਿਆ ਸੀ। ਅਲਮਾਰੀਆਂ ਦੇ ਤਾਲੇ ਟੁੱਟੇ ਪਏ ਸਨ, ਘਰ ’ਚ ਮੌਜੂਦ ਬੈੱਡ, ਪੇਟੀਆਂ, ਟਰੰਕਾਂ ਦਾ ਸਾਮਾਨ ਖਿਲਰਿਅਾ ਹੋਇਆ ਸੀ।
ਉਸ ਨੇ ਦੱਸਿਆ ਕਿ ਚੋਰਾਂ ਵੱਲੋਂ ਘਰ ’ਚੋਂ 3 ਤੋਲੇ ਸੋਨਾ, ਇਕ ਮਹਿੰਗਾ ਸਾਮਾਨ ਸਮੇਤ ਅਟੈਚੀ, 3 ਵਿਦੇਸ਼ੀ ਘਡ਼ੀਆਂ, ਮੂਵੀ ਕੈਮਰਾ, ਐੱਲ. ਸੀ. ਡੀ., ਇਨਵਰਟਰ, ਬੈਟਰਾ, ਕੁਝ ਭਾਂਡਿਅਾਂ ਤੋਂ ਇਲਾਵਾ ਇਕ ਜ਼ਰੂਰੀ ਫਾਈਲ, ਜਿਸ ’ਚ ਗੈਸ ਦੀ ਕਾਪੀ, ਬੈਂਕ ਖਾਤੇ ਦੀ ਕਾਪੀ ਤੋਂ ਇਲਾਵਾ ਵਿਦੇਸ਼ ਨਾਲ ਸਬੰਧਤ ਜ਼ਰੂਰੀ ਕਾਗਜ਼ਾਤ ਮੌਜੂਦ ਸਨ, ਚੋਰੀ ਕਰ ਕੇ ਲੈ ਗਏ। ਹਰਜੀਤ ਸਿੰਘ ਅਤੇ ਉਸ ਦੇ ਦੋਸਤ ਅੰਗਰੇਜ਼ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਚੋਰੀ ਕਰਨ ਤੋਂ ਬਾਅਦ ਘਰ ਨੂੰ ਦੋਬਾਰਾ ਨਵਾਂ ਤਾਲਾ ਲਾ ਦਿੱਤਾ ਤਾਂ ਜੋ ਕਿਸੇ ਨੂੰ ਕੋਈ ਛੱਕ ਨਾ ਪੈ ਸਕੇ। ਇਸ ਸਬੰਧੀ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਚੰਦਰ ਭੂਸ਼ਣ ਨੇ ਦੱਸਿਆ ਕਿ ਚੋਰੀ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
