ਲੁਧਿਆਣਾ ਹਾਦਸਾ : ਅੱਖਾਂ ਅੱਗੇ ਘੁੰਮਦੀ ਮੌਤ ਦੇਖ ਦਿਲ ''ਤੇ ਕੀ ਬੀਤੀ, ਮੁਹੰਮਦ ਨੇ ਸੁਣਾਈ ਦਾਸਤਾਨ (ਤਸਵੀਰਾਂ)
Tuesday, Apr 06, 2021 - 11:33 AM (IST)
ਲੁਧਿਆਣਾ (ਰਾਜ) : ਇੱਥੇ ਬੀਤੇ ਦਿਨ ਵਾਪਰੇ ਹਾਦਸੇ ਮਗਰੋਂ ਈ. ਐੱਸ. ਆਈ. ਹਸਪਤਾਲ ’ਚ ਇਲਾਜ ਲਈ ਦਾਖ਼ਲ ਮੁਹੰਮਦ ਅਫ਼ਸਰ ਨੇ ਜ਼ਿੰਦਗੀ ਅਤੇ ਮੌਤ ਦੇ ਵਿਚ ਦੀ ਦਾਸਤਾਨ ਸੁਣਾਈ। ਮੁਹੰਮਦ ਅਫ਼ਸਰ ਨੇ ਦੱਸਿਆ ਕਿ ਕਿਵੇਂ ਉਸ ਨੇ 2 ਘੰਟੇ ਦੀ ਜੱਦੋ-ਜਹਿਦ ਕਰ ਕੇ ਮੌਤ ’ਤੇ ਜਿੱਤ ਹਾਸਲ ਕੀਤੀ। ਮੁਹੰਮਦ ਅਫ਼ਸਰ ਦਾ ਕਹਿਣਾ ਹੈ ਕਿ ਉਹ ਅਤੇ ਉਸ ਦਾ ਭਰਾ ਮੁਹੰਮਦ ਰਿਆਨ ਪਿਛਲੇ ਕਈ ਸਾਲਾਂ ਤੋਂ ਠੇਕੇਦਾਰ ਮੁਹੰਮਦ ਹਰੂਨ ਨਾਲ ਲੈਂਟਰ ਚੁੱਕਣ ਦਾ ਕੰਮ ਕਰਦੇ ਹਨ। ਮੁਹੰਮਦ ਅਫ਼ਸਰ (32) ਨੇ ਦੱਸਿਆ ਕਿ ਉਹ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਵਿਆਹਿਆ ਹੋਇਆ ਹੈ। ਉਸ ਦੇ ਦੋ ਬੱਚੇ ਹਨ, ਜੋ ਕਿ ਪਿੰਡ ਵਿਚ ਰਹਿੰਦੇ ਹਨ।
ਇਹ ਵੀ ਪੜ੍ਹੋ : ਵੱਡਾ ਖ਼ੁਲਾਸਾ : ਟਿੱਕਰੀ ਸਰਹੱਦ 'ਤੇ ਭਾਬੀ ਦੇ ਇਸ਼ਕ ਨੇ ਕਤਲ ਕਰਵਾਇਆ 'ਕਿਸਾਨ', ਜਗ-ਜ਼ਾਹਰ ਹੋਈ ਕਰਤੂਤ
ਅਫ਼ਸਰ ਦਾ ਕਹਿਣਾ ਹੈ ਕਿ ਸਵੇਰੇ 9 ਵਜੇ ਲੈਂਟਰ ਚੁੱਕਣ ਦਾ ਕੰਮ ਖ਼ਤਮ ਹੋ ਚੁੱਕਾ ਸੀ। ਹੁਣ ਬਸ ਸਭ ਜਾਣ ਦੀ ਤਿਆਰੀ ਕਰ ਰਹੇ ਸਨ। ਇਕਦਮ ਧਮਾਕੇ ਨਾਲ ਲੈਂਟਰ ਡਿੱਗ ਗਿਆ। ਬਾਕੀਆਂ ਵਾਂਗ ਉਹ ਵੀ ਮਲਬੇ ਦੇ ਥੱਲੇ ਦੱਬ ਗਿਆ ਪਰ ਉਸ ਦੇ ਸਿਰ ’ਤੇ ਕੋਈ ਮਲਬਾ ਨਹੀਂ ਡਿੱਗਿਆ। ਸਿਰਫ ਮਲਬੇ ਦਾ ਪਹਾੜ ਉਸ ਦੇ ਪੈਰਾਂ ’ਤੇ ਡਿਗਿਆ ਹੋਇਆ ਸੀ। ਜਿੱਥੇ ਉਹ ਡਿੱਗਾ ਸੀ, ਉਸ ਦੇ ਆਸ-ਪਾਸ ਕੁਝ ਖਾਲੀ ਜਗ੍ਹਾ ਸੀ, ਜਿਸ ਕਾਰਣ ਸਾਹ ਲੈਣ ਵਿਚ ਕੋਈ ਮੁਸ਼ਕਲ ਨਹੀਂ ਹੋਈ। ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਉਸ ਨੇ ਰੌਲਾ ਪਾਉਣ ਦਾ ਯਤਨ ਕੀਤਾ ਪਰ ਉਸ ਦੀ ਆਵਾਜ਼ ਨਹੀਂ ਨਿਕਲ ਰਹੀ ਸੀ। ਮੁਹੰਮਦ ਅਫ਼ਸਰ ਦਾ ਕਹਿਣਾ ਹੈ ਕਿ ਉਸ ਨੇ ਜੇਬ ’ਚ ਹੱਥ ਮਾਰਿਆ ਤਾਂ ਮੋਬਾਇਲ ਉਸ ਦੀ ਜੇਬ ਵਿਚ ਸੀ। ਇਸ ਲਈ ਉਸ ਨੇ ਸਭ ਤੋਂ ਪਹਿਲਾਂ ਆਪਣੇ ਦੋਸਤ ਮੁਹੰਮਦ ਆਜ਼ਮ ਨੂੰ ਕਾਲ ਕੀਤੀ ਅਤੇ ਘਟਨਾ ਸਬੰਧੀ ਦੱਸਿਆ ਕਿ ਉਸ ਨੂੰ ਆ ਕੇ ਬਚਾ ਲਓ। ਅਫ਼ਸਰ ਮੁਤਾਬਕ ਉਸ ਦੀਆਂ ਅੱਖਾਂ ਅੱਗੇ ਮੌਤ ਘੁੰਮ ਰਹੀ ਸੀ। ਉਸ ਨੂੰ ਲੱਗ ਰਿਹਾ ਸੀ ਕਿ ਅੱਜ ਉਸ ਦੀ ਮੌਤ ਯਕੀਨੀ ਹੈ।
ਜਦੋਂ ਤੱਕ ਉਹ ਅੰਦਰ ਸੀ, ਉਸ ਨੂੰ ਕੋਈ ਬਚਾਉਣ ਨਹੀਂ ਆਇਆ। ਇਸ ਦੌਰਾਨ ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਸ ਦਾ ਭਰਾ ਰਿਆਨ ਕਿੱਥੇ ਹੈ, ਜ਼ਿੰਦਾ ਵੀ ਹੈ ਜਾਂ ਮਰ ਗਿਆ। ਇਕ ਘੰਟੇ ਬਾਅਦ ਮਲਬੇ ਵਿਚ ਦੱਬੇ ਲੋਕਾਂ ਨੂੰ ਲੱਭਦੇ ਹੋਏ ਇਕ ਵਿਅਕਤੀ ਉਸ ਦੇ ਉੱਪਰ ਡਿੱਗੇ ਮਲਬੇ ਕੋਲ ਆਇਆ ਤਾਂ ਉਸ ਨੇ ਉਸ ਨੂੰ ਕਹਿ ਕੇ ਪਾਣੀ ਮੰਗਿਆ। ਉਸ ਵਿਅਕਤੀ ਉਸ ਨੂੰ ਪਾਣੀ ਦੇ ਕੇ ਗਿਆ ਪਰ ਉਸ ਦੇ ਪੈਰ ਦੱਬੇ ਹੋਏ ਸਨ। ਇਸ ਲਈ ਉਹ ਬਾਹਰ ਨਹੀਂ ਨਿਕਲ ਸਕਿਆ। ਉਕਤ ਵਿਅਕਤੀ ਉਸ ਨੂੰ ਬਾਹਰ ਕੱਢਣ ਦਾ ਭਰੋਸਾ ਦੇ ਕੇ ਚਲਾ ਗਿਆ। ਇਸ ਦੌਰਾਨ ਉਸ ਨੂੰ ਆਪਣੇ ਬੱਚਿਆਂ ਦੀ ਯਾਦ ਆਉਣ ਲੱਗੀ ਅਤੇ ਉਨ੍ਹਾਂ ਦੇ ਚਿਹਰੇ ਸਾਹਮਣੇ ਘੁੰਮਣ ਲੱਗ ਗਏ। ਫਿਰ ਉਸ ਵਿਚ ਇਕਦਮ ਮੌਤ ਨਾਲ ਲੜਨ ਦੀ ਤਾਕਤ ਪੈਦਾ ਹੋਈ। ਉਸ ਨੇ ਆਸ-ਪਾਸ ਹੱਥ ਮਾਰਨੇ ਸ਼ੁਰੂ ਕੀਤੇ ਤਾਂ ਲੈਂਟਰ ਚੁੱਕਣ ਵਾਲਾ ਇਕ ਜੈੱਕ ਉਸ ਦੇ ਹੱਥ ਲੱਗ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੂੰ ਵੱਡਾ ਝਟਕਾ, 'ਹਵਾਰਾ ਮਾਮਲੇ' 'ਚ ਅਦਾਲਤ ਨੇ ਖਾਰਜ ਕੀਤੀ ਇਹ ਅਪੀਲ
ਫਿਰ ਉਸ ਜੈੱਕ ਨੂੰ ਕਿਸੇ ਤਰ੍ਹਾਂ ਪੈਰ ’ਤੇ ਡਿੱਗੇ ਮਲਬੇ ਦੇ ਥੱਲੇ ਕਰ ਕੇ ਮਲਬੇ ਨੂੰ ਕੁੱਝ ਉੱਪਰ ਚੁੱਕਿਆ ਅਤੇ ਆਪਣਾ ਪੈਰ ਮੁਕਤ ਕੀਤਾ। ਇਸ ਦੌਰਾਨ ਉਸ ਦਾ ਦੋਸਤ ਵੀ ਉਥੇ ਪੁੱਜ ਗਿਆ ਸੀ। ਉਸ ਨੇ ਪੁੱਜ ਕੇ ਉਸ ਨੂੰ ਕਾਲ ਕੀਤੀ ਅਤੇ ਲੱਭਦੇ ਹੋਏ ਮਲਬੇ ਕੋਲ ਪੁੱਜ ਗਿਆ। ਫਿਰ ਉਸ ਨੇ ਜੈੱਕ ਨਾਲ ਮਲਬੇ ਨੂੰ ਹੋਰ ਚੁੱਕਿਆ ਅਤੇ ਦੋਸਤ ਦੇ ਹੱਥ ਦੀ ਮਦਦ ਨਾਲ ਖ਼ੁਦ ਬਾਹਰ ਨਿਕਲ ਆਇਆ। ਇਸ ਤੋਂ ਬਾਅਦ ਉਸ ਨੇ ਦੋਸਤ ਨੂੰ ਕਿਹਾ ਕਿ ਉਹ ਉਸ ਦੇ ਭਰਾ ਨੂੰ ਲੱਭੇ। ਫਿਰ ਲੋਕਾਂ ਦੀ ਮਦਦ ਨਾਲ ਭਰਾ ਮੁਹੰਮਦ ਰਿਆਨ ਨੂੰ ਬਾਹਰ ਕੱਢਿਆ ਗਿਆ ਪਰ ਹਾਦਸੇ ਵਿਚ ਉਸ ਦੀ ਬਾਂਹ ਅਤੇ ਲੱਤ ਟੁੱਟ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਦੋਵਾਂ ਨੂੰ ਐਂਬੂਲੈਂਸ ਵਿਚ ਪਾ ਕੇ ਇਲਾਜ ਲਈ ਹਸਪਤਾਲ ਭੇਜਿਆ ਗਿਆ।
5 ਲੋਕਾਂ ਦੀ ਮੌਤ
ਇਸ ਹਾਦਸੇ ਦੌਰਾਨ ਮਲਬੇ ਹੇਠਾਂ ਦੱਬਣ ਕਾਰਨ 5 ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਮਰਨ ਵਾਲਿਆਂ 'ਚ ਮਜ਼ਦੂਰ ਮੁਹੰਮਦ ਮੁਸਤਕੀਨ, ਖੁਰਸ਼ੀਦ, ਪੀਚੂ, ਸ਼ਮਸੁਬ ਅਤੇ ਫੈਕਟਰ ਵਰਕਰ ਸਾਗਰ ਸ਼ਾਮਲ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਲੁਧਿਆਣਾ ਦੇ ਡਾਬਾ ਰੋਡ ਸਥਿਤ ਬਾਬਾ ਮੁਕੰਦ ਸਿੰਘ ਨਗਰ ਵਿਚ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦਿੱਤੇ।
ਨੋਟ : ਲੁਧਿਆਣਾ 'ਚ ਲੈਂਟਰ ਡਿਗਣ ਕਾਰਨ ਵਾਪਰੇ ਹਾਦਸੇ ਬਾਰੇ ਦਿਓ ਆਪਣੀ ਰਾਏ