ਬਦਮਾਸ਼ ਸ਼ਿਵਾ ਭੱਟੀ ਨੇ ਦੁਸ਼ਮਣ ਗੋਰੂ ’ਤੇ ਚਲਾਈਆਂ ਗੋਲੀਆਂ, ਫੈਲੀ ਸਨਸਨੀ (ਤਸਵੀਰਾਂ)
Sunday, Dec 08, 2019 - 04:11 PM (IST)
ਲੁਧਿਆਣਾ (ਤਰੁਣ) - ਦਰੇਸੀ ਰੋਡ ’ਤੇ ਰੋਸ਼ਨ ਢਾਬੇ ਨੇਡ਼ੇ ਲੁੱਟ-ਖੋਹ, ਇਰਾਦਾ ਕਤਲ, ਆਰਮਜ਼ ਐਕਟ ਸਮੇਤ ਦਰਜਨਾਂ ਵਾਰਦਾਤਾਂ ਵਿਚ ਸ਼ਾਮਲ ਗੈਂਗਸਟਰ ਸ਼ਿਵਾ ਭੱਟੀ ਨੇ ਆਪਣੇ ਪੁਰਾਣੇ ਦੁਸ਼ਮਣ ਗੋਰੂ ਉਰਫ ਮੋਹਿਤ ’ਤੇ ਫਾਇਰ ਕੀਤੇ, ਜਿਨ੍ਹਾਂ ਵਿਚੋਂ ਇਕ ਗੋਲੀ ਗੋਰੂ ਦੇ ਪੱਟ ’ਚ ਲੱਗੀ। ਘਟਨਾ ਨੂੰ ਅੰਜਾਮ ਸਿਰਫ ਆਪਣਾ ਦਬਦਬਾ ਕਾਇਮ ਰੱਖਣ ਲਈ ਰੰਜਿਸ਼ਨ ਦਿੱਤਾ ਗਿਆ। ਇਹ ਘਟਨਾ ਸ਼ਹਿਰ ’ਚ ਗੈਂਗਵਾਰ ਵੱਲ ਇਸ਼ਾਰਾ ਕਰਦੀ ਹੈ। ਘਟਨਾ ’ਚ ਜ਼ਖ਼ਮੀ ਮੋਹਿਤ ਨੂੰ ਸੀ. ਐੱਮ. ਸੀ. ’ਚ ਭਰਤੀ ਕਰਵਾਇਆ ਗਿਆ। ਸੂਚਨਾ ਮਿਲਣ ਤੋਂ ਬਾਅਦ ਏ. ਸੀ. ਪੀ. ਸੈਂਟਰਲ ਵਰਿਆਮ ਸਿੰਘ, ਥਾਣਾ ਡਵੀਜ਼ਨ ਨੰ. 4 ਦੇ ਇੰਚਾਰਜ ਸਤਵੰਤ ਸਿੰਘ ਬੈਂਸ ਅਤੇ ਸੀ. ਆਈ. ਏ ਅਤੇ ਸਪੈਸ਼ਲ ਇਨਵੈਸਟੀਗੇਸ਼ਨ ਦੀਆਂ ਟੀਮਾਂ ਘਟਨਾ ਵਾਲੀ ਥਾਂ ’ਤੇ ਪੁੱਜੀਆਂ।
ਜਾਣਕਾਰੀ ਅਨੁਸਾਰ ਪੰਮੀ ਅਹਾਤਾ ਦੇ ਮਾਲਕ ਦਾ ਬੇਟਾ ਮੋਹਿਤ ਬਾਅਦ ਦੁਪਹਿਰ ਸਵਾ 2 ਵਜੇ ਗਲੀ ਦੇ ਬਾਹਰ ਖੜ੍ਹਾ ਸੀ। ਇਸੇ ਦੌਰਾਨ ਸ਼ਿਵਾ ਆਪਣੇ ਇਕ ਸਾਥੀ ਨਾਲ ਮੋਟਰਸਾਈਕਲ ’ਤੇ ਉਥੇ ਪੁੱਜਾ। ਦੋਵਾਂ ਦੇ ਵਿਚਕਾਰ ਤਿੱਖੀ ਕਿਹਾ-ਸੁਣੀ ਹੋਈ। ਜਿਸ ਤੋਂ ਬਾਅਦ ਸ਼ਿਵਾ ਨੇ ਰਿਵਾਲਵਰ ਕੱਢੀ ਅਤੇ 3 ਫਾਇਰ ਕੀਤੇ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਸ਼ਿਵਾ ਮੋਟਰਸਾਈਕਲ ’ਤੇ ਆਪਣੇ ਸਾਥੀ ਨਾਲ ਫਰਾਰ ਹੋ ਗਿਆ, ਜਿਸ ਦੀ ਸੀ. ਸੀ. ਟੀ. ਵੀ. ਫੁਟੇਜ ਪੁਲਸ ਦੇ ਹੱਥ ਲੱਗ ਗਈ ਹੈ। ਇਸ ਵਿਚ ਸ਼ਿਵਾ ਅਤੇ ਉਸ ਦੇ ਸਾਥੀ ਦਾ ਚਿਹਰਾ ਕੈਦ ਹੋ ਗਿਆ ਹੈ। ਪੁਲਸ ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਕਰ ਰਹੀ ਹੈ। ਘਟਨਾ ਵਾਲੀ ਥਾਂ ’ਤੇ ਜ਼ਖ਼ਮੀ ਗੋਰੂ ਦੇ ਪਿਤਾ ਅਤੇ ਮਾਂ ਸਮੇਤ ਭਰਾ ਦੇ ਮਨ ’ਚ ਮੁਲਜ਼ਮ ਪੱਖ ਖਿਲਾਫ ਭਾਰੀ ਰੋਸ ਦੇਖਣ ਨੂੰ ਮਿਲਿਆ। ਪੀਡ਼ਤ ਦੀ ਮਾਂ ਨੇ ਪੁਲਸ ਤੋਂ ਜਲਦ ਇਨਸਾਫ ਅਤੇ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਮੰਗ ਕਰਦਿਆਂ ਮੁਲਜ਼ਮ ਪੱਖ ਨੂੰ ਅੰਜਾਮ ਭੁਗਤਣ ਤੱਕ ਦੀ ਕਥਿਤ ਧਮਕੀ ਦਿੱਤੀ ਹੈ।
9 ਮਹੀਨੇ ਪਹਿਲਾਂ ਗੋਰੂ ਅਤੇ ਕਾਲੂ ਨੇ ਭਜਾ-ਭਜਾ ਕੇ ਕੁੱਟਿਆ ਸੀ ਸ਼ਿਵਾ ਨੂੰ
ਏ. ਸੀ. ਪੀ. ਵਰਿਆਮ ਸਿੰਘ ਨੇ ਦੱਸਿਆ ਕਿ ਮੋਹਿਤ ਉਰਫ ਗੋਰੂ ਅਤੇ ਕਾਲੂ ਆਪਸ ਵਿਚ ਭਰਾ ਹਨ। ਜਿਨ੍ਹਾਂ ਦੀ ਸ਼ਿਵਾ ਦੇ ਨਾਲ ਰੰਜਿਸ਼ ਹੈ। ਦੋਵੇਂ ਧਿਰਾਂ ਦਬਦਬਾ ਕਾਇਮ ਰੱਖਣ ਲਈ ਆਪਸ ਵਿਚ ਕਈ ਵਾਰ ਲੜ ਚੁੱਕੀਆਂ ਹਨ। 23 ਅਪ੍ਰੈਲ 2019 ਨੂੰ ਫਤਿਹਗੜ੍ਹ ਮੁਹੱਲਾ, ਲਵ-ਕੁਸ਼ ਨਗਰ 'ਚ ਦਿਨ-ਦਿਹਾੜੇ ਸ਼ਿਵਾ ਭੱਟੀ 'ਤੇ ਦਾਤਰ ਨਾਲ ਤਾਬੜਤੋੜ ਕਈ ਵਾਰ ਕੀਤੇ ਸਨ। ਇਸ ਘਾਤਕ ਹਮਲੇ 'ਚ ਸ਼ਿਵਾ ਨੂੰ ਭਜਾ-ਭਜਾ ਕੇ ਕੁੱਟਿਆ ਸੀ। ਗੰਭੀਰ ਹਾਲਤ ਵਿਚ ਸ਼ਿਵਾ ਨੂੰ ਡੀ. ਐੱਮ. ਸੀ. 'ਚ ਭਰਤੀ ਕਰਵਾਇਆ ਗਿਆ ਸੀ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗੋਰੂ ਅਤੇ ਕਾਲੂ ਸਨ। ਇਸ ਗੱਲ ਦੀ ਰੰਜਿਸ਼ ਸ਼ਿਵਾ ਰੱਖਦਾ ਸੀ।
4 ਲੱਖ 'ਚ ਹੋਇਆ ਸੀ ਫੈਸਲਾ, 1 ਲੱਖ ਦੀ ਰਕਮ ਸੀ ਬਕਾਇਆ
ਸ਼ਿਵਾ ਭੱਟੀ 'ਤੇ ਹੋਏ ਹਮਲੇ ਦੇ 1 ਦਿਨ ਬਾਅਦ ਪੁਲਸ ਨੇ ਗੋਰੂ ਅਤੇ ਕਾਲੂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ ਸੀ। ਸੂਤਰਾਂ ਅਨੁਸਾਰ ਦੋਵੇਂ ਧਿਰਾਂ ਦੇ ਵਿਚਕਾਰ 4 ਲੱਖ ਰੁਪਏ 'ਚ ਫੈਸਲਾ ਹੋਇਆ ਸੀ, ਜਿਸ ਵਿਚੋਂ 3 ਲੱਖ ਦੀ ਰਕਮ ਸ਼ਿਵਾ ਨੂੰ ਮਿਲ ਚੁੱਕੀ ਸੀ ਪਰ 1 ਲੱਖ ਅਜੇ ਬਾਕੀ ਸੀ। ਸੂਤਰਾਂ ਅਨੁਸਾਰ ਸ਼ਿਵਾ ਨੇ ਬਕਾਇਆ ਰਾਸ਼ੀ ਲੈਣ ਲਈ ਗੋਰੂ ਅਤੇ ਕਾਲੂ ਨੂੰ ਬੁਲਾਇਆ ਸੀ ਪਰ ਗੋਰੂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਤੋਂ ਨਾਰਾਜ਼ ਸ਼ਿਵਾ ਨੇ ਗੋਰੂ 'ਤੇ ਗੋਲੀਆਂ ਚਲਾ ਦਿੱਤੀਆਂ।
ਫੈਸਲੇ ਤੋਂ ਬਾਅਦ ਸ਼ਿਵਾ ਨੇ ਦਿੱਤੀ ਸੀ 'ਖੂਨ ਦਾ ਬਦਲਾ ਖੂਨ' ਦੀ ਧਮਕੀ
ਸੂਤਰਾਂ ਅਨੁਸਾਰ 4 ਲੱਖ 'ਚ ਹੋਏ ਫੈਸਲੇ ਤੋਂ ਬਾਅਦ ਸ਼ਿਵਾ ਨੇ ਸ਼ਰੇਆਮ ਧਮਕੀ ਦਿੱਤੀ ਸੀ ਕਿ ਖੂਨ ਦਾ ਬਦਲਾ ਖੂਨ ਹੈ। ਨਕਦੀ ਲੈਣ ਦੇ ਬਾਵਜੂਦ ਸ਼ਿਵਾ ਗੋਰੂ ਅਤੇ ਕਾਲੂ 'ਤੇ ਹਮਲਾ ਕਰ ਕੇ ਉਨ੍ਹਾਂ ਨੂੰ ਘਾਤਕ ਸੱਟਾਂ ਮਾਰਨ ਵਾਲਾ ਸੀ। ਇਹ ਰੰਜਿਸ਼ 9 ਮਹੀਨੇ ਤੋਂ ਸ਼ਿਵਾ ਭੱਟੀ ਦੇ ਮਨ ਵਿਚ ਸੀ। ਐਤਵਾਰ ਨੂੰ ਕ੍ਰਾਈਮ ਸੀਨ ਹੋਇਆ ਅਤੇ ਸ਼ਿਵਾ ਨੇ ਬਦਲੇ ਦੀ ਅੱਗ ਠੰਡੀ ਕੀਤੀ। ਕ੍ਰਾਈਮ ਸੀਨ ਦਰਸਾਉਂਦਾ ਹੈ ਕਿ ਦੋਸ਼ੀ ਸ਼ਿਵਾ ਕਤਲ ਕਰਨ ਦੀ ਨੀਅਤ ਨਾਲ ਮੌਕੇ 'ਤੇ ਪੁੱਜਾ ਸੀ। ਨਕਦੀ ਲੈਣ ਦਾ ਤਾਂ ਬਹਾਨਾ ਸੀ। ਦੋਸ਼ੀ ਮੋਟਰਸਾਈਕਲ 'ਤੇ ਆਏ ਸਨ। ਕੁਰਸੀ ਅਤੇ ਕੰਧ 'ਤੇ ਲੱਗੀ ਗੋਲੀ ਦਰਸਾਉਂਦੀ ਹੈ ਕਿ ਘਟਨਾ 'ਚ ਗੋਰੂ ਦੀ ਜਾਨ ਵਾਲ-ਵਾਲ ਬਚੀ ਹੈ।
ਪੁਲਸ ਨੇ ਚੁੱਕੇ ਮਾਪੇ ਅਤੇ ਰਿਸ਼ਤੇਦਾਰ
ਸੂਤਰਾਂ ਅਨੁਸਾਰ ਹਮਲਾ ਕਰਨ ਵਾਲੇ ਸ਼ਿਵਾ ਭੱਟੀ ਦੀ ਤਲਾਸ਼ੀ 'ਚ ਪੁਲਸ ਪੂਰਾ ਜ਼ੋਰ ਲਾ ਰਹੀ ਹੈ। ਵਾਰਦਾਤ ਵਿਚ ਸ਼ਿਵਾ ਦਾ ਦੂਜਾ ਸਾਥੀ ਕੌਣ ਹੈ ਪੁਲਸ ਇਸ ਗੱਲ ਦਾ ਪਤਾ ਲਾ ਰਹੀ ਹੈ। ਪੁਲਸ ਨੇ ਸ਼ਿਵਾ ਦੇ ਕਈ ਰਿਸ਼ਤੇਦਾਰਾਂ ਨੂੰ ਹਿਰਾਸਤ ਵਿਚ ਲਿਆ ਹੈ। ਸ਼ਿਵਾ ਦਾ ਦੂਜਾ ਵਿਆਹ ਹੈ। ਸੂਤਰਾਂ ਅਨੁਸਾਰ ਪੁਲਸ ਨੇ ਸ਼ਿਵਾ ਦੀ ਪਤਨੀ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਹੈ। ਏ. ਸੀ. ਪੀ. ਵਰਿਆਮ ਸਿੰੰਘ ਨੇ ਦੱਸਿਆ ਕਿ ਸ਼ਿਵਾ ਪੇਸ਼ੇਵਰ ਅਪਰਾਧੀ ਹੈ। ਜਿਸ ਦਾ ਜੇਲ ਦੇ ਅੰਦਰ-ਬਾਹਰ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਅਪ੍ਰੈਲ ਮਹੀਨੇ 'ਚ ਸ਼ਿਵਾ ਛੁੱਟ ਕੇ ਆਇਆ ਸੀ। ਅਪਰਾਧ ਦੀ ਦੁਨੀਆ ਵਿਚ ਸ਼ਿਵਾ ਆਪਣਾ ਦਬਦਬਾ ਕਾਇਮ ਰੱਖਣਾ ਚਾਹੁੰਦਾ ਸੀ। ਇਸ ਕਾਰਣ ਵੀ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।