ਲੁਧਿਆਣਾ : ਲੇਬਰ ਕਾਲੋਨੀਆਂ ''ਚ 20 ਲੱਖ ਮਾਸਕ ਮੁਫਤ ਵੰਡਣਗੇ ਪੁਲਸ ਕਮਿਸ਼ਨਰ
Thursday, Jul 02, 2020 - 02:33 PM (IST)
ਲੁਧਿਆਣਾ (ਰਿਸ਼ੀ) : ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਲੇਬਰ ਕਾਲੋਨੀਆਂ 'ਚ ਰਹਿ ਰਹੇ ਲੋਕਾਂ ਦਾ ਕੋਰੋਨਾ ਤੋਂ ਬਚਾਅ ਕਰਨ ਦੇ ਮਕਸਦ ਨਾਲ ਮੁਫਤ ਮਾਸਕ ਵੰਡਣ ਦਾ ਪਲਾਨ ਬਣਾਇਆ ਗਿਆ ਹੈ। ਫੇਸਬੁੱਕ ਪੇਜ਼ ’ਤੇ ਜਾਣਕਾਰੀ ਸਾਂਝੀ ਕਰਦਿਆਂ ਸੀ. ਪੀ. ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਪੁਲਸ 20 ਲੱਖ ਮਾਸਕ ਖਰੀਦ ਕੇ ਮੁਫਤ ਵੰਡੇਗੀ। ਉਨ੍ਹਾਂ ਨੂੰ ਅਜਿਹੇ ਮਾਸਕ ਚਾਹੀਦੇ ਹਨ, ਜਿਨ੍ਹਾਂ ਨੂੰ ਧੋ ਕੇ ਫਿਰ ਇਸਤੇਮਾਲ ਕੀਤਾ ਜਾ ਸਕੇ ਅਤੇ ਮਾਸਕ ’ਤੇ ਤਣੀ ਵੀ ਲੱਗੀ ਹੋਵੇ। ਸੀ. ਪੀ. ਵੱਲੋਂ ਪੁਲਸ ਮਹਿਕਮੇ ਨੂੰ ਮਾਸਕ ਸਪਲਾਈ ਕਰਨ ਦੇ ਚਾਹਵਾਨ ਲੋਕਾਂ ਨੂੰ ਆਪਣਾ ਨਾਮ, ਮੋਬਾਇਲ ਨੰਬਰ, ਮਾਸਕ ਦਾ ਰੇਟ ਫੇਸਬੁੱਕ ਪੇਜ਼ ’ਤੇ ਲਿਖਣ ਲਈ ਕਿਹਾ ਗਿਆ ਹੈ, ਜਿਸ ਤੋਂ ਬਾਅਦ ਪੁਲਸ ਇਕ-ਇਕ ਕਰ ਕੇ ਸਾਰਿਆਂ ਨੂੰ ਬੁਲਾ ਕੇ ਗੱਲਬਾਤ ਕਰ ਕੇ ਮਾਸਕ ਦੀ ਕੁਆਲਟੀ ਚੈੱਕ ਕਰੇਗੀ, ਜਿਸ ਦਾ ਰੇਟ ਸਭ ਤੋਂ ਘੱਟ ਅਤੇ ਕੁਆਲਟੀ 'ਚ ਸਭ ਤੋਂ ਵਧੀਆ ਹੋਵੇਗੀ, ਉਸ ਨੂੰ ਆਰਡਰ ਦਿੱਤਾ ਜਾਵੇਗਾ।
ਸਪਲਾਈ ਦੇਣ ਵਾਲੇ ਦਾ ਨਾਂ ਕਰਨ ਜਨਤਕ, ਵੰਡ ਕੇ ਦੇਣ ਆਰਡਰ
ਲੋਕਾਂ ਵੱਲੋਂ ਜਿੱਥੇ ਆਪਣਾ-ਆਪਣਾ ਰੇਟ ਅਤੇ ਨਾਂ ਲਿਖ ਕੇ ਪੁਲਸ ਨੂੰ ਭੇਜਿਆ ਜਾ ਰਿਹਾ ਹੈ, ਉੱਥੇ ਕੁੱਝ ਲੋਕਾਂ ਵੱਲੋਂ ਪੁਲਸ ਨੂੰ ਸੁਝਾਅ ਦਿੰਦੇ ਹੋਏ ਕਿਹਾ ਗਿਆ ਹੈ ਕਿ ਸਪਲਾਈ ਕਰਨ ਵਾਲਿਆਂ ਦਾ ਨਾਂ ਜਨਤਕ ਹੋਣਾ ਚਾਹੀਦਾ ਹੈ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਕਿਸ ਰੇਟ ’ਤੇ ਕਿਸ ਵਿਅਕਤੀ ਤੋਂ ਮਾਸਕ ਖਰੀਦਿਆ ਜਾ ਰਿਹਾ ਹੈ। ਨਾਲ ਹੀ ਇਕ ਨੌਜਵਾਨ ਨੇ 20 ਲੱਖ ਮਾਸਕ ਦਾ ਆਰਡਰ ਸਾਰਿਆਂ ਨੂੰ ਵੰਡ ਕੇ ਦੇਣ ਨੂੰ ਕਿਹਾ ਤਾਂ ਕਿ ਹਰ ਵਿਅਕਤੀ ਨੂੰ ਰੋਜ਼ਗਾਰ ਮਿਲ ਸਕੇ।