''ਮਾਛੀਵਾੜਾ ਡਾਕਘਰ'' ਦੇ ਅਧਿਕਾਰੀ ਤੋਂ ਲੋਕ ਡਾਹਢੇ ਪਰੇਸ਼ਾਨ, ਜਾਣੋ ਕਾਰਨ
Saturday, Jun 15, 2019 - 01:18 PM (IST)

ਮਾਛੀਵਾੜਾ ਸਾਹਿਬ ਟੱਕਰ) : ਮਾਛੀਵਾੜਾ ਡਾਕਘਰ, ਜੋ ਲੋਕਾਂ ਲਈ ਚਿੱਠੀਆਂ ਦਾ ਅਦਾਨ-ਪ੍ਰਦਾਨ ਤੇ ਜ਼ਰੂਰੀ ਦਸਤਾਵੇਜ਼ ਭੇਜਣ ਦਾ ਕੇਂਦਰ ਹੈ ਪਰ ਇੱਥੋਂ ਦੇ ਅਧਿਕਾਰੀ ਦੇ ਨਾਦਰਸ਼ਾਹੀ ਫੁਰਮਾਨ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ ਕਿ ਜਿਸ ਦਿਨ ਡਾਕਘਰ 'ਚ ਅਧਾਰ ਕਾਰਡ ਬਣਾਉਣ ਦਾ ਕੈਂਪ ਹੋਵੇਗਾ, ਉਸ ਦਿਨ ਲੋਕ ਦੇ ਚਿੱਠੀ ਪੱਤਰ ਨਹੀਂ ਲਏ ਜਾਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਡਾਕਘਰ 'ਚ ਜਿਸ ਦਿਨ ਲੋਕਾਂ ਦੇ ਅਧਾਰ ਕਾਰਡ ਬਣਾਉਣ ਦਾ ਕੈਂਪ ਲੱਗਦਾ ਹੈ, ਉਸ ਦਿਨ ਇਹ ਕਰਮਚਾਰੀ ਬਾਕੀ ਸਾਰਾ ਕੰਮਕਾਰ ਛੱਡ ਦਿੰਦੇ ਹਨ ਅਤੇ ਜਦੋਂ ਕੋਈ ਵਿਅਕਤੀ ਆਪਣੀ ਰਜਿਸਟਰੀ ਜਾਂ ਹੋਰ ਚਿੱਠੀਆਂ ਭੇਜਣ ਲਈ ਡਾਕਘਰ ਆਉਂਦਾ ਹੈ ਤਾਂ ਉਸ ਨੂੰ ਬੇਰੰਗ ਲਿਫਾਫੇ ਵਾਂਗ ਵਾਪਸ ਮੋੜ ਦਿੰਦੇ ਹਨ ਕਿ ਅੱਜ ਕੋਈ ਕੰਮ ਨਹੀਂ ਹੋਵੇਗਾ ਕਿਉਂਕਿ ਅੱਜ ਡਾਕਘਰ ਵਿਚ ਕੇਵਲ ਅਧਾਰ ਕਾਰਡ ਹੀ ਬਣਨਗੇ।
ਇੱਥੋਂ ਤੱਕ ਜਦੋਂ ਲੋਕ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੇ ਜ਼ਰੂਰੀ ਦਸਤਾਵੇਜ਼ ਭੇਜਣੇ ਹਨ ਅਤੇ ਡਾਕਘਰ ਦਾ ਮੁੱਖ ਕੰਮ ਲੋਕਾਂ ਦੇ ਚਿੱਠੀ ਪੱਤਰ ਭੇਜਣਾ ਹੈ ਤਾਂ ਉਨ੍ਹਾਂ ਨੂੰ ਇੱਕ ਹੋਰ ਨਾਦਰਸ਼ਾਹੀ ਫੁਰਮਾਨ ਸੁਣਾ ਦਿੱਤਾ ਜਾਂਦਾ ਹੈ ਕਿ ਜੇਕਰ ਇੰਨਾ ਜ਼ਰੂਰੀ ਹੈ ਤਾਂ ਸਮਰਾਲਾ ਡਾਕਘਰ ਜਾਓ, ਉਥੇ ਜਾ ਕੇ ਚਿੱਠੀਆਂ ਭੇਜੋ। ਕੁੱਝ ਲੋਕ ਤਾਂ ਡਾਕਘਰ ਦੇ ਅਧਿਕਾਰੀਆਂ ਦਾ ਇਹ ਫੁਰਮਾਨ ਸੁਣ ਵਾਪਸ ਮੁੜ ਜਾਂਦੇ ਹਨ ਪਰ ਕੁੱਝ ਲੋਕ ਜਿਨ੍ਹਾਂ ਦੇ ਦਸਤਾਵੇਜ਼ ਤੇ ਰਜਿਸਟਰੀਆਂ ਜ਼ਰੂਰੀ ਹੁੰਦੀਆਂ ਹਨ, ਉਹ ਤਪਦੀ ਗਰਮੀ ਵਿਚ ਮਾਛੀਵਾੜਾ ਤੋਂ 10 ਕਿਲੋਮੀਟਰ ਦੂਰ ਸਮਰਾਲਾ ਵੱਲ ਨੂੰ ਰੁਖ਼ ਕਰ ਉਥੇ ਜਾ ਕੇ ਕੰਮ ਨਿਪਟਾ ਕੇ ਆਉਂਦੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਰਕਾਰ ਵਲੋਂ ਡਾਕਘਰ ਲੋਕਾਂ ਦੇ ਚਿੱਠੀ ਪੱਤਰ ਭੇਜਣ ਲਈ ਬਣਾਏ ਗਏ ਹਨ ਪਰ ਉਥੋਂ ਹੀ ਜਦੋਂ ਅਧਿਕਾਰੀ ਲੋਕਾਂ ਨੂੰ ਬੇਰੰਗ ਮੋੜਨ ਲੱਗ ਪਏ ਤਾਂ ਡਾਕਘਰ ਖੋਲ੍ਹਣ ਦਾ ਕੀ ਲਾਭ।