'ਲੁਧਿਆਣਾ ਦੀ ਵੈਟਰਨਰੀ ਯੂਨੀਵਰਸਿਟੀ ਪੂਰੇ ਦੇਸ਼ 'ਚੋਂ ਮਿਲਿਆ ਪਹਿਲਾ ਸਥਾਨ

Monday, Dec 07, 2020 - 02:12 PM (IST)

ਲੁਧਿਆਣਾ (ਸਲੂਜਾ) : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਨੂੰ ਭਾਰਤ ਦੀਆਂ ਵੈਟਰਨਰੀ ਯੂਨੀਵਰਸਿਟੀਆਂ ’ਚੋਂ ਪਹਿਲੇ ਸਥਾਨ 'ਤੇ ਰੱਖਿਆ ਗਿਆ ਹੈ। ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਈ. ਸੀ. ਏ. ਆਰ.) ਵੱਲੋਂ ਖੇਤੀਬਾੜੀ ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਦੀ ਸਾਲ-2019 ਦੀ ਦਰਜਾਬੰਦੀ ਅਨੁਸਾਰ ਵੈਟਰਨਰੀ ਯੂਨੀਵਰਸਿਟੀ, ਲੁਧਿਆਣਾ ਨੇ ਭਾਰਤ ਦੀਆਂ ਸਾਰੀਆਂ 67 ਖੇਤੀਬਾੜੀ ਯੂਨੀਵਰਸਿਟੀਆਂ, ਵੈਟਰਨਰੀ ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ’ਚੋਂ ਵੀ 7ਵਾਂ ਸਥਾਨ ਹਾਸਲ ਕੀਤਾ ਹੈ।

ਭਾਰਤੀ ਖੇਤੀਬਾੜੀ ਖੋਜ ਪਰਿਸ਼ਦ ਨੇ ਆਲਮੀ ਦ੍ਰਿਸ਼ਟੀਕੋਣ ਅਨੁਸਾਰ ਪਸ਼ੂ ਵਿਗਿਆਨ ਅਤੇ ਖੇਤੀਬਾੜੀ ਸਿੱਖਿਆ ਦੇ ਮਿਆਰ ਨੂੰ ਬਿਹਤਰ ਬਣਾਉਣ ਲਈ ਇਸ ਦੇ ਘੇਰੇ ’ਚ ਆਉਂਦੀਆਂ ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਦੀ ਦਰਜਾਬੰਦੀ ਸ਼ੁਰੂ ਕੀਤੀ ਹੋਈ ਹੈ। ਦਰਜਾਬੰਦੀ ਵਿਭਿੰਨ ਮਾਪਦੰਡਾਂ ’ਤੇ ਆਧਾਰਿਤ ਸੀ, ਜਿਸ 'ਚ ਵਿਦਿਆਰਥੀ ਅਤੇ ਅਧਿਆਪਕਾਂ ਦੀ ਕਾਰਗੁਜ਼ਾਰੀ, ਵਿਦਿਆਰਥੀਆਂ ਨੂੰ ਰੋਜ਼ਗਾਰ, ਖੋਜ ਪ੍ਰਕਾਸ਼ਨ ਤੇ ਹਵਾਲੇ, ਪੇਟੈਂਟ, ਤਿਆਰ ਕੀਤੀ ਅਤੇ ਕਿਸਾਨਾਂ ਨੂੰ ਸੌਂਪੀ ਗਈ ਤਕਨਾਲੋਜੀ ਆਦਿ ਸ਼ਾਮਲ ਸਨ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਇਸ ਪ੍ਰਾਪਤੀ ਦੀ ਖੁਸ਼ੀ ਪ੍ਰਗਟਾਈ ਅਤੇ ਫੈਕਲਟੀ, ਸਟਾਫ ਅਤੇ ਵਿਦਿਆਰਥੀਆਂ ਨੂੰ ਸੰਸਥਾ ਦੇ ਨਾਲ-ਨਾਲ ਖੇਤੀਬਾੜੀ ਭਾਈਚਾਰੇ ਦੀ ਸੇਵਾ ’ਚ ਸਮਰਪਣ ਲਈ ਵਧਾਈ ਦਿੱਤੀ।
 


Babita

Content Editor

Related News