ਕਰੋੜਾਂ ਰੁਪਏ ਦੇ ਠੱਗੀ ਮਾਰਨ ਵਾਲੇ ਟ੍ਰੈਵਲ ਏਜੰਟ ਤੋਂ ਲੁਧਿਆਣਾ ਪੁਲਸ ਰਿਮਾਂਡ ਦੌਰਾਨ ਨਹੀਂ ਕਰ ਸਕੀ ਕੋਈ ਰਿਕਵਰੀ

Friday, Jul 09, 2021 - 10:27 PM (IST)

ਕਰੋੜਾਂ ਰੁਪਏ ਦੇ ਠੱਗੀ ਮਾਰਨ ਵਾਲੇ ਟ੍ਰੈਵਲ ਏਜੰਟ ਤੋਂ ਲੁਧਿਆਣਾ ਪੁਲਸ ਰਿਮਾਂਡ ਦੌਰਾਨ ਨਹੀਂ ਕਰ ਸਕੀ ਕੋਈ ਰਿਕਵਰੀ

ਲੁਧਿਆਣਾ (ਅਮਨ) - ਫਰਜ਼ੀ ਟ੍ਰੈਵਲ ਏਜੰਟਾਂ ’ਤੇ ਕਮਿਸ਼ਨਰੇਟ ਪੁਲਸ ਵੱਲੋਂ ਨਵੇਂ ਸਾਲ ’ਤੇ ਜ਼ੋਰਾਂ ਸ਼ੋਰਾਂ ਨਾਲ ਕਾਰਵਾਈ ਕਰਦੇ ਹੋਏ ਸੈਂਕੜੇ ਕੇਸ ਦਰਜ ਕੀਤੇ ਸਨ ਪਰ ਹੁਣ ਤੱਕ ਕਿੰਨਿਆਂ ਦੀਆਂ ਗ੍ਰਿਫਤਾਰੀਆਂ ਪਾਈਆਂ, ਇਸ ਦਾ ਕੋਈ ਅੰਦਾਜ਼ਾ ਨਹੀਂ ਹੈ। ਇਸ ਕਾਰਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਫਰਜ਼ੀ ਟ੍ਰੈਵਲ ਏਜੰਟਾਂ ਦੇ ਨਾਮ ਨਾਲ ਦਫਤਰ ਚਲਾਉਣ ਵਾਲੇ ਮਾਸਟਰ ਮਾਈਂਡ ਮੁਲਜ਼ਮ ਪੰਕਜ ਖੋਖਰ ਨੂੰ ਬੇਸ਼ੱਕ ਅੰਮ੍ਰਿਤਸਰ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਸੀ ਜੋ ਕਾਫੀ ਸਮੇਂ ਤੋਂ ਧੋਖਾ ਦੇ ਕੇ ਪੁਲਸ ਨਾਲ ਅੱਖ ਮਿਚੋਲੀ ਖੇਡ ਰਿਹਾ ਸੀ। ਹੁਣ ਲੁਧਿਆਣਾ ਪੁਲਸ ਇਸ ਮੁਲਜ਼ਮ ਪੰਕਜ ਖੋਖਰ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਸੀ  ਪਰ ਪੁਲਸ ਚੌਕੀ ਜਨਕਪੁਰੀ ਨੇ ਮੁਲਜ਼ਮ ’ਤੇ ਕਿਸੇ ਤਰ੍ਹਾਂ ਦੀ ਸਖਤੀ ਵਰਤਣ ਦੀ ਬਜਾਏ ਉਸ ਦੀ ਆਓ ਭਗਤ ਕਰਨ ਵਿਚ ਲੱਗੀ ਰਹੀ ਅਤੇ ਨਾ ਹੀ ਕਿਸੇ ਸ਼ਿਕਾਇਤ ਦਾ ਹੱਲ ਕੱਢਣ ਵਿਚ ਕਾਮਯਾਬ ਹੋ ਸਕੀ। ਮੁਲਜ਼ਮ ਪੰਕਜ ਖੋਖਰ ਨੇ ਜਿਨ੍ਹਾਂ ਵਿਅਕਤੀਆਂ ਤੋਂ ਕਰੋੜਾਂ ਰੁਪਏ ਲੈ ਕੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰੀ ਸੀ, ਉਸ ਵਿਚ ਜਨਕਪੁਰੀ ਪੁਲਸ ਮੁਲਜ਼ਮ ਤੋਂ ਕੁਝ ਵੀ ਨਹੀਂ ਵਸੂਲ ਸਕੀ ਹੈ ਅਤੇ ਲਾ ਹੀ ਇਸ ਦੇ ਬਾਕੀ ਫਰਾਰ ਸਾਥੀਆਂ ਨੂੰ ਫੜਨ ਵਿਚ ਕੋਈ ਦਿਲਚਸਪੀ ਦਿਖਾ ਰਹੀ ਹੈ। ਪੁਲਸ ਸਿਰਫ ਕਾਗਜ਼ੀ ਕਾਰਵਾਈ ਕਰਕੇ ਫਾਈਲ ਨੂੰ ਅੱਗੇ ਭੇਜਣ ਤੱਕ ਸੀਮਤ ਰਹੀ। ਇਸ ਤੋਂ ਸਾਫ ਜ਼ਾਹਰ ਹੋ ਰਿਹਾ ਹੈ ਕਿ ਪੁਲਸ ਦੀ ਕਥਿਤ ਮਿਲੀਭੁਗਤ ਕਾਰਨ ਮੁਲਜ਼ਮ ਨੂੰ ਬਚਾਇਆ ਜਾ ਰਿਹਾ ਹੈ। ਟ੍ਰੈਵਲ ਏਜੰਟ ਮੁਲਜ਼ਮ ਪੰਕਜ ਖੋਖਰ ਦੇ ਪੁਲਸ ਵੱਲੋਂ ਫੜੇ ਜਾਣ ‘ਤੇ ਹੋਰ ਲੋਕ ਜੋ ਇਸ ਦੀ ਠੱਗੀ ਦਾ ਸ਼ਿਕਾਰ ਹੋਏ ਸਨ, ਨੇ ਵੀ ਪੁਲਸ ਕਮਿਸ਼ਨਰ ਲੁਧਿਆਣਾ ਨੂੰ ਸ਼ਿਕਾਇਤ ਦੇ ਕੇ ਇਨਸਾਫ ਦੀ ਗੁਹਾਰ ਲਗਾਈ ਹੈ।

ਇਨ੍ਹਾਂ ਸ਼ਿਕਾਇਤਕਰਤਾਵਾਂ ਨੇ ਪੁਲਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿਚ ਮੁਨੀਸ਼ ਕੁਮਾਰ ਹੁਸ਼ਿਆਰਪੁਰ ਵਾਸੀ ਨੇ ਦੱਸਿਆ ਕਿ 2019 ਵਿਚ ਮੁਲਜ਼ਮ ਪੰਕਜ ਖੋਖਰ ਅਤੇ ਉਨ੍ਹਾਂ ਦੀ ਟੀਮ ਨੇ ਉਨ੍ਹਾਂ ਨੂੰ ਵਿਦੇਸ਼ ਕੈਨੇਡਾ ਭੇਜਣ ਅਤੇ ਵਰਕ ਪਰਮਿਟ ਦੇ ਨਾਮ ’ਤੇ 2 ਲੱਖ 10 ਹਜ਼ਾਰ ਰੁਪਏ ਲੈ ਲਏ ਪਰ ਨਾ ਤਾਂ ਕੈਨੇਡਾ ਦਾ ਵੀਜ਼ਾ ਦਿਵਾਇਅ ਅਤੇ ਨਾ ਹੀ ਉਨ੍ਹਾਂ ਦੀ ਪੇਮੈਂਟ ਵਾਪਸ ਕੀਤੀ ਜਿਸ ’ਤੇ ਉਨ੍ਹਾਂ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਕਰਨ ਦੀ ਮੰਗ ਕੀਤੀ।

ਦੂਜੇ ਪਾਸੇ ਸੁਰਿੰਦਰ ਸਿੰਘ ਵਾਸੀ ਹੁਸ਼ਿਆਰਪੁਰ ਨੇ ਦੱਸਿਆ ਕਿ ਮੁਲਜ਼ਮ ਪੰਕਜ ਖੋਖਰ ਨੇ ਉਨ੍ਹਾਂ ਨੂੰ 2 ਸਾਲ ਦਾ ਵਰਕ ਪਰਮਿਟ ਦਿਵਾਉਣ ਦੇ ਨਾਮ ‘ਤੇ 4 ਲੱਖ ਰੁਪਏ ਦੀ ਮੰਗ ਕੀਤੀ ਸੀ ਜਿਸ ’ਤੇ 52 ਹਜ਼ਾਰ ਰੁਪਏ ਅਡਵਾਂਸ ਦੇ ਤੌਰ ’ਤੇ ਲਏ ਸਨ ਪਰ 3 ਸਾਲ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ਦਾ ਵੀਜ਼ਾ ਨਹੀਂ ਆਇਆ ਅਤੇ ਨਾ ਹੀ ਉਨ੍ਹਾਂ ਨੂੰ ਰੁਪਏ ਮੋੜੇ।

ਮੁਲਜ਼ਮ ਪੰਕਜ ਖੋਖਰ ਦਾ ਪੁਲਸ ਨੇ ਲਿਆ 3 ਦਿਨ ਦਾ ਰਿਮਾਂਡ
ਥਾਣਾ ਡਵੀਜ਼ਨ ਨੰ. 6 ਦੀ ਪੁਲਸ ਨੇ ਟ੍ਰੈਵਲ ਏਜੰਟ ਮੁਲਜ਼ਮ ਪੰਕਜ ਖੋਖਰ ਨੂੰ 71 ਲੱਖ ਰੁਪਏ ਦੀ ਠੱਗੀ ਮਾਰਨ ’ਤੇ ਪ੍ਰੋਡਕਸ਼ਨ ਵਾਰੰਟ ’ਤੇ ਲਿਆਈ ਸੀ ਜਿਸ ਵਿਚ ਮਾਣਯੋਗ ਅਦਾਲਤ ਤੋਂ ਪੁਲਸ ਨੂੰ 3 ਦਿਨ ਦਾ ਰਿਮਾਂਡ ਹਾਸਲ  ਹੋਇਆ ਹੈ।

ਜਾਂਚ ਅਧਿਕਾਰੀ ਬਲਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਪੰਕਜ ਖੋਖਰ ਨੂੰ ਰਿਮਾਂਡ ’ਤੇ ਲੈ ਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਲੁਧਿਆਣਾ ਵਿਚ ਕਿਨ੍ਹਾਂ-ਕਿਨ੍ਹਾਂ ਥਾਵਾਂ ‘ਤੇ ਫਰਜ਼ੀ ਦਫ਼ਤਰ ਬਣਾ ਕੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਹੈ। ਜਾਂਚ ਅਧਿਕਾਰੀ ਬਲਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ’ਤੇ ਪੁਲਸ ਨੇ 17 ਜੂਨ ਨੂੰ ਧਾਰਾ 420 ਅਤੇ ਹੋਰਨਾਂ ਧਾਰਾਵਾਂ ਦੇ ਤਹਿਤ ਪਰਚਾ ਦਰਜ ਕੀਤਾ ਸੀ। ਪੁਲਸ ਅਗਲੀ ਜਾਂਚ ਕਰ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News