ਲੁਧਿਆਣਾ ਜੇਲ ਕਾਂਡ ਤੋਂ ਬਾਅਦ 2 ਘੰਟਿਆਂ ਲਈ ਖੁੱਲ੍ਹੀ ਜੇਲ ਬੰਦੀ, 400 ਮੁਲਾਕਾਤੀ ਪੁੱਜੇ

07/02/2019 9:44:11 AM

ਲੁਧਿਆਣਾ (ਸਿਆਲ) : ਕੇਂਦਰੀ ਜੇਲ ਵਿਚ ਬੀਤੇ ਦਿਨੀਂ ਹੋਏ ਹਿੰਸਕ ਹੰਗਾਮਾ ਅਤੇ ਗੋਲੀ ਕਾਂਡ ਤੋਂ ਜੇਲ ਪ੍ਰਸ਼ਾਸਨ ਹਾਲੇ ਪੂਰੀ ਤਰ੍ਹਾਂ ਉੱਭਰ ਨਹੀਂ ਸਕਿਆ। 96 ਘੰਟੇ ਬੀਤਣ ਤੋਂ ਬਾਅਦ ਕੈਦੀਆਂ-ਹਵਾਲਾਤੀਆਂ ਦੀ ਬੰਦੀ 2 ਘੰਟਿਆਂ ਲਈ ਖੋਲ੍ਹੀ ਗਈ। ਹਾਲਾਤ ਦੇਖ ਕੇ ਅੱਜ ਸ਼ਾਮ ਨੂੰ ਵੀ ਬੰਦੀ ਖੁੱਲ੍ਹ ਸਕਦੀ ਹੈ।

PunjabKesari

ਜੇਲ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਨੇ ਦੱਸਿਆ ਕਿ 27 ਜੂਨ ਨੂੰ ਵਿਦਰੋਹ ਵਿਚ ਸ਼ਾਮਲ ਹੋਣ ਦੇ ਦੋਸ਼ੀ 2 ਗੈਂਗਸਟਰਾਂ ਹਰਵਿੰਦਰ ਸਿੰਘ ਅਤੇ ਭੁਪਿੰਦਰ ਨੂੰ ਨਾਭਾ ਅਤੇ ਰੋਪੜ ਜੇਲ ਵਿਚ ਚਲਾਨ ਪਾ ਕੇ ਭੇਜਿਆ ਗਿਆ। ਇਨ੍ਹਾਂ ਦੇ ਚਲਾਨ ਦੇ ਹੁਕਮ ਏ. ਡੀ. ਜੀ. ਪੀ. (ਜੇਲ) ਨੂੰ ਮਿਲਣ ਉਪਰੰਤ ਹੀ ਜੇਲ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਲੰਬੇ ਸਮੇਂ ਦੀ ਬੰਦੀ 'ਚ ਕੈਦੀਆਂ ਅਤੇ ਹਵਾਲਾਤੀਆਂ ਨੂੰ ਇਸ ਅੱਤ ਦੀ ਗਰਮੀ ਨੇ ਨਿਚੋੜ ਕੇ ਰੱਖ ਦਿੱਤਾ। ਪੀਣ ਵਾਲਾ ਪਾਣੀ ਉਪਲਬਧ ਨਾ ਹੋਣ ਕਾਰਨ ਅਤੇ ਬਿਜਲੀ ਦੀ ਸਪਲਾਈ ਕਾਫੀ ਸਮੇਂ ਤੱਕ ਠੱਪ ਰਹਿਣ ਅਤੇ ਤਪਦੇ ਸੂਰਜ ਦੀ ਗਰਮੀ ਨੇ ਜਿਉੂਣਾ ਮੁਹਾਲ ਕਰ ਦਿੱਤਾ ਸੀ।

ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਟੀਮ ਵਿਚ ਸ਼ਾਮਲ 'ਓਕੂ' (ਆਰਗੇਨਾਈਜ਼ ਕ੍ਰਾਈਮ ਕੰਟਰੋਲ ਯੂਨਿਟ) ਦੇ ਏ. ਆਈ. ਜੀ. ਗੁਰਮੀਤ ਸਿੰਘ ਚੌਹਾਨ ਸੋਮਵਾਰ ਨੂੰ ਸੈਂਟਰਲ ਜੇਲ ਪੁੱਜੇ। ਇਸ ਉਪਰੰਤ ਹਾਈ ਸਕਿਓਰਿਟੀ ਜ਼ੋਨ ਵਿਚ ਗਏ, ਜਿਥੇ 21 ਦੇ ਲਗਭਗ ਗੈਂਗਸਟਰਾਂ ਦੇ ਵੱਖ-ਵੱਖ ਗਰੁੱਪ ਬੰਦ ਹਨ। ਉਥੇ ਜਾ ਕੇ ਉਨ੍ਹਾਂ ਨੇ ਹਰੇਕ ਗੈਂਗਸਟਰ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀ ਮਾਨਸਿਕਤਾ ਨੂੰ ਭਾਂਪਿਆ ਅਤੇ ਕਈ ਪ੍ਰਸ਼ਨ ਵੀ ਉਨ੍ਹਾਂ ਤੋਂ ਪੁੱਛੇ ਗਏ। ਏ. ਆਈ. ਜੀ. ਲਗਭਗ ਹਾਈ ਸਕਿਓਰਿਟੀ ਜ਼ੋਨ ਵਿਚ 2 ਘੰਟਿਆਂ ਤੱਕ ਰਹੇ।

ਮੁਲਾਕਾਤੀ ਹੁੰਦੇ ਰਹੇ ਪ੍ਰੇਸ਼ਾਨ :
ਅੱਜ 96 ਘੰਟਿਆਂ ਬਾਅਦ ਜੇਲ ਵਿਚ ਮੁਲਾਕਾਤ ਕਰਨ ਵਾਲੇ ਰਿਸ਼ਤੇਦਾਰ ਸਵੇਰੇ ਤੋਂ ਹੀ ਜੇਲ ਪੁੱਜਣੇ ਸ਼ੁਰੂ ਹੋ ਗਏ ਸਨ ਪਰ ਕੰਪਿਊਟਰ 'ਤੇ ਆਪਣਾ ਨਾਂ ਦਰਜ ਕਰਵਾਉਣ ਲਈ ਲੰਬੀਆਂ ਲਾਈਨਾਂ ਵਿਚ ਖੜ੍ਹੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸਨ ਜਿਸ ਕਾਰਨ ਕਈ ਮੁਲਾਕਾਤੀ ਆਪਸ ਵਿਚ ਉਲਝਦੇ ਵੀ ਰਹੇ, ਕਿਉਂਕਿ ਜਿਸ ਸਥਾਨ 'ਤੇ ਮੁਲਾਕਾਤੀਆਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਸੀ ਉਥੇ ਧੁੱਪ ਵਿਚ ਖੜਨਾ ਬੇਹਾਲ ਹੋ ਰੱਖਿਆ ਸੀ। ਉਸ ਦੇ ਉੱਪਰ ਧੁੱਪ ਨੂੰ ਰੋਕਣ ਲਈ ਕਿਸੇ ਤਰ੍ਹਾਂ ਦੀ ਪਲਾਸਟਿਕ ਦੀਆਂ ਚਾਦਰਾਂ ਨਹੀਂ ਪਾਈਆਂ ਸਨ ਅਤੇ ਜੇਲ ਕੰਟੀਨ ਵਿਚੋਂ ਸਾਮਾਨ ਦੀ ਖਰੀਦਦਾਰੀ ਕਰਨ ਵਾਲਿਆਂ ਦੀ ਭਾਰੀ ਭੀੜ ਸੀ।

ਹੋਰ ਗੈਂਗਸਟਰਾਂ ਦਾ ਵੀ ਦੂਜੀਆਂ ਜੇਲਾਂ 'ਚ ਪੈ ਸਕਦਾ ਹੈ ਚਲਾਨ :
ਜਾਣਕਾਰੀ ਅਨੁਸਾਰ ਜੇਲ ਪ੍ਰਸ਼ਾਸਨ 4 ਦਿਨ ਪਹਿਲਾਂ ਹੋਈ ਘਟਨਾ ਦਾ ਵੱਖ–ਵੱਖ ਕੋਨਿਆਂ ਤੋਂ ਜਾਂਚ ਕਰ ਰਿਹਾ ਹੈ। ਇਸੇ ਕੜੀ ਵਿਚ ਜਿਨ੍ਹਾਂ ਵੱਡੇ ਗੈਂਗਸਟਰਾਂ 'ਤੇ ਇਸ ਵਿਦਰੋਹ ਨੂੰ ਹਵਾ ਦੇਣ ਦੇ ਸ਼ਾਮਲ ਹੋਣ ਦੀ ਸੂਚਨਾ ਹੈ। ਉਨ੍ਹਾਂ 'ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਤਹਿਤ ਉਨ੍ਹਾਂ ਦੇ ਚਲਾਨ ਕੱਟ ਕੇ ਦੂਜੇ ਜ਼ਿਲਿਆਂ ਦੀਆਂ ਜੇਲਾਂ 'ਚ ਭੇਜੇ ਜਾਣ ਦੀ ਸੰਭਾਵਨਾ ਹੈ।


cherry

Content Editor

Related News