8.49 ਕਰੋੜ ਲੁੱਟ ਦਾ ਮਾਮਲਾ : 18 ਮੁਲਜ਼ਮ ਅਦਾਲਤ ''ਚ ਪੇਸ਼, 2 ਦਿਨ ਦਾ ਰਿਮਾਂਡ ਵਧਿਆ
Saturday, Jun 24, 2023 - 03:32 PM (IST)
ਲੁਧਿਆਣਾ (ਰਾਜ) : ਸੀ. ਐੱਮ. ਐੱਸ. ਏਜੰਸੀ 'ਚ ਹੋਈ 8.49 ਕਰੋੜ ਦੀ ਲੁੱਟ ਦੇ ਮਾਮਲੇ 'ਚ ਗ੍ਰਿਫ਼ਤਾਰ ਸਾਰੇ 18 ਮੁਲਜ਼ਮਾਂ ਦਾ ਰਿਮਾਂਡ ਖ਼ਤਮ ਹੋ ਗਿਆ। ਉਨ੍ਹਾਂ ਸਾਰਿਆਂ ਨੂੰ ਸ਼ੁੱਕਰਵਾਰ ਨੂੰ ਮੁੜ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵੱਲੋਂ ਮੁਲਜਮਾਂ ਦਾ ਦੋ ਦਿਨ ਦਾ ਰਿਮਾਂਡ ਵਧਾਇਆ ਗਿਆ ਹੈ। ਪੁਲਸ ਯਤਨ ਕਰ ਰਹੀ ਹੈ ਕਿ ਬਾਕੀ ਬਚੇ ਪੈਸਿਆਂ ਦਾ ਕੁੱਝ ਪਤਾ ਲਗ ਸਕੇ। ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਜਮਾਂ ਨੂੰ ਦੋ ਦਿਨ ਦੇ ਹੋਰ ਰਿਮਾਂਡ ‘ਤੇ ਲਿਆ ਗਿਆ ਹੈ ਤਾਂ ਕਿ 1.35 ਕਰੋੜ ਦਾ ਕੁੱਝ ਪਤਾ ਲਗ ਸਕੇ।
ਹਾਲਾਂਕਿ ਪੁੱਛਗਿਛ ਵਿਚ ਮੁਲਜ਼ਮਾਂ ਨੇ 7.14 ਕਰੋੜ ਰੁਪਏ ਬਰਾਮਦ ਕਰਵਾ ਦਿੱਤੇ ਸਨ ਪਰ ਬਾਕੀ ਬਚੇ ਪੈਸਿਆਂ ਬਾਰੇ ਕੁੱਝ ਪਤਾ ਨਹੀਂ ਲਗ ਪਾ ਰਿਹਾ। ਸੀ.ਪੀ. ਨੇ ਕਿਹਾ ਕਿ ਬਾਕੀ ਪੈਸਿਆਂ ਦੀ ਜਾਂਚ ਲਈ ਐੱਸ. ਆਈ. ਟੀ. ਜਾਂਚ ਕਰ ਰਹੀ ਹੈ। ਉਹ ਏਜੰਸੀ ਦੇ ਅਧਿਕਾਰੀਆਂ ਤੋਂ ਪੁੱਛਗਿਛ ਕਰਕੇ ਰਿਪੋਰਟ ਬਣਾ ਕੇ ਜਲਦ ਰਿਪੋਰਟ ਦੇਵੇਗੀ।
ਏਜੰਸੀ ਅਧਿਕਾਰੀਆਂ ਤੋਂ ਮੰਗਿਆ ਗਿਆ ਹੈ ਪੈਸਿਆਂ ਦਾ ਹਿਸਾਬ
ਪੁਲਸ ਕਮਿਸ਼ਨਰ ਵੱਲੋਂ ਬਣਾਈ ਐੱਸ. ਆਈ. ਟੀ. ਏਜੰਸੀ ਦੇ ਅਧਿਕਾਰੀਆਂ ਤੋਂ ਲਗਾਤਾਰ ਪੁੱਛਗਿਛ ਕਰ ਰਹੀ ਹੈ। ਉਨ੍ਹਾਂ ਤੋਂ ਸਾਰੇ ਪੈਸਿਆਂ ਦਾ ਡਾਟਾ ਮੰਗਵਾਇਆ ਗਿਆ ਹੈ। ਜਲਦ ਹੀ ਐੱਸ. ਆਈ. ਟੀ. ਇਸ ਦੀ ਜਾਂਚ ਪੂਰੀ ਕਰਕੇ ਰਿਪੋਰਟ ਸੀ. ਪੀ. ਨੂੰ ਸੌਂਪੇਗੀ।