ਮਾਛੀਵਾੜਾ ਮੰਡੀ ’ਚ ਕਿਸਾਨਾਂ ਨੂੰ ਫਸਲਾਂ ਦਾ ਟੋਕਨ ਜਾਰੀ ਹੁੰਦਿਆਂ ਹੀ ਖੜ੍ਹਾ ਹੋਇਆ ਵੱਡਾ ਵਿਵਾਦ

04/17/2020 4:42:06 PM

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਅਨਾਜ ਮੰਡੀ ’ਚ ਸ਼ੁੱਕਰਵਾਰ ਨੂੰ ਖਰੀਦ ਦੇ ਤੀਜੇ ਦਿਨ ਕਿਸਾਨਾਂ ਨੂੰ ਫਸਲ ਲਿਆਉਣ ਲਈ  ਟੋਕਨ ਜਾਰੀ ਕੀਤੇ ਗਏ ਅਤੇ ਇਸ ਤੋਂ ਬਾਅਦ ਸਵੇਰੇ ਹੀ ਮੰਡੀ ’ਚ ਵੱਡਾ ਵਿਵਾਦ ਖੜ੍ਹਾ ਹੋ ਗਿਆ। ਆੜ੍ਹਤੀਆਂ ਨੇ ਭਾਰੀ ਗਿਣਤੀ ’ਚ ਇਕੱਠੇ ਹੋ ਮਾਰਕਿਟ ਕਮੇਟੀ ’ਤੇ ਦੋਸ਼ ਲਗਾਇਆ ਕਿ ਟੋਕਨ ਜਾਰੀ ਕਰਨ ਮੌਕੇ ਪੱਖਪਾਤ ਕਰਦਿਆਂ ਕਈ ਆੜ੍ਹਤੀਆਂ ਨੂੰ ਲਗਾਤਾਰ ਤਿੰਨ ਦਿਨਾਂ ਦੇ ਟੋਕਨ ਜਾਰੀ ਕਰ ਦਿੱਤੇ ਗਏ, ਜਦਕਿ ਕਈਆਂ ਨੂੰ ਇੱਕ ਵੀ ਜਾਰੀ ਨਾ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਮੰਡੀ ’ਚ ਕਰੀਬ 60 ਦੇ ਕਰੀਬ ਆੜ੍ਹਤੀ ਹਨ ਜਿਨ੍ਹਾਂ ’ਚੋਂ ਕਰੀਬ 17 ਆੜ੍ਹਤੀਆਂ ਨੂੰ ਹੀ ਕਿਸਾਨਾਂ ਦੀ ਫਸਲ ਲਿਆਉਣ ਲਈ ਟੋਕਨ ਜਾਰੀ ਹੋਏ। ਜਿਨ੍ਹਾਂ ਆੜ੍ਹਤੀਆਂ ਨੂੰ ਟੋਕਨ ਜਾਰੀ ਨਾ ਹੋਏ ਉਨ੍ਹਾਂ ਇਕੱਠੇ ਹੋ ਕੇ ਮਾਛੀਵਾੜਾ ਅਨਾਜ ਮੰਡੀ ਦੇ ਸਾਰੇ ਗੇਟ ਬੰਦ ਕਰ ਦਿੱਤੇ, ਜਿਸ ਕਾਰਨ ਮੰਡੀ ਦੇ ਬਾਹਰ ਕਰੀਬ 60 ਤੋਂ ਵੱਧ ਟਰਾਲੀਆਂ ਭਰੀ ਖੜ੍ਹੇ ਕਿਸਾਨ ਕਈ ਘੰਟੇ ਸੜਕਾਂ ’ਤੇ ਖੜ੍ਹੇ ਰਹੇ। ਮਾਛੀਵਾੜਾ ਮੰਡੀ ’ਚ ਵੱਡਾ ਵਿਵਾਦ ਖੜ੍ਹਾ ਹੋਣ ’ਤੇ ਸੱਚਾ ਸੌਦਾ ਆੜ੍ਹਤੀ ਐਸੋ. ਦੇ ਪ੍ਰਧਾਨ ਹਰਜਿੰਦਰ ਸਿੰਘ ਖੇੜਾ, ਤੇਜਿੰਦਰ ਸਿੰਘ ਕੂੰਨਰ ਤੇ ਸੁਖਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਮਾਰਕਿਟ ਕਮੇਟੀ ਵਲੋਂ ਅੱਜ ਪਹਿਲੇ ਦਿਨ ਸਾਰੇ ਹੀ ਆੜ੍ਹਤੀਆਂ ਨੂੰ ਉਨ੍ਹਾਂ ਦੇ ਫੜ੍ਹਾਂ ’ਤੇ ਆਉਂਦੀ ਫਸਲ ਸਮਰੱਥਾ ਅਨੁਸਾਰ ਟੋਕਨ ਜਾਰੀ ਕੀਤੇ ਜਾਣੇ ਚਾਹੀਦੇ ਸਨ ਪਰ ਕੁੱਝ ਕੁ ਆੜ੍ਹਤੀਆਂ ਨੂੰ ਟੋਕਨ ਜਾਰੀ ਹੋਣ ਨਾਲ ਇਹ ਆੜ੍ਹਤੀ ਰੋਹ ’ਚ ਆ ਗਏ। ਆੜ੍ਹਤੀਆਂ ਦੇ ਭਾਰੀ ਰੋਹ ਨੂੰ ਦੇਖਦਿਆਂ ਐਸ. ਪੀ. ਸਤਿੰਦਰਜੀਤ ਕੌਰ, ਸਮਰਾਲਾ ਦੇ ਡੀ.ਐਸ.ਪੀ. ਐਚ.ਐਸ. ਮਾਨ ਅਤੇ ਥਾਣਾ ਮੁਖੀ ਇੰਸਪੈਕਟਰ ਸੁਖਵੀਰ ਸਿੰਘ ਵੀ ਫੋਰਸ ਲੈ ਕੇ ਮੌਕੇ ’ਤੇ ਪਹੁੰਚ ਗਏ। ਆੜ੍ਹਤੀ ਇਸ ਗੱਲ ’ਤੇ ਬਜ਼ਿੱਦ ਰਹੇ ਕਿ ਮਾਰਕਿਟ ਕਮੇਟੀ ਸਾਰਿਆਂ ਨੂੰ ਹੀ ਫਸਲ ਸਮਰੱਥਾ ਅਨੁਸਾਰ ਟੋਕਨ ਜਾਰੀ ਕਰੇ, ਜਦਕਿ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਹ ਟੋਕਨ ਕੰਪਿਊਟਰ ਸਿਸਟਮ ਰਾਹੀਂ ਨਿਕਲੇ ਹਨ ਅਤੇ ਉਨ੍ਹਾਂ ਵਲੋਂ ਕੋਈ ਪੱਖਪਾਤ ਨਹੀਂ ਕੀਤਾ ਗਿਆ। 

ਇਹ ਵੀ ਪੜ੍ਹੋ : ਮਾਛੀਵਾੜਾ ਮੰਡੀ 'ਚ ਕਿਸਾਨਾਂ ਨੂੰ ਦੂਜੇ ਦਿਨ ਵੀ ਟੋਕਨ ਜਾਰੀ ਨਾ ਹੋਣ ਕਾਰਨ ਖਰੀਦ ਠੱਪ

PunjabKesari

ਵਿਧਾਇਕ ਢਿੱਲੋਂ ਨੇ ਮੰਡੀ ’ਚ ਪੁੱਜ ਕੇ ਮਾਮਲਾ ਸੁਲਝਾਇਆ

ਮਾਛੀਵਾੜਾ ਅਨਾਜ ਮੰਡੀ ’ਚ ਮਾਮਲਾ ਵੱਧਦਾ ਦੇਖ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਮੌਕੇ ’ਤੇ ਪੁੱਜ ਗਏ ਜਿਨ੍ਹਾਂ ਸਾਰੀ ਸਥਿਤੀ ਦੀ ਜਾਣਕਾਰੀ ਲਈ। ਵਿਧਾਇਕ ਢਿੱਲੋਂ ਨੇ ਆੜ੍ਹਤੀ ਐਸੋ. ਦੇ ਆਗੂਆਂ, ਮਾਰਕਿਟ ਕਮੇਟੀ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਕਿ ਹਰੇਕ ਆੜ੍ਹਤੀ ਨੂੰ ਉਸਦੀ ਫਸਲ ਸਮਰੱਥਾ ਅਨੁਸਾਰ ਟੋਕਨ ਜਾਰੀ ਹੋਵੇ ਅਤੇ ਕਿਸੇ ਨਾਲ ਹੀ ਵੀ ਪੱਖਪਾਤ ਨਹੀਂ ਹੋਣ ਦਿੱਤਾ ਜਾਵੇਗਾ। ਵਿਧਾਇਕ ਅਮਰੀਕ ਸਿੰਘ ਢਿੱਲੋਂ ਵਲੋਂ ਵਿਵਾਦ ਸੁਲਝਾਉਣ ਤੋਂ ਬਾਅਦ ਬਾਹਰ ਖੜ੍ਹੀਆਂ ਸਾਰੀਆਂ ਟਰਾਲੀਆਂ ਮੰਡੀ ਅੰਦਰ ਆ ਗਈਆਂ ਅਤੇ ਕਿਸਾਨਾਂ ਨੇ ਆਪਣੀ ਫਸਲ ਢੇਰੀ ਕਰਨੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਟੋਕਨ ਪਾਸ ਨਾ ਮਿਲਣ 'ਤੇ ਮੰਡੀਆਂ 'ਚ ਪਹਿਲੇ ਦਿਨ ਸ਼ੁਰੂ ਨਹੀਂ ਹੋ ਸਕੀ ਕਣਕ ਦੀ ਖਰੀਦ

PunjabKesari

ਕਿਸਾਨਾਂ ਤੇ ਆੜ੍ਹਤੀਆਂ ਵਿਚਕਾਰ ਵੀ ਤਣਾਅ ਵਾਲਾ ਮਾਹੌਲ ਬਣਿਆ

ਟੋਕਨ ਜਾਰੀ ਹੋਣ ’ਤੇ ਅੱਜ ਮਾਛੀਵਾੜਾ ਮੰਡੀ ਦੇ ਗੇਟ ਅੱਗੇ 70 ਤੋਂ ਵੱਧ ਕਿਸਾਨ ਆਪਣੀਆਂ ਫਸਲ ਨਾਲ ਭਰੀਆਂ ਟਰਾਲੀਆਂ ਲੈ ਕੇ ਪੁੱਜ ਗਏ ਪਰ ਜਿਨ੍ਹਾਂ ਆੜ੍ਹਤੀਆਂ ਨੂੰ ਪਾਸ ਨਾ ਮਿਲੇ ਉਨ੍ਹਾਂ ਨੇ ਮੰਡੀ ਦੇ ਸਾਰੇ ਗੇਟ ਬੰਦ ਕਰ ਦਿੱਤੇ ਅਤੇ ਕੋਈ ਵੀ ਟਰਾਲੀ ਅੰਦਰ ਨਾ ਆਉਣ ਦਿੱਤੀ। ਕਿਸਾਨ ਕੁੱਝ ਘੰਟੇ ਤਾਂ ਇੰਤਜ਼ਾਰ ਕਰਦੇ ਰਹੇ ਪਰ ਜਦੋਂ ਅਸਮਾਨ ’ਤੇ ਬੱਦਲ ਛਾਏ ਅਤੇ ਹਲਕੀ ਕਿਣਮਿਣ ਸ਼ੁਰੂ ਹੋਈ ਤਾਂ ਕਿਸਾਨਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਉਹ ਜਬਰਦਸ਼ਤੀ ਗੇਟ ਤੋੜ ਟਰਾਲੀਆਂ ਮੰਡੀ ’ਚ ਦਾਖਲ ਕਰਨ ਲੱਗੇ ਜਿਨ੍ਹਾਂ ਆੜ੍ਹਤੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਉਥੇ ਮਾਹੌਲ ਤਣਾਅ ਵਾਲਾ ਬਣ ਗਿਆ। ਥਾਣਾ ਮੁਖੀ ਇੰਸਪੈਕਟਰ ਸੁਖਵੀਰ ਸਿੰਘ ਨੇ ਮੌਕੇ ’ਤੇ ਆ ਕੇ ਸਥਿਤੀ ਸੰਭਾਲਦਿਆਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਕੁੱਝ ਹੀ ਸਮੇਂ ’ਚ ਆੜ੍ਹਤੀਆਂ ਵਿਚਕਾਰ ਜੋ ਟੋਕਨ ਵਿਵਾਦ ਹੈ ਉਹ ਹੱਲ ਹੋ ਜਾਵੇਗਾ ਜਿਸ ਤੋਂ ਬਾਅਦ ਸਾਰੀਆਂ ਟਰਾਲੀਆਂ ਮੰਡੀਆਂ ’ਚ ਆ ਜਾਣਗੀਆਂ।

ਇਹ ਵੀ ਪੜ੍ਹੋ : ਵੱਡੀ ਖਬਰ : ਜਲੰਧਰ 'ਚ ਕੋਰੋਨਾ ਵਾਇਰਸ ਦੇ 4 ਨਵੇਂ ਕੇਸ, ਦਹਿਸ਼ਤ 'ਚ ਪੂਰਾ ਸ਼ਹਿਰ


PunjabKesari
 


Babita

Content Editor

Related News