ਜੱਥੇਬੰਦੀਆਂ ਵਲੋਂ ਸਰਕਾਰ ਖਿਲਾਫ਼ ਧਰਨਾ ਲਾ ਕੇ ਚੱਕਾ ਜਾਮ ਕੀਤਾ

09/23/2019 1:19:38 PM

ਮਾਛੀਵਾੜਾ ਸਾਹਿਬ (ਟੱਕਰ) : ਹਲਕਾ ਸਮਰਾਲਾ ਦੀਆਂ ਖੂਨੀ ਤੇ ਖਸਤਾ ਹਾਲਤ ਸੜਕਾਂ ਦੀ ਮੰਗ ਨੂੰ ਲੈ ਕੇ ਇਲਾਕੇ ਦੀਆਂ ਸਮਾਜਿਕ ਜੱਥੇਬੰਦੀਆਂ ਵਲੋਂ ਮਾਛੀਵਾੜਾ ਦੇ ਮੇਨ ਚੌਂਕ ਵਿਖੇ ਸਰਕਾਰ ਖਿਲਾਫ਼ ਧਰਨਾ ਲਗਾ ਕੇ ਚੱਕਾ ਜਾਮ ਕੀਤਾ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸਮਾਜਿਕ ਜੱਥੇਬੰਦੀਆਂ ਸੋਸ਼ਲ ਵੈਲਫੇਅਰ ਸੁਸਾਇਟੀ, ਪੈਨਸ਼ਨਰ ਮਹਾਂ ਸੰਘ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਭ੍ਰਿਸ਼ਟਾਚਾਰ ਵਿਰੋਧੀ ਫਰੰਟ, ਸ਼੍ਰੋਮਣੀ ਅਕਾਲੀ ਦਲ, ਲੋਕ ਇਨਸਾਫ਼ ਪਾਰਟੀ ਦੇ ਵੱਖ-ਵੱਖ ਆਗੂਆਂ ਨੇ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਹਲਕਾ ਸਮਰਾਲਾ ਦੀਆਂ ਖਸਤਾ ਹਾਲਤ ਸੜਕਾਂ ਦੀ ਮੁਰੰਮਤ ਨੂੰ ਲੈ ਕੇ ਲੋਕਾਂ ਦੇ ਸਹਿਯੋਗ ਨਾਲ ਸੰਘਰਸ਼ ਕਰ ਰਹੇ ਹਨ ਪਰ ਨਾ ਹੀ ਸਰਕਾਰ ਤੇ ਨਾ ਹੀ ਪ੍ਰਸਾਸ਼ਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਿਹਾ ਜਿਸ ਤੋਂ ਲੋਕ ਅੱਤਾਂ ਦੇ ਪਰੇਸ਼ਾਨ ਹੋ ਰਹੇ ਹਨ। ਬੁਲਾਰਿਆਂ ਨੇ ਕਿਹਾ ਕਿ ਸਤਲੁਜ ਪੁਲ ਤੋਂ ਖੰਨਾ ਤੱਕ, ਸਮਰਾਲਾ ਤੋਂ ਚਾਵਾ ਰੋਡ ਅਤੇ ਇਤਿਹਾਸਕ ਸ਼ਹਿਰ ਮਾਛੀਵਾੜਾ ਦੇ ਗਨੀ ਖਾਂ ਨਬੀ ਖਾਂ ਤੋਂ ਲੈ ਕੇ ਚੱਕ ਲੋਹਟ ਤੱਕ ਜਾਂਦੀ ਸੜਕ ਦਾ ਐਨਾ ਬੁਰਾ ਹਾਲ ਹੈ ਕਿ ਇਨ੍ਹਾਂ ਦੇ ਡੂੰਘੇ ਖੱਡਿਆਂ ਵਿਚ ਰੋਜ਼ਾਨਾ ਹੀ ਹਾਦਸੇ ਹੋ ਰਹੇ ਹਨ, ਲੋਕਾਂ ਦੇ ਜਾਨ-ਮਾਲ ਦਾ ਨੁਕਸਾਨ ਹੋ ਰਿਹਾ ਹੈ ਪਰ ਹਲਕੇ ਦਾ ਵਿਧਾਇਕ, ਪ੍ਰਸਾਸ਼ਨ ਤੇ ਸਰਕਾਰ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਆਗੂਆਂ ਨੇ ਕਿਹਾ ਕਿ ਅਗਲੇ ਮਹੀਨੇ ਅਕਤੂਬਰ ਮਹੀਨੇ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਜਿਸ ਸਬੰਧੀ ਇੱਕ ਨਗਰ ਕੀਰਤਨ ਮਾਛੀਵਾੜਾ ਦੀ ਇਤਿਹਾਸਕ ਧਰਤੀ 'ਤੇ ਆ ਰਿਹਾ ਹੈ ਪਰ ਹਲਕੇ ਦੀਆਂ ਖਸਤਾ ਤੇ ਖੂਨੀ ਸੜਕਾਂ ਇਸ ਨਗਰ ਕੀਰਤਨ ਦਾ ਸਵਾਗਤ ਕਰਨਗੀਆਂ ਜਿਸ ਨਾਲ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ।
ਆਗੂਆਂ ਨੇ ਕਿਹਾ ਕਿ ਜੇਕਰ ਇਸ ਧਰਨੇ ਦੇ ਬਾਵਜੂਦ ਵੀ ਸਰਕਾਰ ਨੇ ਸੜਕਾਂ ਦੀ ਮੁਰੰਮਤ ਨਗਰ ਕੀਰਤਨ ਆਉਣ ਤੋਂ ਪਹਿਲਾਂ ਨਾ ਕੀਤੀ ਤਾਂ ਮਜਬੂਰਨ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਤੇ ਪ੍ਰਸਾਸ਼ਨਿਕ ਅਧਿਕਾਰੀਆਂ ਦੇ ਦਫ਼ਤਰਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਰੋਸ ਧਰਨੇ ਵਿਚ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆ, ਐਡਵੋਕੇਟ ਗਗਨਦੀਪ ਸ਼ਰਮਾ, ਕਿਸਾਨ ਆਗੂ ਕੁਲਦੀਪ ਸਿੰਘ ਗਰੇਵਾਲ, ਰਾਮ ਸਿੰਘ ਕਾਲੜਾ, ਅੰਮ੍ਰਿਤਪਾਲ, ਸ਼ਿਵ ਕੁਮਾਰ ਸ਼ਿਵਲੀ, ਰੇਨੂੰ ਬੈਂਸ ਤੇ ਹੋਰ ਆਗੂ ਵੀ ਮੌਜੂਦ ਸਨ।


Babita

Content Editor

Related News