ਪੰਜਾਬ 'ਚ 59 ਸੀਟਾਂ ਲੈਣ 'ਤੇ ਅੜੇ 'ਮਿੱਤਲ', ਕਿਹਾ ਜੋ ਵੱਧ ਜਿੱਤੇਗਾ, ਉਹੀ ਮੁੱਖ ਮੰਤਰੀ

02/14/2020 12:21:19 PM

ਚੰਡੀਗੜ੍ਹ (ਰਮਨਦੀਪ ਸੋਢੀ) : ਪੰਜਾਬ ਦੇ ਸਾਬਕਾ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਮਦਨ ਮੋਹਨ ਮਿੱਤਲ ਦਾ ਮੰਨਣਾ ਹੈ ਕਿ ਭਾਜਪਾ ਨੂੰ ਹੁਣ ਸੂਬੇ 'ਚ ਵੱਡੇ ਭਰਾ ਦੀ ਭੂਮਿਕਾ 'ਚ ਆਉਣਾ ਚਾਹੀਦਾ ਹੈ, ਜਿਸ ਦੇ ਲਈ ਉਨ੍ਹਾਂ ਨੇ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਸੀਟਾਂ ਦੀ ਬਰਾਬਰ ਵੰਡ ਹੋਣ ਦੀ ਗੱਲ ਕਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੂਬੇ 'ਚ ਵਿਧਾਨ ਸਭਾ ਦੀਆਂ 117 ਸੀਟਾਂ 'ਚੋਂ ਭਾਜਪਾ ਕੋਲ 59 ਅਤੇ ਅਕਾਲੀ ਦਲ ਕੋਲ 58 ਸੀਟਾਂ ਹੋਣੀਆਂ ਚਾਹੀਦੀਆਂ ਹਨ।

ਮਦਨ ਮੋਹਨ ਮਿੱਤਲ ਨੇ ਇਸ ਦਾ ਕਾਰਨ ਦੱਸਦਿਆਂ ਕਿਹਾ ਕਿ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕੱਦ ਬਹੁਤ ਵੱਡਾ ਸੀ, ਜਿਸ ਕਾਰਨ ਅਕਾਲੀ ਦਲ ਕੋਲ ਜ਼ਿਆਦਾ ਸੀਟਾਂ ਹੁੰਦੀਆਂ ਸਨ ਪਰ ਹੁਣ ਅਕਾਲੀ ਦਲ ਦੀ ਸਾਰੀ ਕਮਾਨ ਸੁਖਬੀਰ ਬਾਦਲ ਦੇ ਹੱਥਾਂ 'ਚ ਹੈ ਅਤੇ ਸੁਖਬੀਰ ਬਾਦਲ ਤਾਂ ਖੁਦ ਉਨ੍ਹਾਂ ਲਈ ਬੱਚਾ ਹੈ, ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ 'ਚ ਭਾਜਪਾ ਵੱਡੇ ਭਰਾ ਦੀ ਭੂਮਿਕਾ ਨਿਭਾਵੇ।

ਉਨ੍ਹਾਂ ਕਿਹਾ ਕਿ ਜਿਹੜਾ ਵੱਧ ਜਿੱਤੇਗਾ, ਉਸ ਪਾਰਟੀ ਵਲੋਂ ਹੀ ਮੁੱਖ ਮੰਤਰੀ ਬਣਾਇਆ ਜਾਵੇਗਾ। ਮਦਨ ਮੋਹਨ ਮਿੱਤਲ ਨੇ ਕਿਹਾ ਕਿ ਬੀਤੇ ਸਮੇਂ ਦੌਰਾਨ ਪੰਜਾਬ 'ਚ ਬੇਅਦਬੀ ਦੀਆਂ ਘਟਨਾਵਾਂ ਅਤੇ ਪੁਲਸ ਫਾਇਰਿੰਗ ਕਾਰਨ ਅਕਾਲੀ ਦਲ ਨੂੰ ਬਹੁਤ ਨੁਕਸਾਨ ਹੋਇਆ ਹੈ, ਹਾਲਾਂਕਿ ਇਸ 'ਚ ਬਾਦਲਾਂ ਦਾ ਕੋਈ ਹੱਥ ਨਹੀਂ ਹੈ।
ਵੱਡੇ ਸ਼ਹਿਰਾਂ 'ਚ ਭਾਜਪਾ ਕੋਲ ਕੋਈ ਵੀ ਸੀਟ ਨਹੀਂ
ਮਦਨ ਮੋਹਨ ਮਿੱਤਲ ਨੇ ਕਿਹਾ ਕਿ ਪੰਜਾਬ ਦੇ ਵੱਡੇ ਸ਼ਹਿਰਾਂ ਜਿਵੇਂ ਕਿ ਫਰੀਦਕੋਟ, ਮੁਕਤਸਰ, ਸੰਗਰੂਰ ਅਤੇ ਮਾਨਸਾ ਵਰਗੇ ਵੱਡੇ ਸ਼ਹਿਰਾਂ 'ਚ ਭਾਜਪਾ ਦੀ ਕੋਈ ਵੀ ਸੀਟ ਨਹੀਂ ਹੈ, ਜਿਸ ਕਾਰਨ ਉਨ੍ਹਾਂ ਨੂੰ ਜ਼ਿਆਦਾ ਸੀਟਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਜਪਾ ਘੱਟ ਗਿਣਤੀਆਂ ਦੇ ਖਿਲਾਫ ਨਹੀਂ ਹੈ, ਸਗੋਂ ਹਿੰਦੂ, ਸਿੱਖ ਅਤੇ ਦਲਿਤਾਂ ਨੂੰ ਬਰਾਬਰ ਦਾ ਮੌਕਾ ਦੇਵੇਗੀ। ਮਦਨ ਮੋਹਨ ਮਿੱਤਲ ਨੇ ਇਹ ਵੀ ਕਿਹਾ ਕਿ ਸਿੱਖਾਂ 'ਚ ਭਰਮ ਹੈ ਕਿ ਭਾਜਪਾ ਐੱਸ. ਜੀ. ਪੀ. ਸੀ. ਨੂੰ ਆਪਣੇ ਕਬਜ਼ੇ 'ਚ ਲੈਣਾ ਚਾਹੁੰਦੀ ਹੈ, ਜਦੋਂ ਕਿ ਅਜਿਹਾ ਕੁਝ ਨਹੀਂ ਹੈ, ਸਗੋਂ ਭਾਜਪਾ ਸਭ ਨੂੰ ਨਾਲ ਲੈ ਕੇ ਚੱਲੇਗੀ।


Babita

Content Editor

Related News