ਨਗਰ ਨਿਗਮ ਦੀ ਨਾਲਾਇਕੀ! ਸੜਕਾਂ ਧੱਸਣ ਦੀ ਰਾਜਧਾਨੀ ਬਣਿਆ ਲੁਧਿਆਣਾ
Monday, Aug 17, 2026 - 02:50 PM (IST)
ਲੁਧਿਆਣਾ (ਹਿਤੇਸ਼): ਨਗਰ ਨਿਗਮ ਦੀ ਨਾਲਾਇਕੀ ਦੇ ਚੱਲਦੇ ਲੁਧਿਆਣਾ ਸੜਕਾਂ ਧੱਸਣ ਦੀ ਰਾਜਧਾਨੀ ਬਣ ਗਿਆ ਹੈ। ਜਿਸਦੇ ਤਹਿਤ ਕੁਝ ਹੀ ਦਿਨਾਂ ਦੇ ਅੰਦਰ ਸ਼ਹਿਰ ਵਿਚ ਕਈ ਥਾਵਾਂ ’ਤੇ ਸੜਕਾਂ ਧੱਸਣ ਦਾ ਰਿਕਾਰਡ ਕਾਇਮ ਹੋ ਗਿਆ ਹੈ। ਇਸ ਨਾਲ ਜੁੜਿਆ ਮਾਮਲਾ ਭਾਰਤ ਨਗਰ ਚੌਕ, ਮਾਡਲ ਟਾਊਨ, ਗੁਰਦੇਵ ਨਗਰ ਅਤੇ ਕਿਚਲੂ ਨਗਰ, ਫਾਊਂਟੇਨ ਚੌਕ ਤੋਂ ਬਾਅਦ ਹੁਣ ਸ਼ਹਿਰ ਦੇ ਸਭ ਤੋਂ ਪੌਸ਼ ਇਲਾਕੇ ਸਰਾਭਾ ਨਗਰ ਵਿਚ ਸਾਹਮਣੇ ਆਇਆ ਹੈ, ਜਿੱਥੇ ਗੁਰਦੁਆਰਾ ਸਾਹਿਬ ਅਤੇ ਮੰਦਰ ਨੂੰ ਜਾਣ ਵਾਲੀ ਮੇਨ ਰੋਡ ਵੀ ਖੋਖਲੀ ਨਿਕਲੀ।
ਇਹ ਸੜਕ ਫਿਰੋਜ਼ਪੁਰ ਰੋਡ, ਸਿੱਧਵਾਂ ਨਹਿਰ, ਬੀ.ਆਰ.ਐੱਸ. ਨਗਰ ਅਤੇ ਮਲਹਾਰ ਰੋਡ ਨੂੰ ਆਪਸ ਵਿਚ ਜੋੜਦੀ ਹੈ। ਜਿਸਦੇ ਜ਼ੋਨ-ਡੀ ਦਫ਼ਤਰ ਤੋਂ ਆਉਣ ਵਾਲੇ ਪੁਆਇੰਟ ’ਤੇ ਕੁਝ ਦਿਨ ਪਹਿਲਾਂ ਟੋਆ ਪੈ ਗਿਆ ਜਿਸ ਪੁਆਇੰਟ ’ਤੇ ਨਗਰ ਨਿਗਮ ਵੱਲੋਂ ਪਹਿਲਾਂ ਪਾਣੀ ਦਾ ਟੈਂਕਰ ਖੜ੍ਹਾ ਕਰਕੇ ਰਸਤਾ ਬੰਦ ਕਰ ਦਿੱਤਾ ਗਿਆ ਸੀ ਅਤੇ ਸ਼ੁੱਕਰਵਾਰ ਨੂੰ ਜਦੋਂ ਖੁਦਾਈ ਕੀਤੀ ਗਈ ਤਾਂ ਸੜਕ ਦਾ ਵੱਡਾ ਹਿੱਸਾ ਅੰਦਰੋਂ ਖੋਖਲਾ ਹੋ ਚੁੱਕਾ ਸੀ। ਜਿੱਥੇ ਓ.ਐਂਡ.ਐੱਮ. ਸੈੱਲ ਦੇ ਸਟਾਫ਼ ਵੱਲੋਂ ਮੁਰੰਮਤ ਦਾ ਕੰਮ ਐਤਵਾਰ ਤੱਕ ਪੂਰਾ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਹੁਣ ਵਾਹਨਾਂ ਦੀ ਆਵਾਜਾਈ ਬੰਦ ਹੋਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅੰਡਰਗਰਾਊਂਡ ਕੇਬਲ ਵਿਛਾਉਣ ਵਾਲੀ ਕੰਪਨੀਆਂ ਖ਼ਿਲਾਫ਼ ਕਾਰਵਾਈ ਨਾ ਹੋਣ ’ਤੇ ਉੱਠ ਰਹੇ ਸਵਾਲ
ਨਗਰ ਨਿਗਮ ਵੱਲੋਂ ਮਾਡਲ ਟਾਊਨ, ਗੁਰਦੇਵ ਨਗਰ, ਭਾਰਤ ਨਗਰ ਚੌਕ, ਓਨ ਹੋਟਲ ਦੇ ਬਾਹਰ, ਕਿਚਲੂ ਨਗਰ ਮੇਨ ਰੋਡ ਅਤੇ ਫਾਊਂਟੇਨ ਚੌਕ ਦੇ ਨੇੜੇ ਸੜਕ ਧੱਸਣ ਲਈ ਅੰਡਰਗਰਾਊਂਡ ਕੇਬਲ ਵਿਛਾਉਣ ਵਾਲੀਆਂ ਕੰਪਨੀਆਂ ਨੂੰ ਜ਼ਿੰਮੇਵਾਰ ਦੱਸਿਆ ਗਿਆ ਸੀ। ਕਿਉਂਕਿ ਗਲਤ ਢੰਗ ਨਾਲ ਡ੍ਰਿਲਿੰਗ ਕਰਨ ਦੌਰਾਨ ਪਾਣੀ-ਸੀਵਰੇਜ ਦੀ ਲਾਈਨ ਵਿਚ ਲੀਕੇਜ ਹੋਣ ਕਾਰਨ ਮਿੱਟੀ ਖਿਸਕ ਜਾਂਦੀ ਹੈ। ਜਿਸ ਨੂੰ ਲੈ ਕੇ ਮੇਅਰ-ਕਮਿਸ਼ਨਰ ਅਤੇ ਡੀ.ਸੀ. ਵੱਲੋਂ ਕਿਚਲੂ ਨਗਰ ਮੇਨ ਰੋਡ ਦੇ ਪੁਆਇੰਟ ’ਤੇ ਦੌਰੇ ਦੌਰਾਨ ਅੰਡਰਗਰਾਊਂਡ ਕੇਬਲ ਵਿਛਾਉਣ ਵਾਲੀਆਂ ਕੰਪਨੀਆਂ ਖ਼ਿਲਾਫ਼ ਮਾਮਲਾ ਦਰਜ ਕਰਵਾਉਣ ਦੀ ਗੱਲ ਆਖੀ ਗਈ ਸੀ। ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਅਤੇ ਸਰਾਭਾ ਨਗਰ ਵਿਚ ਵੀ ਸੜਕ ਧੱਸਣ ਲਈ ਅੰਡਰਗਰਾਊਂਡ ਕੇਬਲ ਵਿਛਾਉਣ ਵਾਲੀਆਂ ਕੰਪਨੀਆਂ ਦੀ ਲਾਪਰਵਾਹੀ ਹੀ ਸਾਹਮਣੇ ਆ ਰਹੀ ਹੈ।
ਸੜਕਾਂ ਧੱਸਣ ਦੇ ਵੱਖ-ਵੱਖ ਕਾਰਨ ਆਏ ਸਾਹਮਣੇ: ਐੱਸ. ਈ.
ਇਸ ਸਬੰਧੀ ਐੱਸ.ਈ. ਏਕਜੋਤ ਸਿੰਘ ਨੇ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਸ਼ਹਿਰ ਵਿਚ ਜਿੱਥੇ ਵੀ ਸੜਕਾਂ ਧੱਸਣ ਦੀ ਸੂਚਨਾ ਮਿਲਦੀ ਹੈ, ਓ.ਐਂਡ.ਐੱਮ. ਸੈੱਲ ਦੇ ਸਟਾਫ਼ ਨੂੰ ਤੁਰੰਤ ਮੁਰੰਮਤ ਦਾ ਕੰਮ ਸ਼ੁਰੂ ਕਰਨ ਲਈ ਕਿਹਾ ਗਿਆ ਹੈ। ਇਸ ਦੌਰਾਨ ਹਰ ਥਾਂ ਸੜਕਾਂ ਧੱਸਣ ਦੇ ਵੱਖ-ਵੱਖ ਕਾਰਨ ਸਾਹਮਣੇ ਆ ਰਹੇ ਹਨ। ਜਿਸ ਵਿਚ ਪ੍ਰਾਈਵੇਟ ਕਨੈਕਸ਼ਨ ਲੈਣ ਜਾਂ ਅੰਡਰਗਰਾਊਂਡ ਕੇਬਲ ਵਿਛਾਉਣ ਲਈ ਡ੍ਰਿਲਿੰਗ ਦੌਰਾਨ ਪਾਣੀ-ਸੀਵਰੇਜ ਦੀ ਲਾਈਨ ਨੂੰ ਨੁਕਸਾਨ ਪਹੁੰਚਣ ਕਾਰਨ ਲੀਕੇਜ ਹੋਣ ਤੋਂ ਬਾਅਦ ਮਿੱਟੀ ਖਿਸਕਣ ਦੇ ਪਹਿਲੂ ਸ਼ਾਮਲ ਹਨ। ਕਈ ਥਾਵਾਂ ’ਤੇ ਪਾਣੀ-ਸੀਵਰੇਜ ਦੀਆਂ ਲਾਈਨਾਂ ਕਾਫ਼ੀ ਪੁਰਾਣੀਆਂ ਹੋਣ ਕਾਰਨ ਵੀ ਦਿੱਕਤ ਆ ਰਹੀ ਹੈ। ਜਿੱਥੋਂ ਤੱਕ ਅੰਡਰਗਰਾਊਂਡ ਕੇਬਲ ਵਿਛਾਉਣ ਵਾਲੀਆਂ ਕੰਪਨੀਆਂ ਖ਼ਿਲਾਫ਼ ਕਾਰਵਾਈ ਨਾ ਹੋਣ ਦਾ ਸਵਾਲ ਹੈ, ਇਸ ਸਬੰਧੀ ਜੁਆਇੰਟ ਕਮਿਸ਼ਨਰ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਵੱਲੋਂ ਕਮਿਸ਼ਨਰ ਨੂੰ ਰਿਪੋਰਟ ਪੇਸ਼ ਕੀਤੀ ਜਾਵੇਗੀ।
