ਲੁਧਿਆਣਾ ਦੇ ਇਸ ਇਲਾਕੇ ''ਚ ਕੀੜੀਆਂ ਵਾਂਗ ਤੁੰਨੇ ਲੋਕ, ਜੇ ''ਕੋਰੋਨਾ'' ਆ ਗਿਆ ਤਾਂ...

Thursday, Apr 09, 2020 - 03:41 PM (IST)

ਲੁਧਿਆਣਾ ਦੇ ਇਸ ਇਲਾਕੇ ''ਚ ਕੀੜੀਆਂ ਵਾਂਗ ਤੁੰਨੇ ਲੋਕ, ਜੇ ''ਕੋਰੋਨਾ'' ਆ ਗਿਆ ਤਾਂ...

ਲੁਧਿਆਣਾ (ਨਰਿੰਦਰ) : ਕੋਰੋਨਾ ਵਰਗੀ ਮਹਾਂਮਾਰੀ ਨੇ ਪੂਰੇ ਪੰਜਾਬ ਨੂੰ ਇਸ ਸਮੇਂ ਆਪਣੀ ਲਪੇਟ 'ਚ ਲਿਆ ਹੋਇਆ ਹੈ ਅਤੇ ਪਰਵਾਸੀ ਮਜ਼ਦੂਰ ਬਾਹਰ ਜਾ ਰਹੇ ਹਨ। ਇਨ੍ਹਾਂ ਮਜ਼ਦੂਰਾ ਨੂੰ ਰੋਕ ਕੇ ਸੂਬੇ 'ਚ ਤਾਂ ਡੱਕ ਲਿਆ ਗਿਆ ਹੈ ਪਰ ਇਨ੍ਹਾਂ ਦੀ ਕਹਾਣੀ ਬੇਹੱਦ ਹੀ ਦਰਦਨਾਕ ਹੈ। ਸ਼ਹਿਰ ਦੇ ਕੰਗਨਵਾਲ ਇਲਾਕੇ 'ਚ ਇਕ ਕਮਰੇ 5-5 ਜਣੇ ਕੀੜੀਆਂ ਵਾਂਗ ਤੁੰਨੇ ਹੋਏ ਹਨ। ਇਕ ਪਾਸੇ ਸਮਾਜਿਕ ਦੂਰੀ ਦੀ ਗੱਲ ਕਹੀ ਜਾ ਰਹੀ ਹੈ ਪਰ ਜ਼ਰਾ ਸੋਚੋ ਕਿ ਜੇਕਰ ਇਸ ਇਲਾਕੇ 'ਚ ਕੋਰੋਨਾ ਆ ਗਿਆ ਤਾਂ ਲੋਕਾਂ ਦਾ ਕੀ ਬਣੇਗਾ। ਇਨ੍ਹਾਂ ਮਜ਼ਦੂਰਾਂ ਦਾ ਕਹਿਣਾ ਹੈ ਕਿ ਨਾ ਤਾਂ ਉਨ੍ਹਾਂ ਕੋਲ ਖਾਣ ਲਈ ਰੋਟੀ ਹੈ ਅਤੇ ਨਾ ਹੀ ਪੀਣ ਲਈ ਪਾਣੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਬਾਹਰ ਨਿਕਲਦੇ ਹਨ ਤਾਂ ਪੁਲਸ ਉਨ੍ਹਾਂ ਨੂੰ ਡੰਡੇ ਮਾਰਦੀ ਹੈ ਅਤੇ ਕੋਈ ਵੀ ਉਨ੍ਹਾਂ ਦੀ ਮਦਦ ਨਹੀਂ ਕਰ ਰਿਹਾ।

ਇਹ ਵੀ ਪੜ੍ਹੋ : ਕੋਰੋਨਾ ਦਾ ਖੌਫ : ਵਿਧਾਇਕ ਬਾਵਾ ਹੈਨਰੀ ਨੇ ਪਰਿਵਾਰ ਸਮੇਤ ਖੁਦ ਨੂੰ ਕੀਤਾ ਕੁਆਰੰਟਾਈਨ

PunjabKesari
ਲੱਖਾਂ ਦੀ ਗਿਣਤੀ 'ਚ ਲੁਧਿਆਣਾ ਸ਼ਹਿਰ ਅੰਦਰ ਰਹਿਣ ਵਾਲੀ ਲੇਬਰ ਹੁਣ ਮੁਸ਼ਕਲ ਹਾਲਾਤਾਂ 'ਚੋਂ ਲੰਘ ਰਹੀ ਹੈ ਕਿਉਂਕਿ ਫੈਕਟਰੀਆਂ ਬੰਦ ਹਨ ਅਤੇ ਕੰਮਕਾਰ ਪੂਰੀ ਤਰ੍ਹਾਂ ਠੱਪ ਹੈ, ਜਿਸ ਕਾਰਨ ਆਰਥਿਕ ਤੌਰ 'ਤੇ ਪਹਿਲਾਂ ਹੀ ਕਮਜ਼ੋਰ ਇਹ ਲੇਬਰ ਹੁਣ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੀ ਹੈ। ਇੱਥੇ ਇੱਕ-ਇੱਕ ਕਮਰੇ 'ਚ ਪੰਜ ਤੋਂ ਸੱਤ ਲੋਕ ਰਹਿੰਦੇ ਹਨ ਅਤੇ ਕਮਰਾ ਮਹਿਜ਼ ਅੱਠ ਫੁੱਟ ਚੌੜਾ, ਅੱਠ ਫੁੱਟ ਲੰਬਾ ਹੈ, ਜਿਸ 'ਚ ਸੋਸ਼ਲ ਡਿਸਟੈਂਸਿੰਗ ਕਰਨੀ ਤਾਂ ਮਹਿਜ਼ ਇੱਕ ਮਜ਼ਾਕ ਹੀ ਲੱਗਦਾ ਹੈ। ਜਦੋਂ 'ਜਗਬਾਣੀ' ਦੀ ਟੀਮ ਵਲੋਂ ਕੰਗਨਵਾਲ ਇਲਾਕੇ ਦਾ ਦੌਰਾ ਕੀਤਾ ਗਿਆ ਤਾਂ ਇਸ ਦੌਰਾਨ ਦਿਹਾੜੀਦਾਰਾਂ ਨੇ ਦੱਸਿਆ ਕਿ ਕਿਵੇਂ ਉਹ ਜੇਲ੍ਹ ਵਰਗੀ ਜ਼ਿੰਦਗੀ ਬਤੀਤ ਕਰਨ ਨੂੰ ਮਜਬੂਰ ਹੋ ਰਹੇ ਨੇ ਹਨ। ਆਪਣਾ ਦਰਦ ਬਿਆਨ ਕਰਦਿਆਂ ਇਨ੍ਹਾਂ ਲੋਕਾਂ ਨੇ ਦੱਸਿਆ ਕਿ ਜਿੱਥੇ ਉਹ ਕੰਮ ਕਰਦੇ ਸਨ, ਉਹ ਫੈਕਟਰੀਆਂ ਬੰਦ ਹੋ ਚੁੱਕੀਆਂ ਹਨ ਅਤੇ ਹੁਣ ਉਨ੍ਹਾਂ ਨੂੰ ਨਾ ਤਾਂ ਤਨਖਾਹ ਮਿਲ ਰਹੀ ਹੈ ਅਤੇ ਨਾ ਹੀ ਉਹ ਵਾਪਸ ਆਪਣੇ ਸੂਬੇ 'ਚ ਪਰਤ ਸਕਦੇ ਹਨ ਕਿਉਂਕਿ ਟਰੇਨਾਂ ਜਾਂ ਬੱਸਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੈ।

ਇਹ ਵੀ ਪੜ੍ਹੋ : ਵੱਡੀ ਖਬਰ : ਕੋਰੋਨਾ ਦੇ ਗੜ੍ਹ ਬਣੇ ਮੋਹਾਲੀ 'ਚ ਨਵਾਂ ਕੇਸ, ਜ਼ਿਲੇ 'ਚ 37 ਹੋਈ ਮਰੀਜ਼ਾਂ ਦੀ ਗਿਣਤੀ

PunjabKesari

ਕੰਗਨਵਾਲ ਇਲਾਕਾ ਯੂ. ਪੀ. ਜਾਂ ਬਿਹਾਰ ਦੇ ਕਿਸੇ ਪਿੰਡ ਵਰਗਾ ਹੀ ਵਿਖਾਈ ਦਿੰਦਾ ਹੈ, ਜਿੱਥੇ ਵੱਡੀ ਗਿਣਤੀ 'ਚ ਲੋਕ ਰਹਿੰਦੇ ਹਨ। ਸੋਚਣ ਵਾਲੀ ਗੱਲ ਹੈ ਕਿ ਵੱਡੇ-ਵੱਡੇ ਦਾਅਵੇ ਕਰਨ ਵਾਲਾ ਪ੍ਰਸ਼ਾਸਨ ਇੱਥੇ ਆ ਕੇ ਫੇਲ੍ਹ ਹੋ ਜਾਂਦਾ ਹੈ ਕਿਉਂਕਿ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਇਹ ਜਾਪਦਾ ਹੈ ਕਿ ਪ੍ਰਸ਼ਾਸਨ ਦੀ ਜਿਵੇਂ ਇਸ ਇਲਾਕੇ ਤੱਕ ਪਹੁੰਚ ਹੀ ਨਾ ਹੋਈ ਹੋਵੇ। ਦੂਜੇ ਪਾਸੇ ਸਮਾਜ ਸੇਵੀ ਸੰਸਥਾਵਾਂ ਜੋ ਆਪਣੇ ਵੱਲੋਂ ਇਨ੍ਹਾਂ ਮਜ਼ਦੂਰਾਂ ਦੀ ਸੇਵਾ ਕਰਦੀਆਂ ਹਨ ਅਤੇ ਉਹ ਖੁਦ ਵੀ ਪਰਵਾਸੀ ਮਜ਼ਦੂਰ ਹੀ ਹਨ, ਉਨ੍ਹਾਂ ਨੇ ਦੱਸਿਆ ਕਿ ਕਿਵੇਂ ਇੱਥੇ ਹਾਲਾਤ ਬਦ ਤੋਂ ਬਦਤਰ ਹਨ। ਉਧਰ ਮੁੱਖ ਮੰਤਰੀ ਪੰਜਾਬ ਦੇ ਮੁੱਖ ਸਲਾਹਕਾਰ ਸੰਦੀਪ ਸੰਧੂ ਨੇ ਕਿਹਾ ਹੈ ਕਿ ਜੇਕਰ ਕੋਈ ਇਲਾਕਾ ਮਦਦ ਤੋਂ ਬਿਨਾਂ ਰਹਿ ਗਿਆ ਹੈ ਤਾਂ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ, ਜਿਸ ਤੋਂ ਬਾਅਦ ਉਹ ਉਸ ਇਲਾਕੇ ਤੱਕ ਜ਼ਰੂਰ ਮਦਦ ਪਹੁੰਚਾਉਣਗੇ।
ਇਹ ਵੀ ਪੜ੍ਹੋ : ਕੋਰੋਨਾ ਟੈਸਟ ਨੈਗੇਟਿਵ ਆਉਣ ਤੋਂ ਬਾਅਦ ਲੋਕਾਂ ਨਾਲ ਕੀ ਹੁੰਦੈ, ਰਵਨੀਤ ਬਿੱਟੂ ਨੇ ਖੋਲ੍ਹਿਆ ਭੇਤ

PunjabKesari


author

Babita

Content Editor

Related News