ਜ਼ਮੀਨਦੋਜ਼ ਗੈਸ ਪਾਈਪਾਂ ਪਾਉਣ ਵਾਲੀ ਕੰਪਨੀ ਅੱਗੇ ਨਗਰ ਕੌਂਸਲ ‘ਬੇਵੱਸ’!

Tuesday, May 24, 2022 - 04:09 PM (IST)

ਜ਼ਮੀਨਦੋਜ਼ ਗੈਸ ਪਾਈਪਾਂ ਪਾਉਣ ਵਾਲੀ ਕੰਪਨੀ ਅੱਗੇ ਨਗਰ ਕੌਂਸਲ ‘ਬੇਵੱਸ’!

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਸ਼ਹਿਰ 'ਚ ਪਿਛਲੇ ਕੁੱਝ ਮਹੀਨਿਆਂ ਤੋਂ ਜਮੀਨਦੋਜ਼ ਪਾਈਪਾਂ ਵਿਛਾਉਣ ਵਾਲੀ ਗੈਸ ਕੰਪਨੀ ਵੱਲੋਂ ਥਾਂ-ਥਾਂ ਤੋਂ ਪੁੱਟੀਆਂ ਸੜਕਾਂ ਕਾਰਨ ਲੋਕ ਪਰੇਸ਼ਾਨ ਹਨ ਅਤੇ ਸ਼ਹਿਰ ਵਾਸੀਆਂ ਵੱਲੋਂ ਆਪਣੀ ਪਰੇਸ਼ਾਨੀ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਦੱਸਣ ਦੇ ਬਾਵਜੂਦ ਵੀ ਕੋਈ ਸੁਧਾਰ ਨਹੀਂ ਹੋ ਰਿਹਾ, ਜਿਸ ਕਾਰਨ ਲੋਕਾਂ ਦੇ ਮਨਾਂ ਵਿਚ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ ਕਿ ਨਗਰ ਕੌਂਸਲ ਦੀ ਅਜਿਹੀ ਕਿਹੜੀ ਮਜਬੂਰੀ ਹੈ ਕਿ ਉਹ ਇਸ ਕੰਪਨੀ ਅੱਗੇ ਬੇਵੱਸ ਹੈ? ਮਾਛੀਵਾੜਾ ਸ਼ਹਿਰ ਦੇ ਵਿਕਾਸ ਕਾਰਜਾਂ ਦੇ ਨਾਮ ’ਤੇ ਸਾਰੀਆਂ ਹੀ ਗਲੀਆਂ ’ਚ ਇੰਟਰਲਾਕ ਟਾਈਲਾਂ, ਸੀ. ਸੀ. ਫਲੋਰਿੰਗ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਸੀ ਪਰ ਜਦੋਂ ਤੋਂ ਇੱਕ ਵੱਡੇ ਕਾਰਪੋਰੇਸਟ ਘਰਾਣੇ ਦੀ ‘ਥਿੰਕ ਗੈਸ’ ਨਾਮ ਦੀ ਗੈਸ ਕੰਪਨੀ ਨੇ ਜਮੀਨਦੋਜ਼ ਪਾਈਪਾਂ ਵਿਛਾਉਣ ਦਾ ਕੰਮ ਸ਼ੁਰੂ ਕੀਤਾ ਹੈ, ਉਸ ਦਿਨ ਤੋਂ ਸ਼ਹਿਰ ਦੀਆਂ ਸਾਰੀਆਂ ਗਲੀਆਂ ਪੁੱਟ ਦਿੱਤੀਆਂ। ਇੱਥੋਂ ਤੱਕ ਪਾਈਪਾਂ ਵਿਛਾਉਣ ਦਾ ਕੰਮ ਮੁਕੰਮਲ ਕਰਨ ਤੋਂ ਬਾਅਦ ਮਿੱਟੀ, ਟਾਈਲਾਂ ਤੇ ਮਲਬਾ ਸੜਕਾਂ ’ਤੇ ਹੀ ਖਿੱਲਰਿਆ ਪਿਆ ਹੈ, ਜੋ ਕਿ ਲੋਕਾਂ ਲਈ ਹਾਦਸੇ ਦਾ ਕਾਰਨ ਬਣਿਆ ਪਿਆ ਹੈ। ਗੈਸ ਕੰਪਨੀ ਦੀ ਇਸ ਲਾਪਰਵਾਹੀ ਸਬੰਧੀ ਨਗਰ ਕੌਂਸਲ ਮਾਛੀਵਾੜਾ ਨੂੰ ਸ਼ਹਿਰ ਵਾਸੀਆਂ ਨੇ ਕਈ ਵਾਰ ਗੁਹਾਰ ਲਗਾਈ ਕਿ ਕੰਪਨੀ ਦੇ ਨੁਮਾਇੰਦਿਆਂ ਨੂੰ ਸਖ਼ਤ ਤਾੜਨਾ ਦਿੱਤੀ ਜਾਵੇ ਕਿ ਪਾਈਪਾਂ ਵਿਛਾਉਣ ਤੋਂ ਬਾਅਦ ਤੁਰੰਤ ਸੜਕ ਦਾ ਮਲਬਾ ਹਟਾ ਕੇ ਸੜਕ ਦੀ ਮੁਰੰਮਤ ਕੀਤੀ ਜਾਵੇ ਪਰ ਅਧਿਕਾਰੀਆਂ ਵੱਲੋਂ ਸਿਰਫ ਕੰਪਨੀ ਨੂੰ ਪੱਤਰ ਕੱਢ ਕੇ ਖਾਨਾਪੂਰਤੀ ਕਰ ਦਿੱਤੀ ਗਈ ਅਤੇ ਕੰਪਨੀ ਵੱਲੋਂ ਆਪਣੀਆਂ ਮਨਮਾਨੀਆਂ ਜਾਰੀ ਰੱਖੀਆਂ ਗਈਆਂ। ਸ਼ਹਿਰ ਵਾਸੀਆਂ ਦੇ ਮਨਾਂ ਵਿਚ ਇਹ ਸਵਾਲ ਉੱਭਰ ਰਿਹਾ ਹੈ ਕਿ ਨਗਰ ਕੌਂਸਲ ਦੀ ਅਜਿਹੀ ਕੀ ਮਜਬੂਰੀ ਹੈ ਕਿ ਉਹ ਲੋਕਾਂ ਦੀ ਪਰੇਸ਼ਾਨੀ ਨੂੰ ਅਣਗੌਲਿਆਂ ਕਰ ਕੰਪਨੀ ਦੀਆਂ ਮਨਮਾਨੀਆਂ ਨੂੰ ਸਹਿਣ ਕਰ ਰਹੀ ਹੈ ਅਤੇ ਕਈ ਮਹੀਨੇ ਤੋਂ ਪੁੱਟੀਆਂ ਸੜਕਾਂ ਨੂੰ ਮੁਰੰਮਤ ਕਰਵਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਜਾ ਰਹੀ। ਕੁੱਝ ਦਿਨ ਪਹਿਲਾਂ ਹੋਈ ਨਗਰ ਕੌਂਸਲ ਦੀ ਮੀਟਿੰਗ ਵਿਚ ਵੀ ਪੁੱਜੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਅੱਗੇ ਸਮੂਹ ਕੌਂਸਲਰਾਂ ਨੇ ਇਸ ਕੰਪਨੀ ਵੱਲੋਂ ਥਾਂ-ਥਾਂ ਪੁੱਟੀਆਂ ਸੜਕਾਂ ਅਤੇ ਮੁਰੰਮਤ ਨਾ ਹੋਣ ਕਾਰਨ ਲੋਕਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਦਾ ਮੁੱਦਾ ਚੁੱਕਿਆ ਸੀ ਪਰ ਕੰਪਨੀ ਨੇ ਆਪਣੇ ਕਾਰਜਾਂ ’ਚ ਕੋਈ ਸੁਧਾਰ ਨਾ ਕੀਤਾ, ਜਿਸ ਕਾਰਨ ਨਾ ਹੀ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਹੋਇਆ, ਨਾ ਥਾਂ-ਥਾਂ ਖਿੱਲਰਿਆ ਮਲਬਾ ਚੁੱਕਿਆ ਗਿਆ ਅਤੇ ਜੇਕਰ ਹਾਲਾਤ ਇਹੀ ਰਹੇ ਤਾਂ ਬਾਰਸ਼ਾਂ ਦੇ ਦਿਨਾਂ ’ਚ ਕੰਪਨੀ ਦੀਆਂ ਮਨਮਾਨੀਆਂ ਕਾਰਨ ਕੋਈ ਹਾਦਸਾ ਵੀ ਵਾਪਰ ਸਕਦਾ ਹੈ।
 ਇੱਕ ਸੜਕ ਕੀਤੀ ਮੁਰੰਮਤ, ਉਸ ਵਿਚ ਵੀ ਬੇਨਿਯਮੀਆਂ

ਗੈਸ ਕੰਪਨੀ ਵੱਲੋਂ ਸਥਾਨਕ ਜੇ. ਐੱਸ ਨਗਰ ’ਚ ਪੁੱਟੀ ਸੜਕ ਦਾ ਕੁੱਝ ਹਿੱਸਾ ਮੁਰੰਮਤ ਕੀਤਾ ਗਿਆ ਪਰ ਉਸ ਵਿਚ ਵੀ ਬੇਨਿਯਮੀਆਂ ਸਾਹਮਣੇ ਆਈਆਂ ਹਨ ਪਰ ਨਗਰ ਕੌਂਸਲ ਉਸ ਮੁੱਦੇ ’ਤੇ ਵੀ ਚੁੱਪ ਧਾਰੀ ਬੈਠੀ ਹੈ। ਟਾਇਲਾਂ ਦੀ ਮੁਰੰਮਤ ਦੌਰਾਨ ਕੰਪਨੀ ਵੱਲੋਂ ਨਾ ਚੰਗੀ ਤਰ੍ਹਾਂ ਮਿੱਟੀ ਨੂੰ ਦਬਾਇਆ ਗਿਆ, ਨਾ ਟਾਇਲਾਂ ਹੇਠ ਗਟਕਾ ਵਿਛਾਇਆ ਗਿਆ ਅਤੇ ਜੋ ਟਾਇਲਾਂ ਲਗਾਈਆਂ ਗਈਆਂ ਹਨ, ਉਹ ਵੀ ਸੜਕ ਤੋਂ ਉੱਚੀਆਂ ਲਗਾਈਆਂ ਗਈਆਂ, ਜੋ ਕਿ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ। ਸੜਕ ਦਾ ਕੁੱਝ ਹਿੱਸਾ ਮੁਰੰਮਤ ਕਰਨ ਤੋਂ ਬਾਅਦ ਮਲਬਾ ਥਾਂ-ਥਾਂ ਖਿੱਲਰਿਆ ਪਿਆ ਹੈ।

ਗੈਸ ਕੰਪਨੀ ਨੇ ਕਾਰਗੁਜ਼ਾਰੀ ’ਚ ਸੁਧਾਰ ਨਾ ਕੀਤਾ ਤਾਂ ਲਵਾਂਗੇ ਸਖ਼ਤ ਐਕਸ਼ਨ : ਕੁੰਦਰਾ

ਜਦੋਂ ਲੋਕਾਂ ਦੀ ਪਰੇਸ਼ਾਨੀ ਸਬੰਧੀ ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਾਰਜ ਸਾਧਕ ਅਫ਼ਸਰ ਨੂੰ ਕਈ ਵਾਰ ਕਹਿ ਚੁੱਕੇ ਹਨ ਕਿ ਗੈਸ ਕੰਪਨੀ ਦੀਆਂ ਮਨਮਾਨੀਆਂ ’ਤੇ ਰੋਕ ਲਗਾਈ ਜਾਵੇ ਕਿਉਂਕਿ ਸਾਰੇ ਸ਼ਹਿਰ ’ਚ ਥਾਂ-ਥਾਂ ਪੁੱਟੀਆਂ ਸੜਕਾਂ 'ਤੇ ਖਿੱਲਰੇ ਮਲਬੇ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਆ ਰਹੀ ਹੈ। ਪ੍ਰਧਾਨ ਕੁੰਦਰਾ ਨੇ ਕਿਹਾ ਕਿ ਹੁਣ ਉਹ ਆਪਣੇ ਵੱਲੋਂ ਸਖ਼ਤ ਤਾੜਨਾ ਵਾਲਾ ਪੱਤਰ ਕੰਪਨੀ ਨੂੰ ਭੇਜਣਗੇ ਅਤੇ ਜੇਕਰ ਫਿਰ ਵੀ ਸੁਧਾਰ ਨਾ ਹੋਇਆ ਤਾਂ ਨਗਰ ਕੌਂਸਲ ਦੀ ਮੀਟਿੰਗ ’ਚ ਗੈਸ ਕੰਪਨੀ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ।

ਕੀ ਕਹਿਣਾ ਹੈ ਕਾਰਜ ਸਾਧਕ ਅਫ਼ਸਰ ਦਾ

ਇਸ ਸਬੰਧੀ ਜਦੋਂ ਕਾਰਜ ਸਾਧਕ ਅਫ਼ਸਰ ਅਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗੈਸ ਕੰਪਨੀ ਵੱਲੋਂ ਸੜਕਾਂ ਦੀ ਮੁਰੰਮਤ ਲਈ 62 ਲੱਖ ਰੁਪਏ ਦੀ ਬੈਂਕ ਗਾਰੰਟੀ ਦਿੱਤੀ ਹੋਈ ਹੈ ਅਤੇ ਇਹ ਤਾਂ ਹੀ ਰਿਲੀਜ਼ ਹੋਵੇਗੀ, ਜੇਕਰ ਉਹ ਮੁਰੰਮਤ ਕਰੇਗੀ। ਉਨ੍ਹਾਂ ਕਿਹਾ ਕਿ ਜੇਕਰ ਮੁਰੰਮਤ ਸਹੀ ਢੰਗ ਨਾਲ ਨਹੀਂ ਕੀਤੀ ਜਾ ਰਹੀ ਅਤੇ ਉਸ ’ਚ ਬੇਨਿਯਮੀਆਂ ਹਨ ਤਾਂ ਕੌਂਸਲ ਦਾ ਜੇ. ਈ. ਇਸ ਦੀ ਜਾਂਚ ਕਰੇਗਾ। ਉਨ੍ਹਾਂ ਕਿਹਾ ਕਿ ਗੈਸ ਕੰਪਨੀ ਨੂੰ ਕਈ ਵਾਰ ਪੱਤਰ ਲਿਖਿਆ ਜਾ ਚੁੱਕਾ ਹੈ ਕਿ ਉਹ ਪਹਿਲਾਂ ਪੁੱਟੀਆਂ ਸੜਕਾਂ ਮੁਰੰਮਤ ਕਰੇ, ਉਸ ਤੋਂ ਬਾਅਦ ਅਗਲੀ ਸੜਕਾਂ ਦੀ ਪੁਟਾਈ ਕਰੇ। ਜਦੋਂ ਕਾਰਜ ਸਾਧਕ ਅਫ਼ਸਰ ਤੋਂ ਗੈਸ ਕੰਪਨੀ ਖ਼ਿਲਾਫ਼ ਪੱਤਰ ਲਿਖਣ ਦੇ ਬਾਵਜੂਦ ਮਨਮਾਨੀਆਂ ਤੇ ਕੌਂਸਲ ਦੀ ਬੇਵੱਸੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕੋਈ ਸੰਤੁਸ਼ਟ ਜਵਾਬ ਨਾ ਦਿੱਤਾ।
 


author

Babita

Content Editor

Related News