ਲੁਧਿਆਣਵੀਆਂ ਨੂੰ ''23 ''ਚ ਦੋ ਮੇਅਰ ਮਿਲਣ ਦੇ ਆਸਾਰ!

Tuesday, Jan 16, 2018 - 11:24 AM (IST)

ਲੁਧਿਆਣਵੀਆਂ ਨੂੰ ''23 ''ਚ ਦੋ ਮੇਅਰ ਮਿਲਣ ਦੇ ਆਸਾਰ!

ਲੁਧਿਆਣਾ (ਮੁੱਲਾਂਪੁਰੀ) : ਮਹਾਨਗਰ 'ਚ ਨਿਗਮ ਚੋਣਾਂ ਦਾ ਐਲਾਨ ਕਿਸੇ ਵੇਲੇ ਹੋ ਸਕਦਾ ਹੈ। ਇਸ ਵਾਰ 95 ਵਾਰਡਾਂ 'ਚ ਨਵੀਂ ਵਾਰਡਬੰਦੀ ਮੁਤਾਬਕ ਚੋਣ ਹੋਵੇਗੀ। ਲੁਧਿਆਣੇ ਦੇ ਲੋਕਾਂ ਨੂੰ ਕਿਸੇ ਇਕ ਪਾਰਟੀ ਦਾ ਮੇਅਰ ਮਿਲ ਜਾਵੇਗਾ ਅਤੇ ਉਸ ਮੇਅਰ ਨੂੰ ਇਸ ਗੱਲ ਦਾ ਮਾਣ ਤੇ ਸਨਮਾਨ ਪ੍ਰਾਪਤ ਹੋਵੇਗਾ ਕਿ ਉਹ ਪੰਜਾਬ ਵਿਚ 10 ਦੇ ਨੇੜੇ-ਤੇੜੇ ਵੱਖ-ਵੱਖ ਨਗਰ ਨਿਗਮਾਂ ਤੋਂ ਵੱਧ ਕੌਂਸਲਰਾਂ ਅਤੇ ਪੰਜਾਬ ਦੇ ਸਭ ਤੋਂ ਵੱਡੇ ਸ਼ਹਿਰ ਮਹਾਨਗਰ ਦੀ ਨੁਮਾਇੰਦਗੀ ਕਰਨ ਦਾ ਮਾਣ ਹਾਸਲ ਹੋਵੇਗਾ, ਕਿਉਂਕਿ ਇਹ ਮੇਅਰ 7 ਵਿਧਾਇਕਾਂ ਨਾਲ ਕੰਮ ਕਰਨ ਵਿਚ ਵੱਡੀ ਮੁਹਾਰਤ ਹਾਸਲ ਕਰੇਗਾ। 6 ਹਲਕੇ ਸ਼ਹਿਰੀ ਅਤੇ 7ਵਾਂ ਹਲਕਾ ਸਾਹਨੇਵਾਲ ਹੈ ਪਰ ਨਾਲ ਹੀ ਅੱਜਕੱਲ ਇਹ ਵੀ ਚਰਚਾ ਸਿਆਸੀ ਹਲਕਿਆਂ 'ਚ ਕੌਂਸਲਰ ਸੱਜਣ ਹੀ ਕਰਨ ਲੱਗ ਪਏ ਹਨ ਕਿ ਹੋ ਸਕਦਾ 2023 ਵਿਚ ਉਸ ਵੇਲੇ ਦੇ ਹਾਲਾਤ ਉਸ ਵੇਲੇ ਦੀ ਸਰਕਾਰ ਦਾ ਮੂਡ ਲੁਧਿਆਣੇ ਵਿਚ 95 ਕੌਂਸਲਰਾਂ ਦਾ ਭਾਰ ਮੇਅਰ ਦੇ ਮੋਢਿਆਂ ਤੋਂ ਘੱਟ ਕਰ ਕੇ ਉਸ ਨੂੰ ਰਾਹਤ ਦੇਣ ਲਈ ਲੁਧਿਆਣੇ ਵਿਚ ਦੋ ਮੇਅਰ ਬਣਾਉਣ ਵਰਗੀ ਵਿਉਂਤ ਬਣਾ ਲਵੇ, ਕਿਉਂਕਿ ਪੰਜ ਸਾਲਾਂ ਬਾਅਦ ਲੁਧਿਆਣਾ ਸ਼ਹਿਰ ਨੇ ਆਬਾਦੀ ਪੱਖੋਂ ਹੋਰ ਫੈਲ ਜਾਣਾ ਹੈ ਤੇ ਸਮਾਰਟ ਸਿਟੀ ਕਰ ਕੇ ਲੁਧਿਆਣਾ ਆਉਣ ਵਾਲੇ ਦਿਨਾਂ ਵਿਚ ਹੋਰ ਸਮਾਰਟ ਹੋਣ ਜਾ ਰਿਹਾ ਹੈ ਪਰ ਇਸ ਦਾ ਵਧਿਆ ਹੋਇਆ ਆਬਾਦੀ ਦਾ ਖੇਤਰਫਲ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਅਗਲੀ ਸਰਕਾਰ ਇਸ 'ਤੇ ਬਾਜ਼ ਅੱਖ ਰੱਖ ਕੇ ਵਿਚਰੇਗੀ। ਜਦੋਂ ਇਸ ਸਬੰਧੀ ਇਕ ਸੀਨੀਅਰ ਕੌਂਸਲਰ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਜਦੋਂ ਕਿਸੇ ਸ਼ਹਿਰ ਦੇ ਵਾਰਡ 100 ਦਾ ਅੰਕੜਾ ਪਾਰ ਕਰ ਜਾਣ ਤਾਂ ਉਸ ਦਾ ਕੰਮ ਵੱਧ ਜਾਵੇਗਾ ਤੇ ਇਕ ਮੇਅਰ ਦੇ ਮੋਢਿਆਂ 'ਤੇ ਭਾਰ ਘਟਾਉਣ ਲਈ ਦੋ ਮੇਅਰ ਦੀ ਲੋੜ ਪੈ ਸਕਦੀ ਹੈ। ਇਸ ਲਈ ਜਿਸ ਤਰੀਕੇ ਨਾਲ ਲੁਧਿਆਣੇ ਦੇ ਨਾਲ ਵੱਸਦੇ ਪਿੰਡ, ਕਾਲੋਨੀਆਂ ਜੋ ਬਿਲਕੁਲ ਨਾਲ ਹਨ, ਜੇਕਰ ਉਹ ਇਸ ਸਰਕਾਰ ਨੇ ਨਗਰ ਨਿਗਮ ਵਿਚ ਸ਼ਾਮਲ ਕਰ ਲਈਆਂ ਤਾਂ 2023 'ਚ ਦੋ ਮੇਅਰ ਬਣਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।


Related News