ਐੱਮ. ਸੀ. ਆਈ. ਨੇ ਪਿਮਸ ਤੋਂ ਮੰਗਿਆ ਜਵਾਬ

Friday, Sep 01, 2017 - 06:52 AM (IST)

ਐੱਮ. ਸੀ. ਆਈ. ਨੇ ਪਿਮਸ ਤੋਂ ਮੰਗਿਆ ਜਵਾਬ

ਜਲੰਧਰ, (ਅਮਿਤ)- ਪਿਮਸ ਇੰਪਲਾਈਜ਼ ਯੂਨੀਅਨ ਵਲੋਂ ਐੱਮ. ਸੀ. ਆਈ. (ਮੈਡੀਕਲ ਕਾਊਂਸਲ ਆਫ ਇੰਡੀਆ) ਨੂੰ ਭੇਜੀਆਂ ਗਈਆਂ ਕਈ ਸ਼ਿਕਾਇਤਾਂ, ਜਿਨ੍ਹਾਂ ਵਿਚ ਵੱਖ-ਵੱਖ ਘਪਲਿਆਂ ਅਤੇ ਬੇਨਿਯਮੀਆਂ ਬਾਰੇ ਲਿਖਿਆ ਗਿਆ ਸੀ, ਦਾ ਸਖਤ ਨੋਟਿਸ ਲੈਂਦੇ ਹੋਏ ਐੱਮ. ਸੀ. ਆਈ. ਵਲੋਂ ਪਿਮਸ ਨੂੰ ਇਕ ਪੱਤਰ ਨੰਬਰ 22 ਅਗਸਤ 2017 ਨੂੰ ਜਾਰੀ ਕੀਤਾ ਗਿਆ, ਜਿਸ ਵਿਚ ਇਨ੍ਹਾਂ ਸ਼ਿਕਾਇਤਾਂ ਉਪਰ ਜਲਦੀ ਟਿੱਪਣੀ ਮੰਗੀ ਗਈ ਹੈ ਤਾਂ ਜੋ ਅੱਗੇ ਬਣਦੀ ਕਾਰਵਾਈ ਕੀਤੀ ਜਾ ਸਕੇ। 
ਪਿਮਸ ਇੰਪਲਾਈਜ਼ ਯੂਨੀਅਨ ਦੇ ਇਕ ਵਫਦ ਨੇ ਦੱਸਿਆ ਕਿ ਪਿਮਸ ਪ੍ਰਬੰਧਕ ਖਿਲਾਫ ਲੱਗਭਗ 7-8 ਵੱਖ-ਵੱਖ ਸ਼ਿਕਾਇਤਾਂ ਐੱਮ. ਸੀ. ਆਈ. ਕੋਲ ਭੇਜੀਆਂ ਜਾ ਚੁੱਕੀਆਂ ਹਨ, ਜਿਸ ਵਿਚ ਪਿਮਸ ਦੇ ਮਾੜੇ ਹਾਲ ਦਾ ਹਵਾਲਾ ਦਿੰਦੇ ਹੋਏ ਐੱਮ. ਬੀ. ਬੀ. ਐੱਸ. ਦੇ ਨਵੇਂ ਵਿਦਿਆਰਥੀਆਂ ਦੀ ਐਡਮਿਸ਼ਨ ਕੈਂਸਲ ਕਰਨ ਦੀ ਗੁਹਾਰ ਲਾਈ ਗਈ। ਇਸ ਦੇ ਨਾਲ  ਯੂਨੀਅਨ ਵਲੋਂ ਐੱਮ. ਸੀ. ਆਈ. ਨੂੰ ਲਿਖਿਆ ਗਿਆ ਹੈ ਕਿ ਮੌਜੂਦਾ ਸਮੇਂ ਦੇ ਅੰਦਰ ਪਿਮਸ ਆਪਣੇ ਸਭ ਤੋਂ ਮਾੜੇ ਦੌਰ ਵਿਚੋਂ ਲੰਘ ਰਿਹਾ ਹੈ ਅਤੇ ਬੰਦ ਹੋਣ ਦੀ ਕਗਾਰ 'ਤੇ ਹੈ। ਮੈਨੇਜਮੈਂਟ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਹੈ ਅਤੇ ਕਈ ਵਿਵਾਦ ਝਲ ਰਹੀ ਹੈ। ਇੰਪਲਾਈਜ਼ ਅਤੇ ਪ੍ਰਬੰਧਕਾਂ ਦਾ ਅੰਦਰੂਨੀ ਵਿਵਾਦ ਦਿਨੋਂ-ਦਿਨ ਵਧ ਰਿਹਾ ਹੈ। ਪ੍ਰਬੰਧਕ ਕਰਮਚਾਰੀਆਂ ਦੀਆਂ ਮੰਗਾਂ ਨੂੰ ਪੂਰਾ ਕਰਨ ਵਿਚ ਅਸਮਰੱਥ ਸਿੱਧ ਹੋ ਰਹੇ ਹਨ। ਜੇ ਸੰਸਥਾਨ ਬੰਦ ਹੁੰਦਾ ਹੈ ਤਾਂ ਵਿਦਿਆਰਥੀਆਂ ਦਾ ਭਵਿੱਖ ਸੰਕਟ ਵਿਚ ਪੈ ਸਕਦਾ ਹੈ, ਜਿਸ ਲਈ ਐੱਮ. ਸੀ. ਆਈ. ਪ੍ਰਬੰਧਕ ਅਤੇ ਬਾਬਾ ਫਰੀਦ ਯੂਨੀਵਰਸਿਟੀ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਹੋਵੇਗੀ। ਯੂਨੀਅਨ ਦਾ ਕਹਿਣਾ ਹੈ ਕਿ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਐੱਮ. ਸੀ. ਆਈ. ਨੂੰ ਇਸ ਮਾਮਲੇ ਦੀ ਜਾਣਕਾਰੀ ਦੇ ਰਹੀ ਹੈ। ਇਸ ਲਈ ਐੱਮ. ਬੀ. ਬੀ. ਐੱਸ. ਦੇ 2017 ਬੈਚ ਦੇ ਨਵੇਂ ਵਿਦਿਆਰਥੀਆਂ ਦੀ ਐਡਮਿਸ਼ਨ ਰੱਦ ਕਰ ਕੇ ਕਿਸੇ ਹੋਰ ਸੰਸਥਾਨ ਵਿਚ ਟ੍ਰਾਂਸਫਰ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਹਾਲ ਵਿਚ ਸਾਹਮਣੇ ਆਏ ਕੁਝ ਵੱਡੇ ਘਪਲੇ, ਜਿਸ ਵਿਚ ਸੀ. ਟੀ. ਸਕੈਨ ਘਪਲਾ, ਫਿਜ਼ੀਓਥੈਰੇਪੀ ਘਪਲਾ ਆਦਿ ਮੁਖ ਹਨ, ਦੀ ਜਾਣਕਾਰੀ ਐੱਮ. ਸੀ. ਆਈ. ਨੂੰ ਦਿੱਤੀ ਗਈ ਹੈ ਤਾਂ ਜੋ ਪਿਮਸ ਖਿਲਾਫ ਉਕਤ ਮਾਮਲੇ ਦੀ ਜਾਂਚ ਕਰ ਕੇ ਬਣਦੀ ਕਾਰਵਾਈ ਕੀਤੀ ਜਾ ਸਕੇ।


Related News