ਲੁਧਿਆਣਾ ਵਿਚ ਪੁੱਟੀਆਂ ਗਈਆਂ ਸੜਕਾਂ ਦੇ ਮਾਮਲੇ ਵਿਚ DC ਦੀ ਐਂਟਰੀ, ਨਗਰ ਨਿਗਮ ਨੂੰ ਹਦਾਇਤਾਂ ਜਾਰੀ

Thursday, May 07, 2026 - 05:05 PM (IST)

ਲੁਧਿਆਣਾ ਵਿਚ ਪੁੱਟੀਆਂ ਗਈਆਂ ਸੜਕਾਂ ਦੇ ਮਾਮਲੇ ਵਿਚ DC ਦੀ ਐਂਟਰੀ, ਨਗਰ ਨਿਗਮ ਨੂੰ ਹਦਾਇਤਾਂ ਜਾਰੀ

ਲੁਧਿਆਣਾ (ਹਿਤੇਸ਼)- ਲੁਧਿਆਣਾ ਵਿਚ ਵਾਟਰ ਸਪਲਾਈ ਲਾਈਨ ਵਿਛਾਉਣ ਲਈ ਜੋ ਸੜਕਾਂ ਪੱਟੀਆਂ ਹੋਈਆਂ ਹਨ, ਉਨ੍ਹਾਂ ਦੀ ਮੁਰੰਮਤ ਕਰਨ ਅਤੇ ਨਵੀਆਂ ਬਣੀਆਂ ਸੜਕਾਂ ਨੂੰ ਵਾਟਰ ਸਪਲਾਈ ਲਾਈਨ ਵਿਛਾਉਣ ਲਈ ਦੁਬਾਰਾ ਪੁੱਟਣ ਦੇ ਮਾਮਲੇ ਵਿਚ ਡੀ.ਸੀ. ਦੀ ਐਂਟਰੀ ਹੋ ਗਈ ਹੈ। ਉਨ੍ਹਾਂ ਨੇ ਨਗਰ ਨਿਗਮ ਨੂੰ ਇਸ ਮਾਮਲੇ 'ਤੇ ਨੋਟਿਸ ਜਾਰੀ ਕੀਤਾ ਹੈ ਅਤੇ ਕਿਹਾ ਹੈ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਅਤੇ ਲੋਕਾਂ ਦੇ ਪੈਸਿਆਂ ਨੂੰ ਬਰਬਾਦ ਨਾ ਕੀਤਾ ਜਾਵੇ। 

ਦਰਅਸਲ, ਲੁਧਿਆਣਾ ਵਿਚ ਕਨਾਲ ਬੇਸਡ ਵਾਟਰ ਸਪਲਾਈ ਦਾ ਪ੍ਰਾਜੈਕਟ ਚੱਲ ਰਿਹਾ ਹੈ, ਜਿਸ ਦੇ ਤਹਿਤ ਨਹਿਰੀ ਪਾਣੀ ਨੂੰ ਵਾਟਰ ਸਪਲਾਈ ਦਾ ਵਿਕਲਪ ਬਣਾਇਆ ਜਾ ਰਿਹਾ ਹੈ। ਇਸ ਪ੍ਰਾਜੈਕਟ ਦੇ ਜ਼ਰੀਏ ਲੋਕਾਂ ਨੂੰ 24 ਘੰਟੇ ਵਾਟਰ ਸਪਲਾਈ ਮਿਲੇਗੀ। ਇਸ ਦੇ ਲਈ ਸਾਰੇ ਸ਼ਹਿਰ ਵਿਚ ਵਾਟਰ ਸਪਲਾਈ ਲਾਈਨ ਵਿਛਾਈਆਂ ਜਾ ਰਹੀਆਂ ਹਨ, ਇਹ ਵਾਟਰ ਸਪਲਾਈ ਲਾਈਨ ਵਿਛਾਉਣ ਲਈ ਪੁੱਟੀਆਂ ਜਾਣ ਵਾਲੀਆਂ ਸੜਕਾਂ ਦੀ ਮੁਰੰਮਤ ਵੀ ਕੰਪਨੀ ਨੇ ਹੀ ਕਰਨੀ ਹੈ। ਪਰ ਕੰਪਨੀ ਠੀਕ ਢੰਗ ਨਾਲ ਰਿਪੇਅਰ ਨਹੀਂ ਕਰ ਰਹੀ, ਜਿਸ ਕਰਕੇ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸ਼ਹਿਰ ਦੇ ਪੌਸ਼ ਇਲਾਕੇ ਸਰਾਭਾ ਨਗਰ, ਮਾਡਲ ਟਾਊਨ, ਦੁੱਗਰੀ, ਪੱਖੋਵਾਲ ਰੋਡ, ਘੁਮਾਰ ਮੰਡੀ, ਬਾੜੇਵਾਲ ਆਦਿ ਵਿਚ ਵੀ ਸੜਕਾਂ ਪੁੱਟੀਆਂ ਪਈਆਂ ਹਨ ਤੇ ਲੋਕ ਬੜੇ ਪਰੇਸ਼ਾਨ ਹੋ ਰਹੇ ਹਨ। ਇਸ ਤੋਂ ਇਲਾਵਾ ਇਹ ਵੀ ਦੇਖਣ 'ਚ ਆਇਆ ਕਿ ਕੁਝ ਸਮਾਂ ਪਹਿਲਾਂ ਬਣੀਆਂ ਸੜਕਾਂ ਨੂੰ ਵੀ ਕਈ ਜਗ੍ਹਾ ਪੁੱਟ ਦਿੱਤਾ ਗਿਆ ਹੈ, ਜਿਸ 'ਤੇ ਨਗਰ ਨਿਗਮ ਅਧਿਕਾਰੀਆਂ ਵਿਚ ਆਪਸੀ ਤਾਲਮੇਲ ਦੀ ਕਮੀ ਨਜ਼ਰ ਆਈ ਹੈ। ਕਿਉਂਕਿ ਸੜਕਾਂ ਬਣਾਉਂਦੇ B&R ਬ੍ਰਾਂਚ ਵਾਲੇ ਅਤੇ ਵਾਟਰ ਸਪਲਾਈ ਲਾਈਨ ਵਿਛਾ ਰਹੇ O&M ਸੈੱਲ ਵਿਚਾਲੇ ਆਪਸੀ ਤਾਲਮੇਲ ਨਹੀਂ ਹੈ। ਇਸ ਤਰ੍ਹਾਂ ਦਾ ਮਾਮਲਾ ਪਹਿਲਾਂ ਸਰਾਭਾ ਨਗਰ ਜੇ-ਬਲਾਕ ਵਿਚ ਸਾਹਮਣੇ ਆਇਆ ਜਿੱਥੇ ਨਵੀਂ ਬਣੀ ਸੜਕ ਨੂੰ ਪੁੱਟ ਦਿੱਤਾ ਗਿਆ ਤੇ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ।

ਹੁਣ ਇਕ ਮਾਮਲਾ ਸਾਹਮਣੇ ਆ ਰਿਹਾ ਹੈ ਸੱਗੂ ਚੌਂਕ ਤੋਂ ਲੈ ਕੇ ਹੰਬੜਾ ਰੋਡ ਤੱਕ ਜੋ ਸੜਕ ਬਣ ਰਹੀ ਹੈ, ਲਾਇਨਜ਼ ਕਲੱਬ ਕਿਚਲੂ ਨਗਰ ਦੇ ਅੱਗਿਓਂ, ਉਹ ਸੜਕ ਨੂੰ ਲੈ ਕੇ ਪਹਿਲਾਂ ਹੀ ਵਿਵਾਦ ਸੀ ਕਿ ਕਾਫ਼ੀ ਦੇਰ ਤੋਂ ਸੜਕ ਨਾ ਬਣਨ ਕਰਕੇ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਸੀ। ਹੁਣ ਇਹ ਕਿਹਾ ਜਾ ਰਿਹਾ ਕਿ ਵਾਟਰ ਸਪਲਾਈ ਲਾਈਨ ਵਿਛਾਉਣ ਲਈ ਫਿਰ ਸੜਕ ਨੂੰ ਪੱਟਣਾ ਪੈ ਸਕਦਾ ਹੈ। ਹਾਲਾਂਕਿ ਪਹਿਲਾਂ ਹੀ ਪਤਾ ਸੀ ਕਿ ਇੱਥੇ ਲਾਈਨ ਪੈਣੀ ਹੈ, ਪਰ ਸੜਕ ਬਣਾ ਦਿੱਤੀ ਗਈ ਹੈ।

ਇਸ ਮਾਮਲੇ ਦੇ ਵਿਚ ਹੁਣ ਡੀ.ਸੀ. ਲੁਧਿਆਣਾ ਦੀ ਐਂਟਰੀ ਹੋ ਗਈ ਹੈ। ਡੀ.ਸੀ. ਲੁਧਿਆਣਾ ਨੇ ਇਸ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਪਬਲਿਕ ਮਨੀ ਬਿਲਕੁਲ ਨਹੀਂ ਖ਼ਰਾਬ ਹੋਣ ਦਿੱਤੀ ਜਾਵੇਗੀ ਅਤੇ ਨਾ ਹੀ ਸੜਕਾਂ ਪੱਟਣ ਦੀ ਵਜ੍ਹਾ ਨਾਲ ਲੋਕਾਂ ਨੂੰ ਪਰੇਸ਼ਾਨ ਹੋਣ ਦਿੱਤੀ ਜਾਵੇਗੀ। ਇਸ ਸਬੰਧੀ ਉਨ੍ਹਾਂ ਨੇ ਨਗਰ ਨਿਗਮ ਨੂੰ ਲੈਟਰ ਲਿਖੀ ਹੈ ਤੇ ਕਮਿਸ਼ਨਰ ਨੂੰ ਕਿਹਾ ਹੈ ਕਿ ਜਿਹੜੀਆਂ ਸੜਕਾਂ ਪੁੱਟੀਆਂ ਹੋਈਆਂ ਹਨ, ਉਨ੍ਹਾਂ ਦੀ ਜਲਦੀ ਤੋਂ ਜਲਦੀ ਮੁਰੰਮਤ ਕਰਵਾਓ ਤੇ ਅਜਿਹਾ ਕੋਈ ਮਾਮਲਾ ਨਹੀਂ ਆਉਣਾ ਚਾਹੀਦਾ ਕਿ ਨਵੀਂ ਬਣੀ ਸੜਕ ਨੂੰ ਪੁੱਟਿਆ ਜਾਵੇ।
 


author

Anmol Tagra

Content Editor

Related News