ਮਾਛੀਵਾੜਾ : ਨਾਮੀ ਪਰਿਵਾਰ ਦੇ ਲਾਪਤਾ 4 ਮੈਂਬਰਾਂ ਖ਼ਿਲਾਫ਼ ਪਰਚਾ ਦਰਜ, ਕਰੋੜਾਂ ਦੇ ਕਰਜ਼ੇ ਕਾਰਨ ਘਰੋਂ ਹੋਏ ਫ਼ਰਾਰ

Friday, Mar 26, 2021 - 03:26 PM (IST)

ਮਾਛੀਵਾੜਾ : ਨਾਮੀ ਪਰਿਵਾਰ ਦੇ ਲਾਪਤਾ 4 ਮੈਂਬਰਾਂ ਖ਼ਿਲਾਫ਼ ਪਰਚਾ ਦਰਜ, ਕਰੋੜਾਂ ਦੇ ਕਰਜ਼ੇ ਕਾਰਨ ਘਰੋਂ ਹੋਏ ਫ਼ਰਾਰ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਇਲਾਕੇ ਦੇ ਨਾਮੀ ਪਰਿਵਾਰ ਦੇ 4 ਮੈਂਬਰ ਅਭਿਸ਼ੇਕ ਕੁਮਾਰ, ਰਜਿੰਦਰ ਕੁਮਾਰ, ਸੁਨੀਤਾ ਤੇ ਮੋਨਿਕਾ ਭੇਤਭਰੇ ਢੰਗ ਨਾਲ ਲਾਪਤਾ ਹੋ ਗਏ ਸਨ। ਉਨ੍ਹਾਂ ਖ਼ਿਲਾਫ਼ ਮਾਛੀਵਾੜਾ ਪੁਲਸ ਨੇ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। ਪਰਦੀਪ ਕੁਮਾਰ ਵਾਸੀ ਕ੍ਰਿਸ਼ਨਪੁਰੀ ਮੁਹੱਲਾ ਮਾਛੀਵਾੜਾ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਨੇ 16-10-2020 ਨੂੰ ਆਪਣਾ ਇੱਕ ਪਲਾਟ ਵੇਚਿਆ ਸੀ, ਜਿਸ ਦੀ ਰਕਮ ਉਸ ਦੇ ਘਰ ਮੌਜੂਦ ਸੀ। ਇਸ ਦੌਰਾਨ ਉਸ ਦਾ ਗੁਆਂਢੀ ਅਭਿਸ਼ੇਕ ਤੇ ਬਾਕੀ ਪਰਿਵਾਰਕ ਮੈਂਬਰ ਉਸਦੇ ਘਰ ਆਏ ਅਤੇ ਕਹਿਣ ਲੱਗੇ ਕਿ ਸਾਨੂੰ ਪੈਸਿਆਂ ਦੀ ਬਹੁਤ ਲੋੜ ਹੈ।

ਇਸ ਤੋਂ ਬਾਅਦ ਪਰਦੀਪ ਨੇ ਉਨ੍ਹਾਂ ਨੂੰ ਅਮਾਨਤ ਵਜੋਂ 40 ਲੱਖ ਰੁਪਏ ਦੇ ਦਿੱਤੇ, ਜਿਸ ਦੇ ਵਜੋਂ ਪਰਦੀਪ ਨੂੰ ਉਨ੍ਹਾਂ ਨੇ 40 ਲੱਖ ਰੁਪਏ ਦੇ ਚੈੱਕ ਦੇ ਦਿੱਤੇ। ਜਦੋਂ ਪਰਦੀਪ 23 ਮਾਰਚ ਨੂੰ ਇਹ ਚੈੱਕ ਕੇਨਰਾ ਬੈਂਕ ਮਾਛੀਵਾੜਾ ’ਚ ਲੈ ਕੇ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਖਾਤੇ ’ਚ ਕੋਈ ਰਕਮ ਨਹੀਂ ਹੈ। ਇਸ ਦੌਰਾਨ ਉਸ ਨੂੰ ਇਹ ਵੀ ਪਤਾ ਲੱਗਾ ਕਿ ਅਭਿਸ਼ੇਕ, ਰਜਿੰਦਰ ਕੁਮਾਰ, ਸੁਨੀਤਾ ਤੇ ਮੋਨਿਕਾ ਆਪਣੇ ਘਰ ਨੂੰ ਤਾਲਾ ਲਗਾ ਕੇ ਫ਼ਰਾਰ ਹੋ ਗਏ। ਬਿਆਨਕਰਤਾ ਪਰਦੀਪ ਕੁਮਾਰ ਅਨੁਸਾਰ ਉਕਤ ਪਰਿਵਾਰ ਨੇ ਉਸ ਨਾਲ 40 ਲੱਖ ਰੁਪਏ ਦੀ ਧੋਖਾਧੜੀ ਕਰਕੇ ਸਾਜਿਸ਼ ਕੀਤੀ। ਪੁਲਸ ਵੱਲੋਂ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਫ਼ਰਾਰ ਹੋਏ ਪਰਿਵਾਰਕ ਮੈਂਬਰਾਂ ਦੇ ਘਰ ਤਾਲਾ ਲੱਗਿਆ ਹੋਇਆ ਅਤੇ ਆਸ-ਪਾਸ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਪਰਿਵਾਰ 24 ਮਾਰਚ ਨੂੰ ਤੜਕੇ ਰਾਤ ਦੇ ਘੁੱਪ ਹਨ੍ਹੇਰੇ ਵਿਚ ਘਰੋਂ ਫ਼ਰਾਰ ਹੋ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਮਾਛੀਵਾੜਾ ਸ਼ਹਿਰ ਦੇ ਹੋਰ ਲੋਕਾਂ ਨਾਲ ਵੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਅਤੇ ਇਹ ਪਰਿਵਾਰ ਕਰੋੜਾਂ ਰੁਪਏ ਦਾ ਦੇਣਦਾਰ ਸੀ, ਜਿਸ ਕਾਰਨ ਇਹ ਫ਼ਰਾਰ ਹੋ ਗਿਆ ਅਤੇ ਪੁਲਸ ਵਲੋਂ ਇਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਲੁੱਕਆਊਟ ਨੋਟਿਸ ਜਾਰੀ ਕਰਨ ਦੀ ਤਿਆਰੀ

ਕਰੋੜਾਂ ਰੁਪਏ ਦੀ ਦੇਣਦਾਰੀ ਕਾਰਨ ਮਾਛੀਵਾੜਾ ਦੇ ਫ਼ਰਾਰ ਹੋਏ ਨਾਮੀ ਪਰਿਵਾਰ ਬਾਰੇ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਛਿੜੀਆਂ ਹੋਈਆਂ ਹਨ ਕਿ ਇਹ ਪਰਿਵਾਰ ਕਿਤੇ ਵਿਦੇਸ਼ ਨਾ ਚਲਾ ਗਿਆ ਹੋਵੇ। ਪੁਲਸ ਵੱਲੋਂ ਇਸ ਸਬੰਧੀ ਲਾਪਤਾ ਹੋਏ ਪਰਿਵਾਰਕ ਮੈਂਬਰਾਂ ਦੇ ਪਾਸਪੋਰਟ ਇਕੱਤਰ ਕਰ ਲੁੱਕਆਊਟ ਨੋਟਿਸ ਜਾਰੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਜੋ ਇਹ ਵਿਦੇਸ਼ ਨਾ ਭੱਜ ਸਕਣ। ਫਿਲਹਾਲ ਮਾਛੀਵਾੜਾ ਇਲਾਕੇ ’ਚ ਪਰਿਵਾਰ ਦੇ ਗਾਇਬ ਹੋਣ ਤੋਂ ਬਾਅਦ ਜਿਨ੍ਹਾਂ ਲੋਕਾਂ ਨੇ ਪੈਸੇ ਲੈਣੇ ਹਨ, ਉਹ ਆਪਣੀ ਨਾਲ ਅਚਾਨਕ ਹੋਈ ਠੱਗੀ ਕਾਰਨ ਬੜੇ ਹੀ ਮਾਯੂਸ ਤੇ ਹੈਰਾਨ ਹਨ ਕਿ ਭਵਿੱਖ ’ਚ ਕਿਸ ’ਤੇ ਵਿਸ਼ਵਾਸ ਕਰਨ। 
 


author

Babita

Content Editor

Related News