ਲੁਧਿਆਣਾ ''ਚ ਸ਼ਰਤਾਂ ਨਾਲ ਜਲਦ ਖੁੱਲ੍ਹੇਗੀ ਰੋਜ਼ਾਨਾ ''ਸਬਜ਼ੀ ਮੰਡੀ''
Tuesday, May 19, 2020 - 03:58 PM (IST)
ਲੁਧਿਆਣਾ (ਖੁਰਾਣਾ) : ਕਿਸੇ ਸਮੇਂ ਕੋਰੋਨਾਂ ਦਾ ਗੜ੍ਹ ਮੰਨੀ ਜਾਣ ਵਾਲੀ ਸਬਜ਼ੀ ਮੰਡੀ 'ਚ ਰੋਜ਼ਾਨਾ ਜੁੱਟਣ ਵਾਲੀ ਭੀੜ ’ਤੇ ਕਾਬੂ ਪਾਉਣ ਲਈ ਹੁਣ ਮਾਰਕਿਟ ਕਮੇਟੀ ਦੇ ਡੀ. ਐੱਮ. ਓ. ਜਸਵਿੰਦਰ ਸਿੰਘ ਧਾਲੀਵਾਲ ਨੇ ਪੁਲਸ ਦੇ ਆਲ੍ਹਾ ਅਧਿਕਾਰੀਆਂ ਅਤੇ ਸਬਜ਼ੀ ਅਤੇ ਫਰੂਟ ਮੰਡੀ ਆੜ੍ਹਤੀ ਐਸੋਸੀਏਸ਼ਨ ਨੇ ਦਿਸ਼ਾ ਦੇਣ 'ਚ ਪਹਿਲ ਕਦਮੀ ਕੀਤੀ ਹੈ, ਜਿਸ ਨਾਲ ਨਾ ਸਿਰਫ ਇੱਥੇ ਜਮ੍ਹਾ ਹੋਣ ਵਾਲੀ ਬੇਸ਼ੁਮਾਰ ਭੀੜ ’ਤੇ ਕਾਬੂ ਪਾਉਣ 'ਚ ਮਦਦ ਮਿਲੇ ਸਕੇਗੀ, ਸਗੋਂ ਆੜ੍ਹਤੀਆਂ ਦੇ ਕੰਮਕਾਜ 'ਚ ਵੀ ਨਵਾਂ ਬਦਲਾਅ ਦੇਖਣ ਨੂੰ ਮਿਲੇਗਾ।
ਧਾਲੀਵਾਲ ਵੱਲੋਂ ਤਿਆਰ ਕੀਤੇ ਗਏ ਪਲਾਨ ਮੁਤਾਬਕ ਸਬਜ਼ੀ ਮੰਡੀ 'ਚ ਲੱਗਣ ਵਾਲੀਆਂ ਸਬਜ਼ੀਆਂ ਦੀ ਵਿਕਰੀ ਵਾਈਜ਼ ਕੀਤੇ ਜਾਣ ਦਾ ਖਾਕਾ ਉਤਾਰਿਆ ਗਿਆ ਹੈ, ਜਿਸ 'ਚ ਆੜ੍ਹਤੀਆਂ ਨੂੰ ਮੂਲੀ, ਗੋਭੀ, ਆਲੂ, ਪਿਆਜ, ਖਰਬੂਜ਼ਾ ਅਤੇ ਤਰਬੂਜ਼ ਵੇਚਣ ਲਈ ਵੱਖ-ਵੱਖ ਬਲਾਕ ਮੁਹੱਈਆ ਕਰਵਾਏ ਜਾ ਰਹੇ ਹਨ ਤਾਂ ਕਿ ਮੰਡੀ 'ਚ ਜ਼ਿਆਦਾ ਭੀੜ ਜਮ੍ਹਾ ਨਾ ਹੋ ਸਕੇ ਅਤੇ ਆੜ੍ਹਤੀਆਂ ਨੂੰ ਵੀ ਕਾਰੋਬਾਰ ਕਰਨ 'ਚ ਅਸਾਨੀ ਰਹੇ। ਹਾਲਾਂਕਿ ਯੋਜਨਾਂ ਦੇ ਸ਼ੁਰੂਆਤੀ ਦੌਰ 'ਚ ਇਸ ਪਲਾਨ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਵਾਉਣ ਲਈ ਮੰਡੀ 'ਚ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਕਰਨ ਦੀ ਗੱਲ ਵੀ ਸਾਹਮਣੇ ਆਈ ਹੈ, ਜੋ ਕਿ ਮੌਕੇ ’ਤੇ ਆੜ੍ਹਤੀਆਂ ਅਤੇ ਆਉਣ ਵਾਲੇ ਵੈਂਡਰਾਂ ਨੂੰ ਅਨੂਸ਼ਾਸਨ ਦਾ ਪਾਠ ਪੜ੍ਹਾਉਂਦੇ ਹੋਏ ਨਿਯਮਾਂ ਦੀ ਪਾਲਣਾ ਕਰਵਾਉਣ ਦੀ ਗੱਲ ’ਤੇ ਜ਼ੋਰ ਦੇਣਗੇ।
ਗੱਲ ਮੰਡੀ 'ਚ ਜੁੱਟਣ ਵਾਲੀ ਭੀੜ ਕਾਰਨ ਸਮਾਜਿਕ ਦੂਰੀਆਂ ਬਣਾਈ ਰੱਖਣ ਵਾਲੇ ਨਿਯਮਾਂ ਦੀ ਹੋਣ ਵਾਲੀ ਅਣਦੇਖੀ ਦੀ ਕਰੀਏ ਤਾਂ ਇਸ ਗੱਲ ’ਤੇ ਸਬਜ਼ੀ ਅਤੇ ਫਰੂਟ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਕਮਲ ਸਿੰਘ ਈਲੂ ਅਤੇ ਕਮਲ ਗੁੰਬਰ ਸਮੇਤ ਚੇਅਰਮੈਨ ਇੰਦਰਜੀਤ ਸਿੰਘ ਕੁੱਕੂ ਅਤੇ ਚੇਅਰਮੈਨ ਰਾਜੂ ਮਲਿਕ ਵੱਲੋਂ ਬਣਾਈਆਂ ਟੀਮਾਂ ਵਿਸ਼ੇਸ਼ ਨਜ਼ਰ ਰੱਖਣੀਆਂ ਕਿ ਮੰਡੀ 'ਚ ਕਿਤੇ ਵੀ ਸੋਸ਼ਲ ਡਿਸਟੈਂਸਿੰਗ ਮੇਨਟੇਨ ਰੱਖਣ ਅਤੇ ਮਾਸਕ ਲਗਾਏ ਜਾਣ ਸਬੰਧੀ ਨਿਯਮਾਂ ਦੀ ਅਣਦੇਖੀ ਨਾ ਹੋ ਸਕੇ।