ਸਿਰਸੇ ਵਾਲੇ ਨੂੰ ਪੈਰੋਲ ਮਿਲੇ ਤਾਂ ਬੰਦੀ ਸਿੰਘਾਂ ਨੂੰ ਵੀ ਰਿਹਾਅ ਕੀਤਾ ਜਾਵੇ: ਢੱਡਰੀਆਂ ਵਾਲੇ

04/25/2020 6:50:36 PM

ਮਾਛੀਵਾੜਾ ਸਾਹਿਬ (ਟੱਕਰ): ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਅਤੇ ਸਿੱਖ ਧਰਮ ਦੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਬਲਾਤਕਾਰ ਦੇ ਦੋਸ਼ ਹੇਠ ਜੇਲ 'ਚ ਬੰਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲਦੀ ਹੈ ਤਾਂ ਪਿਛਲੇ 20-20 ਸਾਲਾਂ ਤੋਂ ਜੇਲਾਂ 'ਚ ਸਜ਼ਾ ਕੱਟ ਚੁੱਕੇ ਬੰਦੀ ਸਿੰਘਾਂ ਨੂੰ ਵੀ ਰਿਹਾਅ ਕੀਤਾ ਜਾਵੇ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਭਾਈ ਹਰਪ੍ਰੀਤ ਸਿੰਘ ਵਲੋਂ ਗੁਰਮੀਤ ਰਾਮ ਰਹੀਮ ਸਬੰਧੀ ਦਿੱਤੇ ਬਿਆਨ ਕਿ ਜੇਕਰ ਸਾਧ ਨੂੰ ਪੈਰੋਲ 'ਤੇ ਰਿਹਾਅ ਕੀਤਾ ਜਾਂਦਾ ਹੈ ਤਾਂ ਸਿੱਖਾਂ ਦੀਆਂ ਭਾਵਨਾਵਾਂ ਭੜਕਨ 'ਤੇ ਪ੍ਰਤੀਕਿਰਿਆ ਕਰਦਿਆਂ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇਹ ਬਿਆਨ ਕੇਵਲ ਵਾਹ-ਵਾਹ ਖੱਟਣ ਲਈ ਹੈ ਕਿਉਂਕਿ ਸਾਡੇ ਵਾਲੇ ਜਥੇਦਾਰਾਂ ਨੇ ਤਾਂ ਇਸ ਸਾਧ ਨੂੰ ਮੁਆਫ਼ ਕਰ ਦਿੱਤਾ ਸੀ ਪਰ ਉਨ੍ਹਾਂ ਸਾਧਵੀਆਂ ਨੂੰ ਸਲਾਮ ਜਿਨ੍ਹਾਂ ਨੇ ਉਸ ਨੂੰ ਜੇਲ ਪਹੁੰਚਾਇਆ। ਉਨ੍ਹਾਂ ਕਿਹਾ ਕਿ ਜਿਸ ਬਲਾਤਕਾਰੀ ਬਾਬੇ ਨੂੰ ਸਾਡੇ ਜਥੇਦਾਰਾਂ ਨੇ ਮੁਆਫ ਕੀਤਾ ਉਸ ਨੂੰ ਸਾਧਵੀਆਂ ਨੇ ਜੇਲ ਪਹੁੰਚਾਇਆ ਅਤੇ ਹੁਣ ਕੇਵਲ ਬਿਆਨ ਦੇ ਕੇ ਲਕੀਰ ਕੁੱਟ ਕੇ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਤਾਂ ਉਸ ਸਮੇਂ ਦੇ ਜਥੇਦਾਰ ਭਾਈ ਗੁਰਬਚਨ ਸਿੰਘ ਵਲੋਂ ਸਿਰਸੇ ਵਾਲੇ ਸਾਧ ਨੂੰ ਦਿੱਤੀ ਮੁਆਫ਼ੀ 'ਤੇ ਆਪਣੀ ਖੁੱਲ੍ਹ ਕੇ ਗਲਤੀ ਵੀ ਨਹੀਂ ਮੰਨੀ ਅਤੇ ਨਾ ਹੀ ਮੌਜੂਦਾ ਜਥੇਦਾਰ ਵਲੋਂ ਇਸ ਸਬੰਧੀ ਕੋਈ ਬਿਆਨ ਜਾਂ 5 ਮੈਂਬਰੀ ਕਮੇਟੀ ਬਣਾਈ ਗਈ ਹੋਵੇ ਕਿ ਉਕਤ ਸਾਧ ਨੂੰ ਮੁਆਫ਼ੀ ਕਿਸੇ ਦੇ ਕਹੇ ਤੇ ਕਿਉਂ ਦਿੱਤੀ ਗਈ? ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜੇਕਰ ਕੋਰੋਨਾ ਵਾਇਰਸ ਬੀਮਾਰੀ ਦੇ ਡਰੋਂ ਰਾਮ ਰਹੀਮ ਨੂੰ ਪੈਰੋਲ ਮਿਲਦੀ ਹੈ ਤਾਂ ਸਾਨੂੰ ਵੀ ਮੰਗ ਕਰਨੀ ਚਾਹੀਦੀ ਹੈ ਕਿ ਜੇਲਾਂ 'ਚ ਸਜ਼ਾ ਪੂਰੀ ਚੁੱਕੇ ਬੰਦੀ ਸਿੰਘ ਵੀ ਰਿਹਾਅ ਕੀਤੇ ਜਾਣ ਤਾਂ ਜੋ ਉਹ ਵੀ ਆਪਣੇ ਪਰਿਵਾਰਾਂ ਤੇ ਸਿੱਖ ਕੌਮ ਨੂੰ ਮਿਲ ਸਕਣ।


Shyna

Content Editor

Related News